ਪੰਜਾਬ ਸਟੂਡੈਂਟਸ ਯੂਨੀਅਨ ਨੇ ਪ੍ਰਿੰਸੀਪਲ ਦੇ ਦਫਤਰ ਦਾ ਘਿਰਾਓ ਕਰ ਕੇ ਕੀਤੀ ਨਾਅਰੇਬਾਜ਼ੀ

08/18/2017 6:21:42 AM

ਮੋਗਾ  (ਗਰੋਵਰ/ਗੋਪੀ) - ਗੁਰੂ ਨਾਨਕ ਕਾਲਜ ਮੋਗਾ ਦੀ ਪ੍ਰਿੰਸੀਪਲ ਵੱਲੋਂ ਦਲਿਤ ਵਿਦਿਆਰਥੀਆਂ ਦੇ ਦਾਖਲੇ ਕਰਨ ਤੋਂ ਮੁਕਰਨ ਅਤੇ ਅੱਜ ਪ੍ਰਸ਼ਾਸਨ ਵੱਲੋਂ ਵੀ ਹੱਥ ਖੜ੍ਹੇ ਕਰ ਦਿੱਤੇ ਜਾਣ ਦੇ ਰੋਸ ਤਹਿਤ ਪੀ. ਐੱਸ. ਯੂ. ਵੱਲੋਂ ਪ੍ਰਿੰਸੀਪਲ ਨੂੰ ਦਫਤਰ ਦੇ ਅੰਦਰ ਬੰਦ ਕਰ ਕੇ ਬਾਹਰੋਂ ਕੁੰਡੀ ਲਾ ਕੇ ਉਸ ਦਾ ਘਿਰਾਓ ਕੀਤਾ ਗਿਆ। ਡੀ. ਐੱਸ. ਪੀ. ਗੁਰਵਿੰਦਰ ਸਿੰਘ ਨੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ ਦੀ ਬਜਾਏ ਪ੍ਰਿੰਸੀਪਲ ਦਾ ਪੱਖ ਲੈਂਦਿਆਂ ਪੀ. ਐੱਸ. ਯੂ. ਦੇ ਜ਼ਿਲਾ ਕਨਵੀਨਰ ਮੋਹਨ ਸਿੰਘ ਔਲਖ, ਦਲਿਤ ਵਿਦਿਆਰਥੀ ਸੰਦੀਪ ਸਿੰਘ, ਜ਼ਿਲਾ ਨੇਤਾ ਜਗਵੀਰ ਕੌਰ, ਸੁਖਵਿੰਦਰ ਕੌਰ ਨੂੰ ਹਿਰਾਸਤ 'ਚ ਲਿਆ। ਦੋ ਵਿਦਿਆਰਥੀ ਆਗੂਆਂ ਮੋਹਨ ਸਿੰਘ ਅਤੇ ਸੰਦੀਪ ਸਿੰਘ ਨੂੰ ਥਾਣੇ ਵਿਚ ਬੰਦ ਕੀਤਾ ਗਿਆ ਹੈ।
ਪੀ. ਐੱਸ. ਯੂ. ਦੇ ਪ੍ਰਦੇਸ਼ ਵਿੱਤ ਸਕੱਤਰ ਕਰਮਜੀਤ ਸਿੰਘ ਨੇ ਕਿਹਾ ਕਿ ਸਿਵਲ ਅਤੇ ਪੁਲਸ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਪ੍ਰਿੰਸੀਪਲ ਨੂੰ ਕਥਿਤ ਤੌਰ 'ਤੇ ਸ਼ਹਿ ਦੇ ਰਹੇ ਹਨ ਕਿਉਂਕਿ ਡਿਪਟੀ ਕਮਿਸ਼ਨਰ ਮੋਗਾ ਨੇ ਆਜ਼ਾਦੀ ਦਿਵਸ ਤੋਂ ਬਾਅਦ ਸਮੱਸਿਆ ਦਾ ਹੱਲ ਕਰਨ ਦਾ ਵਿਸ਼ਵਾਸ ਦਿੱਤਾ ਸੀ ਪਰ ਅੱਜ ਜਥੇਬੰਦੀ ਦਾ ਵਫਦ ਸਵੇਰੇ 10 ਤੋਂ 3 ਵਜੇ ਤੱਕ ਡੀ. ਸੀ. ਦਫਤਰ ਇੰਤਜ਼ਾਰ ਕਰਦੇ ਰਹੇ। ਡਿਪਟੀ ਕਮਿਸ਼ਨਰ ਨੇ ਜਾਣ-ਬੁੱਝ ਕੇ ਮਿਲਣ ਦਾ ਸਮਾਂ ਨਹੀਂ ਦਿੱਤਾ। ਪੀ. ਐੱਸ. ਯੂ. ਦੇ ਜ਼ਿਲਾ ਨੇਤਾ ਬ੍ਰਿਜ ਲਾਲ ਨੇ ਦੱਸਿਆ ਕਿ ਐੱਸ. ਜੀ. ਪੀ. ਸੀ. ਦਾ ਕਾਲਜ ਹੋਣ ਦੀ ਵਜ੍ਹਾ ਕਾਰਨ ਸਿਵਲ ਅਤੇ ਪੁਲਸ ਪ੍ਰਸ਼ਾਸਨ ਪ੍ਰਿੰਸੀਪਲ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਿਹਾ।
ਅੱਜ ਸਿਵਲ ਅਤੇ ਪੁਲਸ ਪ੍ਰਸ਼ਾਸਨ ਦੇ ਰਵੱਈਏ ਤੋਂ ਸਪੱਸ਼ਟ ਹੋ ਗਿਆ ਹੈ ਕਿ ਪ੍ਰਿੰਸੀਪਲ ਐੱਸ. ਜੀ. ਪੀ. ਸੀ. ਦੇ ਸਾਬਕਾ ਪ੍ਰਧਾਨ ਦੀ ਸ਼ਹਿ ਕਾਰਨ ਹੀ ਦਲਿਤ ਵਿਦਿਆਰਥਣਾਂ ਦਾ ਭਵਿੱਖ ਖਰਾਬ ਕਰਨ 'ਤੇ ਲੱਗਾ ਹੋਇਆ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਰੋਸ ਪ੍ਰਦਰਸ਼ਨ ਦੌਰਾਨ ਕਾਲਜ ਸੁਪਰਡੈਂਟ ਨੇ ਵਿਦਿਆਰਥੀ ਨੇਤਾ ਜਸਵੀਰ ਕੌਰ ਨਾਲ ਧੱਕਮੁੱਕੀ ਕੀਤੀ, ਦਫਤਰ ਦੇ ਗੇਟ 'ਤੇ ਧਰਨੇ ਉਪਰ ਬੈਠੇ ਦਲਿਤ ਵਿਦਿਆਰਥਣਾਂ ਨੂੰ ਪ੍ਰਿੰਸੀਪਲ ਅਤੇ ਉਕਤ ਅਧਿਆਪਕਾਂ ਨਾਲ ਬੁਰਾ ਵਰਤਾਓ ਕੀਤਾ ਗਿਆ ਹੈ, ਜਿਸ ਕਾਰਨ ਅਧਿਆਪਕਾਂ ਤੇ ਪ੍ਰਿੰਸੀਪਲ ਖਿਲਾਫ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ, ਜੇਕਰ ਵਿਦਿਆਰਥੀ ਨੇਤਾਵਾਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਇਸ ਸਮੇਂ ਪੀ. ਐੱਸ. ਯੂ. ਦੇ ਨੇਤਾ ਰਜਿੰਦਰ ਸਿੰਘ, ਅਨਿਲ ਰਾਮ, ਜੀਵਨ ਕੌਰ, ਮਨਪ੍ਰੀਤ ਕੌਰ, ਜਸਪ੍ਰੀਤ ਕੌਰ, ਪਰਮਜੀਤ ਕੌਰ, ਸੁਮਨ ਕੁਮਾਰ, ਛਿੰਦਰਪਾਲ ਕੌਰ, ਦਰਸ਼ਨਾ ਰਾਣੀ ਆਦਿ ਹਾਜ਼ਰ ਸਨ।


Related News