ਸੂਬੇ ਦੀ ਮਾਲੀ ਹਾਲਤ ਮਾੜੀ ਹੋਣ ਦੇ ਬਾਵਜੂਦ ਪੀ. ਡਬਲਿਊ. ਡੀ. ਮਹਿਕਮੇ ਲਈ 875 ਕਰੋੜ ਰੁਪਏ ਮਨਜ਼ੂਰ ਕਰਵਾਏ

06/26/2017 6:27:24 AM

ਮਾਲੇਰਕੋਟਲਾ  (ਮਹਿਬੂਬ) - ਆਮ ਤੌਰ 'ਤੇ ਇਹ ਗੱਲ ਕਹੀ ਜਾਂਦੀ ਹੈ ਕਿ 3 ਮਹੀਨਿਆਂ ਵਿਚ ਪੰਜਾਬ ਸਰਕਾਰ ਨੇ ਆਪਣੇ ਵਾਅਦੇ ਤਾਂ ਪੂਰੇ ਨਹੀਂ ਕੀਤੇ ਪਰ ਵਾਅਦਿਆਂ ਨਾਲ ਖਿਲਵਾੜ ਜ਼ਰੂਰ ਕੀਤਾ ਹੈ ਪਰ ਜਦੋਂ ਪੰਜਾਬ ਸਰਕਾਰ ਦੇ ਮੰਤਰੀਆਂ ਦੀ ਕਾਰਗੁਜ਼ਾਰੀ 'ਤੇ ਝਾਤ ਮਾਰਦੇ ਹਾਂ ਤਾਂ ਮਾਲੇਰਕੋਟਲਾ ਤੋਂ ਵਿਧਾਇਕਾ ਤੇ ਪੰਜਾਬ ਦੀ ਪੀ. ਡਬਲਿਊ. ਡੀ. (ਬੀ. ਐਂਡ.ਆਰ.) ਅਤੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਦੀ ਕਾਰਗੁਜ਼ਾਰੀ ਪੰਜਾਬ ਸਰਕਾਰ ਵਿਚ ਕਾਫੀ ਪ੍ਰਭਾਵਸ਼ਾਲੀ ਦਿਖਾਈ ਦਿੰਦੀ ਹੈ।
ਇਸ ਸਬੰਧੀ ਜਦੋਂ ਮੈਡਮ ਰਜ਼ੀਆ ਸੁਲਤਾਨਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਮਾਲੀ ਹਾਲਤ ਮਾੜੀ ਹੋਣ ਦੇ ਬਾਵਜੂਦ ਉਨ੍ਹਾਂ ਆਪਣੇ ਦੋਵਾਂ ਮਹਿਕਮਿਆਂ ਦੀ ਕਾਰਜਸ਼ੀਲਤਾ ਨੂੰ ਬੜੇ ਸੁਚੱਜੇ ਢੰਗ ਨਾਲ ਜਾਰੀ ਰੱਖਿਆ ਹੈ। ਪੰਜਾਬ ਸਰਕਾਰ ਦਾ ਪੀ. ਡਬਲਿਊ. ਡੀ. (ਬੀ. ਐਂਡ. ਆਰ) ਵਿਭਾਗ, ਜਿਸ ਬਾਰੇ ਇਹ ਗੱਲ ਪ੍ਰਸਿੱਧ ਹੈ ਕਿ ਕਮਿਸ਼ਨ ਤੋਂ ਬਗੈਰ ਚੱਲ ਹੀ ਨਹੀਂ ਸਕਦਾ, ਵਿਚ ਮੇਰੀ ਤਿੰਨ ਮਹੀਨਿਆਂ ਦੀ ਕਾਰਗੁਜ਼ਾਰੀ ਦੌਰਾਨ ਕਿਸੇ ਨੇ ਮੇਰੇ ਕਿਰਦਾਰ ਵੱਲ ਉਂਗਲ ਨਹੀਂ ਚੁੱਕੀ।
ਰਜ਼ੀਆ ਸੁਲਤਾਨਾ ਨੇ ਕਿਹਾ ਕਿ ਉਨ੍ਹਾਂ ਆਪਣੇ ਮਹਿਕਮਿਆਂ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਦੇ ਮਕਸਦ ਨਾਲ ਛੋਟੇ ਮੁਲਾਜ਼ਮ ਤੋਂ ਲੈ ਕੇ ਵੱਡੇ ਅਫਸਰਾਂ ਤੱਕ ਖੁਦ ਮੀਟਿੰਗਾਂ ਕੀਤੀਆਂ। ਬਦਨਾਮ ਰਹਿ ਚੁੱਕੇ ਪੀ. ਡਬਲਿਊ. ਡੀ. (ਬੀ. ਐਂਡ. ਆਰ) ਵਿਚ 3 ਮਹੀਨਿਆਂ 'ਚ ਕੁਰੱਪਸ਼ਨ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ। ਭਾਵੇਂ ਹੁਣ ਤੱਕ ਇਸ ਮਹਿਕਮੇ ਦਾ ਕੋਈ ਵੱਡਾ ਪ੍ਰਾਜੈਕਟ ਸ਼ੁਰੂ ਨਹੀਂ ਹੋ ਸਕਿਆ ਪਰ ਉਹ ਪੰਜਾਬ ਦੀ ਮਾਲੀ ਹਾਲਤ ਖਰਾਬ ਹੋਣ ਦੇ ਬਾਵਜੂਦ ਮਹਿਕਮੇ ਲਈ 875 ਕਰੋੜ ਰੁਪਏ ਮਨਜ਼ੂਰ ਕਰਵਾਉਣ ਵਿਚ ਕਾਮਯਾਬ ਹੋਏ ਹਨ।
ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੀ ਕਾਰਗੁਜ਼ਾਰੀ ਸਬੰਧੀ ਉਨ੍ਹਾਂ ਕਿਹਾ ਕਿ ਉਨ੍ਹਾਂ ਬਿਨਾਂ ਕਿਸੇ ਪੱਖਪਾਤ ਤੋਂ ਜਿੱਥੇ ਬਜ਼ੁਰਗਾਂ ਦੀਆਂ ਬੰਦ ਹੋਈਆਂ ਪੈਨਸ਼ਨਾਂ ਤੁਰੰਤ ਵੰਡਣ ਦੇ ਹੁਕਮ ਜਾਰੀ ਕੀਤੇ, ਉੱਥੇ ਹੀ ਪੰਜਾਬ ਕੈਬਨਿਟ ਵਿਚ ਇਨ੍ਹਾਂ ਪੈਨਸ਼ਨਾਂ ਦੀ ਰਕਮ 500 ਦੀ ਥਾਂ 'ਤੇ 750 ਰੁਪਏ ਕਰਨ ਦੇ ਫੈਸਲੇ 'ਤੇ ਮੋਹਰ ਲਵਾਈ। ਸ਼ਗਨ ਸਕੀਮ ਦੀ ਰਾਸ਼ੀ 15 ਹਜ਼ਾਰ ਦੀ ਜਗ੍ਹਾ 'ਤੇ 21 ਹਜ਼ਾਰ ਰੁਪਏ ਕਰਨ ਅਤੇ ਇਸ ਦਾ ਨਾਂ ਮੁੱਖ ਮੰਤਰੀ ਆਸ਼ੀਰਵਾਦ ਸਕੀਮ ਕਰਨ 'ਤੇ ਵੀ ਕੈਬਨਿਟ ਤੋਂ ਮਨਜ਼ੂਰੀ ਲਈ। ਇਸ ਤੋਂ ਇਲਾਵਾ ਤੇਜ਼ਾਬ ਪੀੜਤ ਮਹਿਲਾਵਾਂ ਨੂੰ 8 ਹਜ਼ਾਰ ਪ੍ਰਤੀ ਮਹੀਨਾ ਪੈਨਸ਼ਨ ਦੇਣ ਦਾ ਇਤਿਹਾਸਿਕ ਫੈਸਲਾ ਕਰਵਾਇਆ। ਉਨ੍ਹਾਂ ਔਰਤਾਂ ਦੀ ਆਵਾਜ਼ ਬੁਲੰਦ ਕਰਦਿਆਂ ਪੰਚਾਇਤਾਂ, ਬਲਾਕ ਸੰਮਤੀ ਅਤੇ ਨਗਰ ਕੌਂਸਲਾਂ ਵਿਚ ਔਰਤਾਂ ਲਈ 50 ਫੀਸਦੀ ਹਿੱਸੇਦਾਰੀ ਦਾ ਵੱਡਾ ਫੈਸਲਾ ਲਾਗੂ ਕਰਵਾਇਆ।
ਮਾਲੇਰਕੋਟਲਾ ਹਲਕੇ ਲਈ ਉਨ੍ਹਾਂ ਆਪਣੇ ਪਿਛਲੇ ਕੰਮਾਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਪੰਜਾਬ ਉਰਦੂ ਅਕੈਡਮੀ ਦੀ ਸ਼ੁਰੂਆਤ ਉਸ ਨੇ ਕਰਵਾਈ ਸੀ। ਮੈਂ ਜਿੱਥੇ ਛੱਡ ਕੇ ਗਈ ਸੀ ਉਸ ਤੋਂ ਅੱਗੇ ਅਕਾਲੀ ਸਰਕਾਰ ਨੇ ਇਕ ਇੱਟ ਵੀ ਨਹੀਂ ਲਵਾਈ ਅਤੇ ਹੁਣ ਮੈਂ 3 ਕਰੋੜ ਰੁਪਏ ਨਾਲ ਇਹ ਕੰਮ ਦੁਬਾਰਾ ਸ਼ੁਰੂ ਕਰਵਾ ਰਹੀ ਹਾਂ। ਉਨ੍ਹਾਂ ਕਿਹਾ ਕਿ ਉਹ ਜਲਦ ਹੀ ਮਾਲੇਰਕੋਟਲਾ ਨੂੰ ਜ਼ਿਲਾ ਬਣਾ ਕੇ ਅਤੇ ਮੈਡੀਕਲ ਕਾਲਜ ਦੀ ਸਥਾਪਨਾ ਕਰ ਕੇ ਆਪਣੇ ਵਾਅਦੇ ਨੂੰ ਪੂਰਾ ਕਰਨਗੇ ।


Related News