ਕਾਂਗਰਸੀ ਆਗੂ ਵਿਰੁੱਧ ਰੋਸ ਧਰਨਾ

10/17/2017 7:01:41 AM

ਗੜ੍ਹਸ਼ੰਕਰ, (ਬੈਜ ਨਾਥ)- ਗੜ੍ਹਸ਼ੰਕਰ ਪੁਲਸ ਨੇ ਇਕ ਆਸ਼ਾ ਵਰਕਰ ਦੀ ਸ਼ਿਕਾਇਤ 'ਤੇ ਸੱਤਾਧਾਰੀ ਕਾਂਗਰਸ ਪਾਰਟੀ ਦੇ ਸੂਬਾ ਸਕੱਤਰ ਕ੍ਰਿਸ਼ਨ ਸਹੋਤਾ ਵਿਰੁੱਧ ਪੁਲਸ ਸਟੇਸ਼ਨ ਗੜ੍ਹਸ਼ੰਕਰ ਵਿਚ ਧਾਰਾ 354, 376, 511 ਤੇ 506 ਆਈ. ਪੀ. ਸੀ. ਅਧੀਨ ਮਾਮਲਾ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਬੀਤੀ 13 ਅਕਤੂਬਰ ਨੂੰ ਰੇਖਾ ਰਾਣੀ (ਆਸ਼ਾ ਵਰਕਰ) ਪਤਨੀ ਸੁਧੀਰ ਕੁਮਾਰ ਨਿਵਾਸੀ ਬੀਰਮਪੁਰ ਨੇ ਐੱਸ. ਐੱਸ. ਪੀ. ਹੁਸ਼ਿਆਰਪੁਰ ਨੂੰ ਸ਼ਿਕਾਇਤ ਦੇ ਕੇ ਕਾਂਗਰਸ ਪਾਰਟੀ ਦੇ ਆਪਣੇ-ਆਪ ਨੂੰ ਸੂਬਾ ਸਕੱਤਰ ਦੱਸ ਰਹੇ ਪਿੰਡ ਸਤਨੌਰ ਦੇ ਕ੍ਰਿਸ਼ਨ ਸਹੋਤਾ ਵਿਰੁੱਧ ਅਸ਼ਲੀਲ ਹਰਕਤਾਂ ਕਰਨ ਅਤੇ ਸੈਕਸ ਸ਼ੋਸ਼ਣ ਦੇ ਗੰਭੀਰ ਦੋਸ਼ ਲਾਏ ਸਨ। 
ਉਕਤ ਆਗੂ ਨੇ ਉਸ ਦੀ ਕਿਸੇ ਕੇਸ ਵਿਚ ਮਦਦ ਕਰਨ ਬਦਲੇ ਉਸ ਨਾਲ ਘਟੀਆ ਹਰਕਤਾਂ ਕੀਤੀਆਂ ਤੇ ਰੌਲਾ ਪਾਉਣ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ। 
ਪੁਲਸ ਵੱਲੋਂ ਕੋਈ ਕਾਰਵਾਈ ਨਾ ਕਰਨ ਕਰ ਕੇ ਅੱਜ ਅੱਡਾ ਸਤਨੌਰ ਵਿਖੇ ਸਰਪੰਚ ਤਲਵਿੰਦਰ ਕੁਮਾਰ ਮੰਗਾ, ਪੰਚ ਕਿਸ਼ੋਰੀ ਲਾਲ, ਪੰਚ ਰਜਿੰਦਰ ਸਿੰਘ, ਬਾਬਾ ਕਸ਼ਮੀਰਾ ਸਿੰਘ, ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਪ੍ਰਧਾਨ ਹਰਪਾਲ ਕੌਰ, ਰੇਖਾ ਰਾਣੀ ਦਾ ਪਿਤਾ ਅਸ਼ੋਕ ਕੁਮਾਰ ਤੇ ਸੁਖਦੇਵ ਸਿੰਘ ਦੀ ਅਗਵਾਈ ਹੇਠ ਸਮੂਹ ਪਿੰਡ ਵਾਸੀਆਂ ਨੇ ਸਵੇਰੇ ਦਸ ਵਜੇ ਅੱਡਾ ਸਤਨੌਰ ਵਿਖੇ ਧਰਨਾ ਦਿੱਤਾ ਤੇ ਟਰੈਫਿਕ ਜਾਮ ਵੀ ਕੀਤਾ, ਜੋ ਕਿ 11.45 
ਵਜੇ ਤੱਕ ਚੱਲਿਆ। ਮੌਕੇ 'ਤੇ ਐੱਸ. ਐੱਚ. ਓ. ਗੜ੍ਹਸ਼ੰਕਰ ਬਲਵਿੰਦਰ ਸਿੰਘ ਜੌੜਾ ਤੇ ਐੱਸ. ਐੱਚ. ਓ. ਮਾਹਿਲਪੁਰ ਬਲਵਿੰਦਰਪਾਲ ਨੇ ਪਹੁੰਚ ਕੇ ਮਾਮਲਾ ਦਰਜ ਕਰਨ ਦਾ ਵਿਸ਼ਵਾਸ ਦਿੱਤਾ ਤਾਂ ਧਰਨਾ ਸਮਾਪਤ ਹੋਇਆ। 
ਧਰਨੇ ਦੌਰਾਨ ਭਾਰੀ ਗਿਣਤੀ ਵਿਚ ਆਸ਼ਾ ਵਰਕਰਾਂ ਤੇ ਮਹਿਲਾਵਾਂ ਹਾਜ਼ਰ ਸਨ। ਧਰਨਾਕਾਰੀਆਂ ਨੇ ਪੰਜਾਬ ਸਰਕਾਰ ਤੇ ਉਕਤ ਕਾਂਗਰਸੀ ਆਗੂ ਵਿਰੁੱਧ ਨਾਅਰੇਬਾਜ਼ੀ ਕੀਤੀ। ਸਮਾਚਾਰ ਲਿਖੇ ਜਾਣ ਤੱਕ ਕਥਿਤ ਦੋਸ਼ੀ ਪੁਲਸ ਵੱਲੋਂ ਗ੍ਰਿਫਤਾਰ ਨਹੀਂ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪੀੜਤ ਆਸ਼ਾ ਵਰਕਰ ਰੇਖਾ ਰਾਣੀ ਦੇ ਪੇਕੇ ਪਿੰਡ ਸਤਨੌਰ ਹਨ ਤੇ ਕਥਿਤ ਦੋਸ਼ੀ ਕ੍ਰਿਸ਼ਨ ਸਹੋਤਾ ਵੀ ਉਸ ਦੇ ਪੇਕੇ ਪਿੰਡ ਸਤਨੌਰ ਦਾ ਵਸਨੀਕ ਦੱਸਿਆ ਜਾਂਦਾ ਹੈ।


Related News