ਪੀ. ਯੂ ਦੇ ਸਕਿਓਰਿਟੀ ਗਾਰਡ ''ਤੇ ਵਿਦਿਆਰਥਣ ਨੇ ਲਾਇਆ ਅਸ਼ਲੀਲ ਹਰਕਤਾਂ ਦਾ ਦੋਸ਼

08/18/2017 10:10:39 AM

ਚੰਡੀਗੜ੍ਹ (ਰਸ਼ਮੀ) : ਪੰਜਾਬ ਯੂਨੀਵਰਸਿਟੀ (ਪੀ. ਯੂ.) 'ਚ ਸਕਿਓਰਿਟੀ ਗਾਰਡ ਵਲੋਂ ਵਿਦਿਆਰਥਣ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਨੂੰ ਲੈ ਕੇ ਵੀਰਵਾਰ ਨੂੰ ਥ੍ਰੀ ਯੀਅਰ ਲਾਅ ਵਿਭਾਗ 'ਚ ਸੈਕਸੂਅਲ ਹਰਾਸਮੈਂਟ ਕਮੇਟੀ ਦੀ ਬੈਠਕ ਸੀ। ਜਾਣਕਾਰੀ ਮੁਤਾਬਕ ਪੀ. ਯੂ. ਦੀ ਬੀ. ਡੀ. ਐੈੱਸ. ਵਿਭਾਗ ਦੀ ਵਿਦਿਆਰਥਣ ਨੇ ਗੇਟ ਨੰਬਰ 3 'ਤੇ ਖੜ੍ਹੇ ਸਕਿਓਰਿਟੀ ਗਾਰਡ 'ਤੇ ਛੇੜਛਾੜ ਦਾ ਦੋਸ਼ ਲਾਇਆ ਹੈ। ਵਿਦਿਆਰਥਣ ਨੇ ਦੱਸਿਆ ਕਿ 23 ਜੁਲਾਈ ਦੀ ਸਵੇਰ ਉਹ ਆਪਣੀ ਸਾਈਕਲ 'ਤੇ ਏ. ਸੀ. ਜੋਸ਼ੀ ਲਾਇਬ੍ਰੇਰੀ ਤੋਂ ਵਾਪਸ ਜਾ ਰਹੀ ਸੀ। ਉਹ ਆਪਣੀ ਸਹੇਲੀ ਨਾਲ ਲਾਇਬ੍ਰੇਰੀ 'ਚ ਰਾਤ ਨੂੰ ਪੜ੍ਹਨ ਲਈ ਪਹਿਲੀ ਵਾਰ ਗਈ ਸੀ। ਗੇਟ ਨੰਬਰ 3 ਬੰਦ ਸੀ ਤੇ ਮੈਂ ਸਕਿਓਰਿਟੀ ਗਾਰਡ ਨੂੰ ਕਿਹਾ ਕਿ ਗੇਟ ਖੋਲ੍ਹ ਦਿਓ। ਸਕਿਓਰਿਟੀ ਗਾਰਡ ਨੇ ਗੇਟ ਖੋਲ੍ਹ ਦਿੱਤਾ। ਉਥੇ ਬਹੁਤ ਸਾਰੇ ਕੁੱਤੇ ਭੌਂਕ ਰਹੇ ਸਨ। ਮੈਂ ਕੁੱਤਿਆਂ ਤੋਂ ਡਰ ਗਈ। ਸਕਿਓਰਿਟੀ ਗਾਰਡ ਨੇ ਕੁੱਤਿਆਂ ਨੂੰ ਭਜਾ ਕੇ ਪਹਿਲਾਂ ਮੇਰੀ ਸਾਈਕਲ ਫੜੀ ਤੇ ਬਾਅਦ 'ਚ ਹੱਥ ਫੜਨ ਲੱਗਾ। ਸਕਿਓਰਿਟੀ ਗਾਰਡ ਨੇ ਆਜਾ ਇੱਧਰ ਆਜਾ...ਕਿਹਾ ਤਾਂ ਮੈਂ ਸਾਈਕਲ ਲੈ ਕੇ ਬੜੀ ਤੇਜ਼ੀ ਨਾਲ ਨਿਕਲ ਗਈ।
ਪੁਲਸ ਕੋਲ ਜਾਣ ਤੋਂ ਰੋਕਿਆ, ਨਹੀਂ ਕੀਤੀ ਕੋਈ ਕਾਰਵਾਈ ਹੁਣ ਤਕ
ਵਿਦਿਆਰਥਣ ਦੇ ਭਰਾ ਨੇ ਦੱਸਿਆ ਕਿ ਉਨ੍ਹਾਂ 24 ਜੁਲਾਈ ਨੂੰ ਮਾਮਲੇ ਦੀ ਸ਼ਿਕਾਇਤ ਡੀ. ਐੈੱਸ. ਡਬਲਿਊ. ਵੂਮੈਨ ਵਿਭਾਗ ਦੀ ਚੇਅਰਪਰਸਨ ਨੂੰ ਲਿਖਤੀ ਦਿੱਤੀ ਸੀ। ਹੁਣ ਇਹ ਮਾਮਲਾ ਸੈਕਸੂਅਲ ਹਰਾਸਮੈਂਟ ਕਮੇਟੀ ਕੋਲ ਹੈ। ਉਨ੍ਹਾਂ ਦੱਸਿਆ ਕਿ ਵੂਮੈਨ ਸੈੱਲ 'ਚ ਸ਼ਿਕਾਇਤ ਦੇਣ ਤੋਂ ਬਾਅਦ ਅਸੀਂ ਇਸ ਲਈ ਪਿੱਛੇ ਹਟ ਗਏ ਕਿ ਪੀ. ਯੂ. ਨੇ ਸਾਨੂੰ ਪੁਲਸ ਕੋਲ ਜਾਣ ਤੋਂ ਰੋਕਿਆ ਸੀ। ਉਨ੍ਹਾਂ ਕਿਹਾ ਕਿ ਇਸ 'ਚ ਪੀ. ਯੂ. ਦੀ ਬਦਨਾਮੀ ਹੋਵੇਗੀ। ਵਿਦਿਆਰਥਣ ਤੇ ਉਸ ਦੇ ਭਰਾ ਨੇ ਕਿਹਾ ਕਿ ਪੀ. ਯੂ. ਮੈਨੇਜਮੈਂਟ ਨੇ ਸਾਨੂੰ ਯਕੀਨ ਦਿਵਾਇਆ ਸੀ ਕਿ ਮਾਮਲੇ ਦੀ ਸੁਣਵਾਈ ਛੇਤੀ ਹੀ ਹੋਵੇਗੀ। ਇਸੇ ਵਿਚਕਾਰ ਮਾਮਲੇ ਸਬੰਧੀ 7 ਅਗਸਤ ਨੂੰ ਵੀ ਇਕ ਬੈਠਕ ਹੋਈ ਸੀ ਪਰ ਹੁਣ ਤਕ ਸਕਿਓਰਿਟੀ ਗਾਰਡ 'ਤੇ ਕੋਈ ਐਕਸ਼ਨ ਨਹੀਂ ਲਿਆ ਗਿਆ ਹੈ। ਵੀਰਵਾਰ ਨੂੰ ਮਾਮਲੇ 'ਚ ਦੋਵੇਂ ਪੱਖਾਂ ਦੀ ਸੁਣਵਾਈ ਹੋਈ ਪਰ ਫਿਲਹਾਲ ਕੋਈ ਫੈਸਲਾ ਨਹੀਂ ਲਿਆ ਗਿਆ। ਵਿਦਿਆਰਥਣ ਦੇ ਭਰਾ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਅਸੀਂ ਹੁਣ ਐੈੱਫ. ਆਈ. ਆਰ. ਦਰਜ ਕਰਵਾਵਾਂਗੇ।


Related News