ਲੋਕਾਂ ਨੇ ਕੌਂਸਲ ਪ੍ਰਧਾਨ ਦੇ ਘਰ ਅੱਗੇ ਰਾਤ ਨੂੰ ਦਿੱਤਾ ਧਰਨਾ

08/17/2017 7:59:40 AM

ਰਾਜਪੁਰਾ  (ਇਕਬਾਲ) - ਬੀਤੇ ਦਿਨੀਂ ਕੇਂਦਰੀ ਗੁਰਦੁਆਰਾ ਸਿੰਘ ਸਭਾ ਨੇੜੇ ਅੱਧੀ ਦਰਜਨ ਬੇਸਹਾਰਾ ਸਾਨ੍ਹਾਂ ਨੇ ਮੋਟਰਸਾਈਕਲ 'ਤੇ ਜਾ ਰਹੇ ਪਤੀ-ਪਤਨੀ ਤੇ 7 ਮਹੀਨਿਆਂ ਦੇ ਬੱਚੇ 'ਤੇ ਹਮਲਾ ਕਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਸੀ। ਇਸ ਦੇ ਵਿਰੋਧ ਵਿਚ ਉਨ੍ਹਾਂ ਦੇ ਪਰਿਵਾਰ ਵਾਲਿਆਂ ਤੇ ਹੋਰਨਾਂ ਵੱਲੋਂ ਲੱਕੜ ਮੰਡੀ ਨੇੜੇ ਕਸਤੂਰਬਾ ਰੋਡ ਤੋਂ ਸ਼ੁਰੂ ਹੋ ਕੇ ਨਗਰ ਕੌਂਸਲ ਦੇ ਪ੍ਰਧਾਨ ਦੇ ਘਰ ਤੱਕ ਰੋਸ ਮਾਰਚ ਕੱਢਿਆ। ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ। ਇਸ 'ਤੇ ਨਗਰ ਕੌਂਸਲ ਪ੍ਰਧਾਨ ਪ੍ਰਵੀਨ ਛਾਬੜਾ ਵੱਲੋਂ ਧਰਨਾਕਾਰੀਆਂ ਨੂੰ ਆਵਾਰਾ ਪਸ਼ੂਆਂ ਤੋਂ ਨਿਜਾਤ ਦਿਵਾਉਣ ਦੇ ਦਿੱਤੇ ਭਰੋਸੇ ਤੋਂ ਬਾਅਦ ਧਰਨਾ ਸਮਾਪਤ ਕੀਤਾ ਗਿਆ। ਜਾਣਕਾਰੀ ਅਨੁਸਾਰ ਜ਼ਖਮੀ ਔਰਤ ਪ੍ਰੀਆ ਸ਼ਰਮਾ ਦੇ ਪਤੀ ਵਿਕਾਸ ਕੁਮਾਰ ਨੇ ਦੱਸਿਆ ਕਿ ਉਹ ਆਪਣੀ ਪਤਨੀ ਅਤੇ 7 ਮਹੀਨਿਆਂ ਦੇ ਬੱਚੇ ਸ਼ਿਵਾਸ ਨਾਲ ਰਾਤ ਨੂੰ ਹੋਟਲ ਵਿਖੇ ਖਾਣਾ ਖਾਣ ਲਈ ਗਏ ਸਨ। ਜਦੋਂ ਉਹ ਖਾਣਾ ਖਾ ਕੇ ਘਰ ਜਾਣ ਲਈ ਬਾਹਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਕੇਂਦਰੀ ਗੁਰਦੁਆਰਾ ਸਾਹਿਬ ਕੋਲ ਪਹੁੰਚੇ ਤਾਂ ਉਥੇ ਅੱਧੀ ਦਰਜਨ ਦੇ ਕਰੀਬ ਬੇਸਹਾਰਾ ਪਸ਼ੂ ਆਪਸ ਵਿਚ ਭਿੜ ਰਹੇ ਸਨ। ਉਨ੍ਹਾਂ ਨੇ ਮੋਟਰਸਾਈਕਲ ਵਿਚ ਟੱਕਰ ਮਾਰ ਦਿੱਤੀ। ਇਸ ਵਿਚ ਪਤਨੀ ਪ੍ਰੀਆ ਤੇ ਬੱਚੇ ਸ਼ਿਵਾਸ ਨੂੰ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ ਸੀ। ਰਾਹਗੀਰਾਂ ਨੇ ਕਾਫੀ ਮੁਸ਼ੱਕਤ ਨਾਲ ਪਸ਼ੂਆਂ ਤੋਂ ਛੁਡਵਾ ਕੇ ਤੁਰੰਤ ਉਨ੍ਹਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ। ਉਸਦੀ ਪਤਨੀ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਚੰਡੀਗੜ੍ਹ ਹਸਪਤਾਲ ਵਿਖੇ ਰੈਫਰ ਕਰ ਦਿੱਤਾ। ਵਿਕਾਸ ਕੁਮਾਰ ਦੱਸਿਆ ਕਿ ਉਸ ਦਾ ਪਰਿਵਾਰ ਹੀ ਨਹੀਂ ਜ਼ਖਮੀ ਹੋਇਆ, ਇਸ ਤਰ੍ਹਾਂ ਦੇ ਕਈ ਪਰਿਵਾਰ ਇਨ੍ਹਾਂ ਬੇਸਹਾਰਾ ਪਸ਼ੂਆਂ ਕਾਰਨ ਆਪਣੀਆਂ ਜਾਨਾਂ ਗਵਾ ਚੁੱਕੇ ਹਨ। ਇਸ ਦੇ ਵਿਰੋਧ ਵਿਚ ਅੱਜ ਸਮੂਹ ਰਿਸ਼ਤੇਦਾਰਾਂ ਅਤੇ ਰਾਜਪੁਰਾ ਵਾਸੀਆਂ ਦੇ ਸਹਿਯੋਗ ਨਾਲ ਕਸਤੂਰਬਾ ਰੋਡ 'ਤੇ  ਅਵਾਜਾਈ ਬੰਦ ਕਰ ਕੇ ਵਿਸ਼ਾਲ ਰੈਲੀ ਨਾਲ ਸ਼ੁਰੂ ਕਰ ਕੇ ਨਗਰ ਕੌਂਸਲ ਦੇ ਪ੍ਰਧਾਨ ਪ੍ਰਵੀਨ ਛਾਬੜਾ ਦੇ ਘਰ ਅੱਗੇ ਧਰਨਾ ਲਾ ਕੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਸੂਚਨਾ ਮਿਲਦੇ ਹੀ ਐੱਸ. ਐੱਚ. ਓ. ਗੁਰਬਚਨ ਸਿੰਘ  ਨੇ ਸਮੇਤ ਪੁਲਸ ਪਾਰਟੀ ਮੌਕੇ 'ਤੇ ਪਹੁੰਚ ਕੇ ਧਰਨਾਕਾਰੀਆਂ ਨੂੰ ਕਾਫੀ ਸਮਝਾਇਆ। ਬਾਅਦ 'ਚ ਨਗਰ ਕੌਂਸਲ ਦੇ ਪ੍ਰਧਾਨ ਪ੍ਰਵੀਨ ਛਾਬੜਾ ਨਾਲ ਮੀਟਿੰਗ ਕਰਵਾਈ ਤਾਂ ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਬਹੁਤ ਜਲਦ ਹੀ ਆਵਾਰਾ ਪਸ਼ੂਆਂ ਤੋਂ ਰਾਜਪੁਰਾ ਵਾਸੀਆਂ ਨੂੰ ਨਿਜਾਤ ਦਿਵਾਉਣਗੇ। ਇਸ ਮੌਕੇ ਜਥੇਦਾਰ ਕਸ਼ਮੀਰ ਸਿੰਘ, ਜਥੇਦਾਰ ਅਵਤਾਰ ਸਿੰਘ, ਰਾਕੇਸ਼ ਕੁਮਾਰ, ਮਹਿੰਦਰ ਸਿੰਘ ਨਿਹੰਗ, ਕਸ਼ਮੀਰ ਸਿੰਘ ਨਿਹੰਗ, ਹਰੀਸ਼ ਕੁਮਾਰ, ਅਮਿਤ ਕਿੰਗਰ, ਰਹਿਤ ਪਹੂਜਾ, ਵਿੱਕੀ ਪਹੂਜਾ, ਅਮਿਤ ਵਰਮਾ, ਸੁਧੀਰ ਕੁਮਾਰ ਤੇ ਵਿਜੇ ਵੋਹਰਾ ਸਮੇਤ ਸੈਂਕੜੇ ਜਥੇਬੰਦੀਆਂ ਦੇ ਲੋਕ ਸ਼ਾਮਲ ਸਨ।


Related News