ਕਿਸਾਨ ਜਥੇਬੰਦੀਆਂ ਅਕਾਲੀਆਂ ਦੇ ਝਾਂਸੇ ''ਚ ਆ ਕੇ ਪੰਜਾਬ ਦਾ ਮਾਹੌਲ ਖਰਾਬ ਨਾ ਕਰਨ : ਔਲਖ

09/22/2017 6:14:36 PM


ਕੋਟਕਪੂਰਾ  (ਨਰਿੰਦਰ) - ਸੀਨੀਅਰ ਕਾਂਗਰਸੀ ਆਗੂ ਅਤੇ ਆੜਤੀਆਂ ਐਸੋਸੀਏਸ਼ਨ ਜ਼ਿਲਾ ਫ਼ਰੀਦਕੋਟ ਦੇ ਪ੍ਰਧਾਨ ਊਧਮ ਸਿੰਘ ਔਲਖ ਨੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਅਕਾਲੀਆਂ ਦੇ ਝਾਂਸੇ 'ਚ ਆ ਕੇ ਪੰਜਾਬ ਦਾ ਮਾਹੌਲ ਖਰਾਬ ਨਾ ਕਰਨ ਕਿਉਂਕਿ ਅਕਾਲੀ ਆਗੂਆਂ ਨੇ ਸੱਤਾ ਦਾ ਆਨੰਦ ਮਾਣਦਿਆਂ ਕਿਸਾਨੀ ਮੁੱਦਿਆਂ, ਮੁਸ਼ਕਿਲਾਂ, ਸਮੱਸਿਆਵਾਂ ਅਤੇ ਮੰਗਾਂ ਵੱਲ ਧਿਆਨ ਦੇਣ ਦੀ ਜ਼ਰੂਰਤ ਹੀ ਨਹੀਂ ਸੀ ਸਮਝੀ ਪਰ ਹੁਣ ਕਿਸਾਨਾਂ ਨੂੰ ਉਕਸਾ ਕੇ ਗੰਦੀ ਰਾਜਨੀਤੀ ਖੇਡ ਰਹੇ ਹਨ।
ਉਨ੍ਹਾਂ ਯਾਦ ਕਰਾਇਆ ਕਿ ਸੱਤਾ 'ਚ ਹੁੰਦਿਆਂ ਸੁਖਬੀਰ ਸਿੰਘ ਬਾਦਲ ਨੇ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਨੂੰ ਨਸ਼ੇੜੀ ਅਤੇ ਵਿਹਲੜ ਆਖਿਆ ਸੀ ਜਦਕਿ ਬੀਬੀ ਜਗੀਰ ਕੋਰ ਨੇ 2.50 ਲੱਖ ਰੁਪਏ ਦੀ ਗਰਾਂਟ ਲੈਣ ਲਈ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕਰਨ ਦਾ ਮਜਾਕ ਉਡਾਇਆ ਸੀ। ਔਲਖ ਨੇ ਅਕਾਲੀਆਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਬਠਿੰਡਾ ਅਤੇ ਲੁਧਿਆਣਾ ਵਿਖੇ ਕਿਸਾਨ ਮੇਲਿਆਂ ਦੌਰਾਨ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਮੂਲੀਅਤ ਕਰਨ ਵਾਲੇ ਅਕਾਲੀ ਮੰਤਰੀਆਂ, ਅਕਾਲੀ ਵਿਧਾਇਕਾਂ ਅਤੇ ਲੀਡਰਾਂ ਨੇ ਉਸ ਸਮੇਂ ਉਕਤ ਸਮਾਗਮਾਂ 'ਚ ਸ਼ਿਰਕਤ ਕਿਉਂ ਨਾ ਕੀਤੀ, ਜਦੋਂ ਖਾਲੀ ਕੁਰਸੀਆਂ ਅਤੇ ਖਾਲੀ ਪੰਡਾਲਾਂ ਦੀਆਂ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ ਸਨ। ਸਮਾਜਸੇਵੀ ਊਧਮ ਸਿੰਘ ਔਲਖ ਨੇ ਸਮੂਹ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਕਿਸਾਨੀ ਮਸਲਿਆਂ ਨੂੰ ਲੈ ਕੇ ਟਕਰਾਅ ਦੀ ਬਜਾਏ ਉਸਾਰੂ ਰਣਨੀਤੀ ਤਿਆਰ ਕਰਨ ਤਾਂ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਮੁੱਚੀ ਟੀਮ ਕਿਸਾਨੀ ਮਸਲਿਆਂ ਨੂੰ ਹੱਲ ਕਰ ਸਕੇ।


Related News