ਪੰਜਾਬੀ ਯੂਨੀਵਰਸਿਟੀ ਦੇ ਰਜਿਸਟਰਾਰ ਦੀ ਛੁੱਟੀ

06/27/2017 12:46:58 AM

ਵਾਈਸ ਚਾਂਸਲਰ ਵੱਲੋਂ ਆਪ ਹੀ ਨਿਯੁਕਤ ਕੀਤੇ ਰਜਿਸਟਰਾਰ ਦਾ ਅਸਤੀਫ਼ਾ ਪ੍ਰਵਾਨ
ਪਟਿਆਲਾ(ਜੋਸਨ, ਰਾਜੇਸ਼)-ਪੰਜਾਬ ਸਰਕਾਰ ਦੇ ਐਜੂਕੇਸ਼ਨਲ ਸੈਕਟਰੀ ਅਤੇ ਪੰਜਾਬੀ ਯੂਨੀਵਰਸਿਟੀ ਦੇ ਕਾਰਜਕਾਰੀ ਵਾਈਸ ਚਾਂਸਲਰ ਅਨੁਰਾਗ ਵਰਮਾ ਨੇ ਕੁਝ ਸਮਾਂ ਪਹਿਲਾਂ ਹੀ ਨਿਯੁਕਤ ਕੀਤੇ ਗਏ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਇੰਦਰਜੀਤ ਸਿੰਘ ਦਾ ਕੰਮਕਾਰ ਤਸੱਲੀਬਖਸ਼ ਨਾ ਹੋਣ ਕਾਰਨ ਛੁੱਟੀ ਕਰ ਦਿੱਤੀ ਹੈ। ਵਾਈਸ ਚਾਂਸਲਰ ਅਨੁਰਾਗ ਵਰਮਾ ਨੇ ਆਉਂਦੇ ਹੀ ਯੂਨੀਵਰਸਿਟੀ ਦੇ ਉਸ ਸਮੇਂ ਦੇ ਰਜਿਸਟਰਾਰ ਡਾ. ਦਵਿੰਦਰ ਸਿੰਘ ਦੀ ਛੁੱਟੀ ਕਰ ਕੇ ਡਾ. ਇੰਦਰਜੀਤ ਸਿੰਘ ਨੂੰ ਰਜਿਸਟਰਾਰ ਲਾਇਆ ਸੀ। ਉਨ੍ਹਾਂ ਮੈਰਿਟ ਦੇ ਆਧਾਰ 'ਤੇ ਹੀ ਇਹ ਨਿਯੁਕਤੀ ਕੀਤੀ ਸੀ ਪਰ ਜਦੋਂ ਕੰਮਕਾਰ ਤਸੱਲੀਬਖਸ਼ ਨਾ ਜਾਪਿਆ ਤਾਂ ਉਨ੍ਹਾਂ ਡਾ. ਇੰਦਰਜੀਤ ਦੀ ਛੁੱਟੀ ਕਰਨ ਲਈ ਵੀ ਸਮਾਂ ਨਹੀਂ ਲਾਇਆ। ਜ਼ਿਕਰਯੋਗ ਹੈ ਕਿ ਅਨੁਰਾਗ ਵਰਮਾ ਯੂਨੀਵਰਸਿਟੀ ਨੂੰ ਪਾਰਦਰਸ਼ੀ ਅਤੇ ਸਾਫ਼-ਸੁਥਰੇ ਢੰਗ ਨਾਲ ਚਲਾਉਣਾ ਚਾਹੁੰਦੇ ਹਨ। ਹੁਕਮ ਅਦੂਲੀ ਕਰਨ ਵਾਲੇ ਅਤੇ ਪੰਜਾਬੀ ਯੂਨੀਵਰਸਿਟੀ ਦੇ ਹਿਤ ਵਿਚ ਨਾ ਖੜ੍ਹਨ ਵਾਲੇ ਅਧਿਕਾਰੀ ਦੀ ਉਨ੍ਹਾਂ ਕਦੇ ਪ੍ਰਵਾਹ ਨਹੀਂ ਕੀਤੀ। ਰਜਿਸਟਰਾਰ ਨੇ ਉਨ੍ਹਾਂ 'ਤੇ ਦਬਾਅ ਬਣਾਉਣ ਲਈ ਆਪਣਾ ਅਸਤੀਫ਼ਾ ਭੇਜਿਆ ਸੀ ਪਰ ਅਨੁਰਾਗ ਵਰਮਾ ਨੇ ਤੁਰੰਤ ਪ੍ਰਵਾਨ ਕਰ ਕੇ ਰਜਿਸਟਰਾਰ ਦੀ ਛੁੱਟੀ ਕਰ ਦਿੱਤੀ ਹੈ। ਵਾਈਸ ਚਾਂਸਲਰ ਨੇ ਵਿੱਤੀ ਸੰਕਟ ਕਾਰਨ ਸਭ ਤੋਂ ਪਹਿਲਾਂ 10000 ਰੁਪਏ ਤੋਂ ਵੱਧ ਦੇ ਖਰਚਿਆਂ 'ਤੇ ਪਾਬੰਦੀ ਲਾ ਦਿੱਤੀ ਸੀ। ਇਸ ਤੋਂ ਬਾਅਦ ਉਨ੍ਹਾਂ 1000 ਰੁਪਏ ਤੱਕ ਦੇ ਖਰਚੇ ਵੀ ਆਨਲਾਈਨ ਪਾਉਣ ਦੇ ਹੁਕਮ ਦਿੱਤੇ ਸਨ ਤਾਂ ਜੋ ਇਹ ਪਤਾ ਲੱਗ ਸਕੇ ਕਿ ਯੂਨੀਵਰਸਿਟੀ ਸਹੀ ਦਿਸ਼ਾ ਵਿਚ ਕੰਮ ਕਰ ਰਹੀ ਹੈ।


Related News