ਬੀ. ਐੱਸ. ਐੱਨ. ਐੱਲ. ਮੁਲਾਜ਼ਮਾਂ ਨੇ ਕੀਤੀ ਹੜਤਾਲ, ਕੰਮਕਾਰ ਰੱਖਿਆ ਠੱਪ

12/13/2017 2:55:03 AM

ਬਠਿੰਡਾ(ਪਰਮਿੰਦਰ)-ਬੀ. ਐੱਸ. ਐੱਨ. ਐੱਲ. ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ 2 ਦਿਨਾ ਹੜਤਾਲ ਦਾ ਐਲਾਨ ਕਰਦਿਆਂ ਕੰਮਕਾਰ ਠੱਪ ਰੱਖਿਆ। ਇਸ ਦੌਰਾਨ ਮੁਲਾਜ਼ਮਾਂ ਨੇ ਦਫਤਰ ਬਾਹਰ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਵੀ ਕੀਤਾ। ਇਸ ਸਮੇਂ ਵਿਭਾਗ ਦੇ ਵੱਖ-ਵੱਖ ਯੂਨੀਅਨਾਂ ਦੇ ਆਗੂਆਂ ਤਾਰਾ ਸਿੰਘ, ਵਿਸ਼ਾਲ ਕੁਮਾਰ, ਮਨੋਹਰ ਲਾਲ, ਗੁਰਪ੍ਰੀਤ ਸਿੰਘ, ਰਾਮਦਾਸ ਸੋਢੀ ਆਦਿ ਨੇ ਕਿਹਾ ਕਿ ਅਧਿਕਾਰੀਆਂ ਤੇ ਮੁਲਾਜ਼ਮਾਂ ਵੱਲੋਂ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਪਰ ਉਨ੍ਹਾਂ ਦੀਆਂ ਮੰਗਾਂ 'ਤੇ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਕਾਰਨ ਮੁਲਾਜ਼ਮਾਂ ਨੂੰ ਹੜਤਾਲ ਕਰਨ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਮੰਗ ਕੀਤੀ ਕਿ 1 ਜਨਵਰੀ 2017 ਤੋਂ ਤੀਜੀ ਪੇਅ ਰਿਵੀਜ਼ਨ 'ਤੇ ਸਾਰੇ ਭੱਤੇ ਲਾਗੂ ਕੀਤੇ ਜਾਣ, ਸਹਾਇਕ ਟਾਵਰ ਕੰਪਨੀ ਦਾ ਗਠਨ ਬੰਦ ਕੀਤਾ ਜਾਵੇ, ਸਾਮਾਨ ਖਰੀਦਣ ਲਈ ਨਿੱਜੀ ਕੰਪਨੀਆਂ ਨੂੰ ਲਾਭ ਪਹੁੰਚਾਉਣ ਲਈ ਰੱਦ ਕੀਤੇ ਗਏ ਟੈਂਡਰ ਬਹਾਲ ਕੀਤੇ ਜਾਣ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਤੇ ਮੁਲਾਜ਼ਮਾਂ ਦੀਆਂ ਕੋਸ਼ਿਸ਼ਾਂ ਕਾਰਨ ਕੰਪਨੀ ਦੇ ਹਾਲਾਤ ਵਧੀਆ ਹੋਏ, ਜਿਸ ਕਾਰਨ ਮੁਲਾਜ਼ਮਾਂ ਨੂੰ ਵੀ ਇਸ ਦਾ ਲਾਭ ਮਿਲਣਾ ਚਾਹੀਦਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ 'ਤੇ ਧਿਆਨ ਨਾ ਦਿੱਤਾ ਗਿਆ ਤਾਂ ਮੁਲਾਜ਼ਮ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਦੱਸਿਆ ਕਿ ਹੜਤਾਲ 13 ਦਸੰਬਰ ਨੂੰ ਵੀ ਜਾਰੀ ਰੱਖੀ ਜਾਵੇਗੀ।


Related News