ਖਹਿਰਾ ਦਾ ਪੁਤਲਾ ਸਾੜ ਕੇ ਦਿੱਲੀ ਦੇ ਮੁੱਖ ਮੰਤਰੀ ਤੋਂ ਪਾਰਟੀ ''ਚੋਂ ਬਰਖਾਸਤ ਕਰਨ ਦੀ ਕੀਤੀ ਮੰਗ

11/18/2017 6:33:58 PM

ਨਵਾਂਸ਼ਹਿਰ (ਤ੍ਰਿਪਾਠੀ, ਮਨੋਰੰਜਨ)— ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਨੇ ਸ਼ਨੀਵਾਰ ਨੂੰ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਅਤੇ ਆਮ ਆਦਮੀ ਪਾਰਟੀ ਦੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਅਸਤੀਫੇ ਅਤੇ ਨਸ਼ਾ ਸਮੱਗਲਿੰਗ ਦੇ ਮਾਮਲੇ 'ਚ ਗ੍ਰਿਫਤਾਰੀ ਦੀ ਮੰਗ ਕਰਦਿਆਂ ਵਿਧਾਇਕ ਖਹਿਰਾ ਦਾ ਪੁਤਲਾ ਫੂਕਿਆ।
ਇਸ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਸਿੰਘ ਸਭਾ 'ਚ ਆਯੋਜਿਤ ਇਕੱਠ ਨੂੰ ਸੰਬੋਧਨ ਕਰਦੇ ਹੋਏ ਜ਼ਿਲਾ ਯੂਥ ਵਿੰਗ ਦੇ ਪ੍ਰਧਾਨ ਸੁਖਦੀਪ ਸਿੰਘ ਸ਼ਿਕਾਰ ਨੇ ਕਿਹਾ ਕਿ ਮਾਣਯੋਗ ਹਾਈਕੋਰਟ ਨੇ ਵਿਧਾਇਕ ਖਹਿਰਾ 'ਤੇ ਨਸ਼ਾ ਸਮੱਗਲਿੰਗ ਦੇ ਮਾਮਲੇ 'ਚ ਟ੍ਰਾਇਲ ਨੂੰ ਜਾਰੀ ਰੱਖਣ ਦੇ ਹੁਕਮ ਦਿੱਤੇ ਹਨ, ਜਿਸ ਤੋਂ ਬਾਅਦ ਖਹਿਰਾ ਨੂੰ ਨੈਤਿਕਤਾ ਦੇ ਆਧਾਰ 'ਤੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਨੇ 'ਆਪ' ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਵੀ ਸ. ਖਹਿਰਾ ਨੂੰ ਪਾਰਟੀ ਤੋਂ ਬਰਖਾਸਤ ਕਰਨ ਦੀ ਮੰਗ ਕੀਤੀ।
ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਕਤ ਮਾਮਲੇ 'ਚ ਹਾਈਕੋਰਟ ਵੱਲੋਂ ਰੱਦ ਕੀਤੀ ਗਈ ਅਰਜ਼ੀ ਤੋਂ ਬਾਅਦ ਖਹਿਰਾ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਮੁੱਖ ਮਾਰਗ 'ਤੇ ਰੋਸ ਮਾਰਚ ਕਰ ਕੇ ਚੰਡੀਗੜ੍ਹ ਰੋਡ 'ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਪੁਤਲਾ ਫੂਕਿਆ।
ਇਸ ਮੌਕੇ ਕੌਂਸਲਰ ਪਰਮ ਸਿੰਘ ਖਾਲਸਾ, ਮਨਮੀਤ ਸਿੰਘ ਬੀਸਲਾ ਸਰਕਲ ਪ੍ਰਧਾਨ, ਸੁਲੱਖਣ ਸਿੰਘ ਸਰਪੰਚ, ਮਨਿੰਦਰ ਸਿੰਘ ਮਨੀ, ਸੁਰਜੀਤ ਸਿੰਘ ਝਿੰਗੜ, ਦਲਜੀਤ ਸਿੰਘ ਮਾਨੇਵਾਲ, ਸੇਠੀ ਕਲਾਰ ਪ੍ਰਧਾਨ ਬੀ. ਸੀ. ਵਿੰਗ, ਜਸਵਿੰਦਰ ਸਿੰਘ ਕੌਂਸਲਰ ਬੰਗਾ, ਕਪਿਲ ਆਦਿ ਹਾਜ਼ਰ ਸਨ।


Related News