ਪੰਜਾਬ ਦੇ ਸੀ. ਬੀ. ਐੱਸ. ਈ. ਸਕੂਲਾਂ ''ਚ ਪੰਜਾਬੀ ਭਾਸ਼ਾ ਨੂੰ ਨਜ਼ਰਅੰਦਾਜ਼ ਕਰਨਾ ਮੰਦਭਾਗਾ : ਪ੍ਰੋ. ਬਡੂੰਗਰ

06/26/2017 11:30:15 AM

ਅੰਮ੍ਰਿਤਸਰ/ਫਤਿਹਗੜ੍ਹ ਸਾਹਿਬ - ਪੰਜਾਬ ਦੇ ਸੀ. ਬੀ. ਐੱਸ. ਈ. ਨਾਲ ਜੁੜੇ ਸਕੂਲਾਂ ਵੱਲੋਂ ਪੰਜਾਬੀ ਨੂੰ ਸਿਲੇਬਸ 'ਚੋਂ ਪਿੱਛੇ ਰੱਖਣਾ ਰਾਜ ਭਾਸ਼ਾ ਨਾਲ ਅਨਿਆਂ ਹੈ, ਜਿਸ ਦਾ ਪੰਜਾਬ ਸਰਕਾਰ ਤੁਰੰਤ ਨੋਟਿਸ ਲਵੇ। ਇਹ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਕੀਤਾ। ਉਨ੍ਹਾਂ ਕਿਹਾ ਕਿ ਸੀ. ਬੀ. ਐੱਸ. ਈ. ਦੇ ਸਿਲੇਬਸ ਅਨੁਸਾਰ ਪੜ੍ਹਾਈ ਕਰਵਾ ਰਹੇ ਪੰਜਾਬ ਦੇ ਸਕੂਲਾਂ ਵੱਲੋਂ ਪੰਜਾਬੀ ਭਾਸ਼ਾ ਨੂੰ ਨਜ਼ਰਅੰਦਾਜ਼ ਕਰਨ 'ਤੇ ਪੰਜਾਬ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਰਾਜ ਭਾਸ਼ਾ ਨੂੰ ਸੂਬੇ ਵਿਚਲੇ ਸਕੂਲਾਂ ਅੰਦਰ ਯਕੀਨੀ ਬਣਾਉਣਾ ਸੂਬਾ ਸਰਕਾਰ ਦੀ ਹੀ ਜ਼ਿੰਮੇਵਾਰੀ ਹੈ।
ਉਨ੍ਹਾਂ ਇਸ ਗੰਭੀਰ ਮਸਲੇ ਬਾਰੇ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਆਈ. ਏ. ਐੱਸ. ਨੂੰ ਇਕ ਪੱਤਰ ਵੀ ਲਿਖਿਆ, ਜਿਸ ਵਿਚ ਉਨ੍ਹਾਂ ਮੰਗ ਕੀਤੀ ਕਿ ਸੰਬੰਧਿਤ ਵਿਭਾਗ ਦੁਆਰਾ ਕਾਰਵਾਈ ਨੂੰ ਅਮਲ 'ਚ ਲਿਆ ਕੇ ਸੂਬੇ ਅੰਦਰ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਵਜੋਂ ਯਕੀਨੀ ਬਣਾਇਆ ਜਾਵੇ। ਪ੍ਰੋ. ਬਡੂੰਗਰ ਨੇ ਕਿਹਾ ਕਿ ਸੂਬੇ ਦੀ ਰਾਜ ਭਾਸ਼ਾ ਨਾਲ ਬੇਗਾਨਿਆਂ ਵਾਲਾ ਸਲੂਕ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੈ। ਦੁੱਖ ਦੀ ਗੱਲ ਹੈ ਕਿ ਮਨੁੱਖ ਦੀ ਵਿਦਿਅਕ ਬੁਨਿਆਦ ਨਰਸਰੀ ਦੇ ਸਿਲੇਬਸ 'ਚੋਂ ਹੀ ਸੀ. ਬੀ. ਐੱਸ. ਈ. ਦੇ ਸਕੂਲਾਂ ਅੰਦਰ ਮਾਂ ਭਾਸ਼ਾ ਪੰਜਾਬੀ ਦੀ ਗੈਰ-ਮੌਜੂਦਗੀ ਕੀਤੀ ਜਾ ਰਹੀ ਹੈ। ਇਹ ਵਰਤਾਰਾ ਨਿੰਦਣਯੋਗ ਹੈ, ਜਿਸ 'ਤੇ ਤੁਰੰਤ ਰੋਕ ਲਾ ਕੇ ਪੰਜਾਬੀ ਨੂੰ ਨਰਸਰੀ ਤੋਂ ਲੈ ਕੇ ਉਪਰਲੀਆਂ ਜਮਾਤਾਂ ਤੱਕ ਲਾਜ਼ਮੀ ਵਿਸ਼ਾ ਬਣਾਇਆ ਜਾਵੇ।


Related News