ਚਾਇਨੀਜ਼ ਡੋਰ ਬੰਦ ਕਰਵਾਉਣ ਲਈ ਨੌਜਵਾਨਾਂ ਨੇ ਕੀਤਾ ਰੋਸ ਪ੍ਰਦਰਸ਼ਨ

01/17/2018 4:00:52 PM


ਫ਼ਿਰੋਜ਼ਪੁਰ (ਕੁਮਾਰ, ਮਲਹੋਤਰਾ, ਪਰਮਜੀਤ, ਸ਼ੈਰੀ, ਕੁਲਦੀਪ) - ਫਿਰੋਜ਼ਪੁਰ ਵਿਚ ਚਾਈਨੀਜ਼ ਡੋਰ ਦੀ ਹੋ ਰਹੀ ਵਿਕਰੀ ਨੂੰ ਬੰਦ ਕਰਵਾਉਣ ਦੀ ਮੰਗ ਨੂੰ ਲੈ ਕੇ ਅੱਜ ਨੌਜਵਾਨਾਂ ਨੇ ਫਿਰੋਜ਼ਪੁਰ ਸ਼ਹਿਰ ਵਿਚ ਰੋਸ ਪ੍ਰਦਰਸ਼ਨ ਕੀਤਾ। ਰੋਸ ਪ੍ਰਦਰਸ਼ਨ ਕਰਦਿਆਂ ਯੁਵਾ ਐੱਨ. ਜੀ. ਓ. ਸੰਜੇ, ਰਿੰਕੂ, ਨੀਲਾ, ਪੰਮਾ, ਬੱਬੂ, ਚੰਨੂ, ਛਿੰਦਾ, ਵਿਪਨ ਕੱਕੜ, ਸ਼ਾਮਾ, ਫੌਜੀ, ਲੱਕੀ, ਨੀਲੂ ਤੇ ਬਜਾਜ ਨੇ ਕਿਹਾ ਕਿ ਜ਼ਿਲਾ ਮੈਜਿਸਟਰੇਟ ਫਿਰੋਜ਼ਪੁਰ ਵੱਲੋਂ ਜ਼ਿਲੇ ਭਰ ਵਿਚ ਚਾਈਨੀਜ਼ ਡੋਰ ਦੀ ਵਿਕਰੀ ਅਤੇ ਵਰਤੋਂ 'ਤੇ ਮੁਕੰਮਲ ਪਾਬੰਦੀ ਲਾਈ ਗਈ ਹੈ ਕਿਉਂਕਿ ਇਹ ਚਾਈਨੀਜ਼ ਡੋਰ ਆਮ ਲੋਕਾਂ ਲਈ ਜਾਨਲੇਵਾ ਸਾਬਤ ਹੋ ਰਹੀ ਹੈ। 
ਉਨ੍ਹਾਂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਫਿਰੋਜ਼ਪੁਰ ਸ਼ਹਿਰ ਛਾਉਣੀ ਵਿਚ ਅੱਜ ਵੀ ਕੁਝ ਲੋਕਾਂ ਵੱਲੋਂ ਚੋਰੀ-ਛੁਪੇ ਚਾਈਨੀਜ਼ ਡੋਰ ਵੇਚੀ ਜਾ ਰਹੀ ਹੈ ਅਤੇ ਪਤੰਗਬਾਜ਼ੀ ਕਰਨ ਵਾਲੇ ਲੋਕ ਆਮ ਹੀ ਚਾਈਨੀਜ਼ ਡੋਰ ਦੀ ਵਰਤੋਂ ਕਰਦੇ ਦੇਖੇ ਜਾਂਦੇ ਹਨ। ਯੁਵਾ ਐੱਨ. ਜੀ. ਓ. ਨੇ ਕਿਹਾ ਕਿ ਜਦੋਂ ਕਿਸੇ ਦੀ ਪਤੰਗ ਕੱਟਦੀ ਹੈ ਤਾਂ ਆਸਮਾਨ ਤੋਂ ਡਿੱਗਦੀ ਪਤੰਗ ਦੀ ਡੋਰ ਸਕੂਟਰ ਤੇ ਸਾਈਕਲਾਂ 'ਤੇ ਜਾਂ ਪੈਦਲ ਜਾਂਦੇ ਰਾਹਗੀਰਾਂ ਦੇ ਗਲੇ ਤੇ ਸਰੀਰ ਦੇ ਹੋਰਨਾਂ ਅੰਗਾਂ ਨੂੰ ਕੱਟ ਦਿੰਦੀ ਹੈ। ਇਹ ਡੋਰ ਕਈ ਬੱਚਿਆਂ ਨੂੰ ਵੀ ਜ਼ਖਮੀ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਚਾਈਨੀਜ਼ ਡੋਰ ਦੀ ਵਰਤੋਂ ਕਰਨ ਵਾਲੇ ਲੋਕਾਂ ਖਿਲਾਫ ਵੀ ਉਹੀ ਕਾਰਵਾਈ ਕੀਤੀ ਜਾਵੇ, ਜੋ ਕਾਰਵਾਈ ਚਾਈਨੀਜ਼ ਡੋਰ ਵੇਚਣ ਵਾਲੇ ਦੁਕਾਨਦਾਰਾਂ ਖਿਲਾਫ ਹੁੰਦੀ ਹੈ। 
ਉਨ੍ਹਾਂ ਨੇ ਐੱਸ. ਐੱਸ. ਪੀ. ਫਿਰੋਜ਼ਪੁਰ ਤੋਂ ਮੰਗ ਕਰਦਿਆਂ ਕਿਹਾ ਕਿ ਜ਼ਿਲਾ ਮੈਜਿਸਟਰੇਟ ਫਿਰੋਜ਼ਪੁਰ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਜ਼ਿਲੇ ਭਰ ਵਿਚ ਪਾਬੰਦੀ ਦੇ ਆਦੇਸ਼ਾਂ ਨੂੰ ਸਖਤੀ ਨਾਲ ਲਾਗੂ ਕਰਨ ਲਈ ਸਾਰੇ ਥਾਣਿਆਂ ਦੇ ਮੁਖੀਆਂ ਨੂੰ ਆਦੇਸ਼ ਜਾਰੀ ਕੀਤੇ ਜਾਣ।


Related News