ਈਸਾਈ ਭਾਈਚਾਰੇ ਵੱਲੋਂ ਰੋਸ ਪ੍ਰਦਰਸ਼ਨ

06/27/2017 2:30:25 AM

ਡੇਰਾ ਬਾਬਾ ਨਾਨਕ,  (ਕੰਵਲਜੀਤ)- ਪ੍ਰਭੂ ਯਿਸੂ ਮਸੀਹ ਖਿਲਾਫ ਮਸੀਹ ਪ੍ਰਚਾਰਕ ਨੂੰ ਬੰਦੀ ਬਣਾ ਕੇ ਰਹਿਬਰ ਯਿਸੂ ਮਸੀਹ ਤੇ ਮਾਤਾ ਮਰੀਅਮ ਸਬੰਧੀ ਬੋਲੇ ਗਏ ਇਤਰਾਜ਼ਯੋਗ ਸ਼ਬਦਾਂ ਕਾਰਨ ਈਸਾਈ ਭਾਈਚਾਰੇ 'ਚ ਪੈਦਾ ਹੋਇਆ ਰੋਸ ਦਿਨੋ-ਦਿਨ ਵਧਦਾ ਜਾ ਰਿਹਾ ਹੈ, ਜਿਸ ਕਾਰਨ ਅੱਜ ਈਸਾਈ ਭਾਈਚਾਰੇ ਵੱਲੋਂ ਕਾਹਲਾਂਵਾਲੀ ਚੌਕ ਡੇਰਾ ਬਾਬਾ ਨਾਨਕ ਵਿਖੇ ਸੋਸ਼ਲ ਮੀਡੀਆ 'ਚ ਵਾਇਰਲ ਹੋਈ ਵੀਡੀਓ ਤੋਂ ਬਾਅਦ ਪਾਸਟਰ ਕਰਨੂਲੀਅਸ਼ ਵਿੱਕੀ ਦੀ ਅਗਵਾਈ 'ਚ ਤਿੰਨ ਘੰਟੇ ਧਰਨਾ ਲਾਇਆ ਗਿਆ ਤੇ ਆਵਾਜਾਈ ਠੱਪ ਕੀਤੀ ਗਈ।
ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਸ਼ਾਂਤਮਈ ਮਾਹੌਲ ਨੂੰ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ, ਜਿਸ ਨੂੰ ਮਸੀਹੀ ਭਾਈਚਾਰਾ ਕਦੇ ਵੀ ਸਹਿਣ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਵਾਇਰਲ ਹੋਈ ਇਸ ਵੀਡੀਓ ਨਾਲ ਮਸੀਹੀ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਮਸੀਹੀ ਭਾਈਚਾਰੇ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਕਤ ਵਾਇਰਲ ਹੋਈ ਵੀਡੀਓ 'ਚ ਪ੍ਰਭੂ ਯਿਸੂ ਮਸੀਹ ਜੀ ਸਬੰਧੀ ਅਪਸ਼ਬਦ ਬੋਲਣ ਵਾਲੇ ਵਿਅਕਤੀ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕਰ ਕੇ ਉਸ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਰੋਡ ਜਾਮ ਕਰਨ ਉਪਰੰਤ ਰੋਸ ਪ੍ਰਗਟ ਕਰਦਿਆਂ ਸ਼ਰਾਰਤੀ ਅਨਸਰਾਂ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਈਸਾਈ ਭਾਈਚਾਰੇ ਵੱਲੋਂ ਡੀ. ਐੱਸ. ਪੀ. ਦੀਪਕ ਰਾਏ ਨੂੰ ਇਨਸਾਫ ਲੈਣ ਲਈ ਮੰਗ-ਪੱਤਰ ਸੌਂਪਿਆ ਗਿਆ।
ਇਸ ਦੌਰਾਨ ਪਾਸਟਰ ਡਿੰਪਲ ਮੈਥਿਊ, ਸੈਮੂਅਲ ਮਸੀਹ, ਪਾਸਟਰ ਸਰਦੂਲ ਮਸੀਹ, ਪਾਸਟਰ ਰਿੰਕਲ ਮਸੀਹ, ਇਲਿਆਸ ਮਸੀਹ, ਵਾਰਿਸ਼ ਮਸੀਹ, ਨੱਥਾ ਮਸੀਹ, ਡਾ. ਬੀਰ ਮਸੀਹ ਸਹੋਤਾ, ਦਲਬੀਰ ਮਸੀਹ, ਡਾ. ਮਦਨ ਲਾਲ, ਅਸ਼ੋਕ ਕੁਮਾਰ, ਬਿੱਲਾ ਸਰਪੰਚ ਪੱਖੋਕੇ, ਕੇਵਲ ਮਸੀਹ, ਰੋਹਿਤ ਮਲਿਕ ਅਤੇ ਸਰਬਜੀਤ ਮਸੀਹ ਆਦਿ ਹਾਜ਼ਰ ਸਨ। 
ਗੁਰਦਾਸਪੁਰ, (ਵਿਨੋਦ, ਦੀਪਕ)-ਅੱਜ ਸਥਾਨਕ ਨਹਿਰੂ ਪਾਰਕ 'ਚ ਕ੍ਰਿਸਚੀਅਨ ਯੁਵਾ ਮੋਰਚਾ ਪੰਜਾਬ ਤੇ ਸਮਸੂਨ ਕ੍ਰਿਸਚੀਅਨ ਸੈਨਾ ਵੱਲੋਂ ਇਕੱਠੇ ਹੋ ਕੇ ਪ੍ਰਭੂ ਯਿਸੂ ਮਸੀਹ ਤੇ ਮਾਤਾ ਮਰੀਅਮ ਵਿਰੁੱਧ ਸ਼ਰਾਰਤੀ ਅਨਸਰਾਂ ਵੱਲੋਂ ਬੋਲੀ ਗਈ ਇਤਰਾਜ਼ਯੋਗ ਭਾਸ਼ਾ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਲਾਭਾ ਮਸੀਹ ਆਲੋਵਾਲ ਪ੍ਰਧਾਨ ਕ੍ਰਿਸਚੀਅਨ ਯੁਵਾ ਮੋਰਚਾ ਪੰਜਾਬ ਤੇ ਚੇਅਰਮੈਨ ਪੀਟਰ ਚੀਦਾ, ਕਸ਼ਮੀਰ ਮਸੀਹ, ਵਿੱਕੀ ਗਾਦੜੀਆਂ, ਰਾਹੁਲ, ਵਿਲੀਅਮ ਤਰੀਜਾਨਗਰ, ਥੋਮਸ, ਰੋਸ਼ਨ ਮਸੀਹ, ਦੀਪਕ ਕੁਮਾਰ, ਬੱਬਾ ਗਿੱਲ, ਨੀਰਜ ਮਸੀਹ, ਵਿਜੇ ਜੋਗੋਵਾਲ ਨੇ ਦੱਸਿਆ ਕਿ ਜ਼ਿਲਾ ਤਰਨਤਾਰਨ ਦੇ ਇਕ ਪਿੰਡ 'ਚ ਸ਼ਰਾਰਤੀ ਅਨਸਰਾਂ ਵੱਲੋਂ ਮਸੀਹੀ ਪ੍ਰਚਾਰਕ ਨੂੰ ਬੰਦੀ ਬਣਾ ਕੇ ਪ੍ਰਭੂ ਯਿਸੂ ਮਸੀਹ ਤੇ ਮਾਤਾ ਮਰੀਅਮ ਸੰਬੰਧੀ ਵੀਡੀਓ ਸੋਸ਼ਲ ਮੀਡੀਆ 'ਚ ਵਾਇਰਲ ਕੀਤੀ ਗਈ ਹੈ। ਇਸ 'ਚ ਬਹੁਤ ਹੀ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ, ਜਿਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਘੱਟ ਹੈ। ਉਨ੍ਹਾਂ ਕਿਹਾ ਕਿ ਮਸੀਹੀ ਭਾਈਚਾਰਾ ਹਰ ਧਰਮ ਦਾ ਮਾਣ-ਸਤਿਕਾਰ ਕਰਦਾ ਹੈ ਪਰ ਕੁਝ ਸ਼ਰਾਰਤੀ ਅਨਸਰ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਅਜਿਹੀ ਘਿਨੌਣੀ ਹਰਕਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਦੋਸ਼ੀ ਲੋਕਾਂ ਨੂੰ ਛੇਤੀ ਤੋਂ ਛੇਤੀ ਗ੍ਰਿਫ਼ਤਾਰ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ 'ਚ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ।
ਪਠਾਨਕੋਟ/ਸ਼ਾਹਪੁਰਕੰਡੀ, (ਸ਼ਾਰਦਾ)-ਪ੍ਰਭੂ ਯਿਸੂ ਮਸੀਹ ਖਿਲਾਫ਼ ਮਾੜੀ ਸ਼ਬਦਾਵਲੀ ਦੇ ਪ੍ਰਯੋਗ ਦਾ ਮਾਮਲਾ ਤੂਲ ਫੜ ਗਿਆ ਹੈ। ਮਸੀਹੀ ਭਾਈਚਾਰੇ ਦੇ ਲੋਕ ਅੱਜ ਵੱਖ-ਵੱਖ ਸਥਾਨਾਂ ਤੇ ਸੜਕਾਂ 'ਤੇ ਉਤਰ ਆਏ। ਇਨ੍ਹਾਂ ਨੇ ਭਾਰੀ ਗਿਣਤੀ 'ਚ ਇਕੱਤਰ ਹੋ ਕੇ ਕਸਬੇ ਦਾ ਮੁੱਖ ਅੱਡਾ ਬੰਦ ਕਰਵਾਇਆ ਤੇ ਆਵਾਜਾਈ ਪ੍ਰਭਾਵਿਤ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਪ੍ਰਭੂ ਯਿਸੂ ਮਸੀਹ ਖਿਲਾਫ਼ ਮਾੜੀ ਸ਼ਬਦਾਵਲੀ ਵਰਤਣ ਵਾਲਿਆਂ ਦੀ ਤੁਰੰਤ ਗ੍ਰਿਫ਼ਤਾਰੀ ਤੇ ਸਖਤ ਸਜ਼ਾ ਦੇਣ ਦੀ ਮੰਗ ਉਠਾਈ। ਇਸ ਮੌਕੇ ਸੋਨੂ ਮੈਸੀ, ਡੇਵਿਡ ਮੈਸੀ, ਨਿਕਸਨ ਮੈਸੀ, ਮੋਂਟੀ ਮੈਸੀ ਹਾਜ਼ਰ ਸਨ। 


Related News