ਦਲਿਤ ਦਾਸਤਾ ਵਿਰੋਧੀ ਅੰਦੋਲਨ ਅਤੇ ਨਰੇਗਾ ਮਜ਼ਦੂਰਾਂ ਨੇ ਡੀ. ਸੀ. ਦਫ਼ਤਰ ਅੱਗੇ ਲਾਇਆ ਧਰਨਾ

12/12/2017 2:23:10 AM

ਮਾਨਸਾ(ਜੱਸਲ)-ਦਲਿਤ ਦਾਸਤਾ ਵਿਰੋਧੀ ਅੰਦੋਲਨ ਅਤੇ ਨਰੇਗਾ ਵਰਕਰਜ਼ ਯੂਨੀਅਨ ਵੱਲੋਂ ਡੀ. ਸੀ. ਮਾਨਸਾ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ, ਜਿਸ 'ਚ ਪਿੰਡ ਦਲੇਲ ਸਿੰਘ ਵਾਲਾ, ਮੂਸਾ, ਮੂਲਾ ਸਿੰਘ ਵਾਲਾ, ਧਲੇਵਾ, ਹਸਨਪੁਰ, ਜਵਾਹਰਕੇ, ਡੇਲੂਆਣਾ, ਮਾਖਾ, ਜੌੜਕੀਆਂ, ਉਲਕ, ਸਸਪਾਲੀ, ਅਚਾਨਕ, ਰੰਘੜਿਆਲ, ਭਾਦੜਾ, ਅਹਿਮਦਪੁਰ, ਸਿਰਸੀਵਾਲਾ, ਬਣਾਂਵਾਲਾ, ਸਰਦੂਲੇਵਾਲਾ, ਭਗਵਾਨਪੁਰ ਹੀਂਗਣਾ ਦੇ ਨਰੇਗਾ ਵਰਕਰ ਭਾਰੀ ਗਿਣਤੀ 'ਚ ਪਹੁੰਚੇ। ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਰਣਜੀਤ ਸਿੰਘ ਨੇ ਦੱਸਿਆ ਕਿ ਅੱਜ ਨਰੇਗਾ ਮਜ਼ਦੂਰ ਆਪਣੀ ਕੀਤੀ ਮਿਹਨਤ ਦਾ ਪੈਸਾ ਵੀ ਧਰਨੇ-ਰੈਲੀਆਂ ਕਰ ਕੇ ਲੈਣ ਲਈ ਮਜਬੂਰ ਹਨ ਕਿਉਂਕਿ 7 ਮਹੀਨਿਆਂ ਤੋਂ ਨਰੇਗਾ ਕਿਰਤੀਆਂ ਨੂੰ ਆਪਣੇ ਮਿਹਨਤਾਨੇ ਦਾ ਕੋਈ ਵੀ ਪੈਸਾ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਰੋਜ਼ਗਾਰ ਗਾਰੰਟੀ ਐਕਟ ਮੁਤਾਬਕ ਹਰ ਕਿਰਤੀ ਨੂੰ 15 ਦਿਨਾਂ ਤੱਕ ਮਿਹਨਤਾਨਾ ਦੇਣਾ ਜ਼ਰੂਰੀ ਹੈ ਅਤੇ ਜੇਕਰ 15 ਦਿਨਾਂ ਤੋਂ ਲੇਟ ਹੁੰਦਾ ਹੈ ਤਾਂ ਕਾਨੂੰਨ ਤਹਿਤ ਜੁਰਮਾਨਾ ਵੀ ਹੋ ਸਕਦਾ ਹੈ, ਜੇਕਰ ਸਬੰਧਿਤ ਵਿਭਾਗ ਅਤੇ ਪੰਚਾਇਤਾਂ ਮਜ਼ਦੂਰਾਂ ਨੂੰ ਰਸੀਦਾਂ ਦੇਣਾ ਯਕੀਨੀ ਬਣਾਉਣ ਤਾਂ ਕੰਮ ਨਾ ਮਿਲਣ 'ਤੇ ਮਜ਼ਦੂਰ ਆਪਣਾ ਬੇਰੁਜ਼ਗਾਰੀ ਭੱਤਾ ਲੈਣ ਦੇ ਹੱਕਦਾਰ ਹਨ। ਅੱਜ ਆਏ ਮਜ਼ਦੂਰਾਂ ਨੇ ਡੀ. ਸੀ. ਮਾਨਸਾ ਨੂੰ ਆਪਣੇ ਮੰਗ-ਪੱਤਰ 'ਚ ਲਿਖਤੀ ਤੌਰ 'ਤੇ ਦਿੱਤਾ ਕਿ ਬਹੁਤ ਸਾਰੇ ਨਰੇਗਾ ਕਿਰਤੀਆਂ ਨੂੰ ਕੰਮ ਕਰਦਿਆਂ ਕਾਫੀ ਸਮਾਂ ਹੋ ਚੁੱਕਿਆ ਹੈ ਪਰ ਅੱਜ ਤੱਕ ਕਦੇ ਵੀ ਉਨ੍ਹਾਂ ਦੇ ਖਾਤੇ 'ਚ ਪੈਸੇ ਨਹੀਂ ਆਏ। ਵਾਰ-ਵਾਰ ਦਫ਼ਤਰਾਂ ਦੇ ਚੱਕਰ ਵੀ ਕੱਢ ਚੁੱਕੇ ਹਨ। ਅੱਜ ਦੇ ਇਸ ਇਕੱਠ ਨੇ ਡੀ. ਸੀ. ਮਾਨਸਾ ਕੋਲੋਂ ਮਜ਼ਦੂਰਾਂ ਦੇ ਪੈਸੇ ਤੁਰੰਤ ਪਾਉਣ ਤੇ ਸਬੰਧਿਤ ਅਧਿਕਾਰੀਆਂ ਵੱਲੋਂ ਤੁਰੰਤ ਨਵੇਂ ਕੰਮ ਚਲਾਉਣ ਤੇ ਕੰਮ ਵਾਲੀ ਜਗ੍ਹਾ 'ਤੇ ਦਰੀਆਂ ਅਤੇ ਪਾਣੀ ਦੇ ਕੈਂਪਰਾਂ ਦਾ ਪ੍ਰਬੰਧ ਕਰਵਾਉਣ ਲਈ ਮੰਗ ਕੀਤੀ। ਇਸ ਸਮੇਂ ਜ਼ਿਲਾ ਸਕੱਤਰ ਬਿੰਦਰ ਸਿੰਘ, ਬਲਜਿੰਦਰ ਕੌਰ ਸਰਦੂਲਗੜ੍ਹ, ਮਨਜੀਤ ਕੌਰ, ਰਾਣੀ ਕੌਰ, ਕਰਮਜੀਤ ਕੌਰ, ਹਰਪ੍ਰੀਤ ਕੌਰ, ਪਰਮਜੀਤ ਕੌਰ, ਗੁਰਦਿੱਤ ਸਿੰਘ, ਪਾਲਾ ਸਿੰਘ ਬਲਾਕ ਪ੍ਰਧਾਨ ਬੁਢਲਾਡਾ, ਪਾਲ ਸਿੰਘ ਪ੍ਰਧਾਨ ਭੀਖੀ, ਨਾਥਾ ਸਿੰਘ ਰੰਘੜਿਆਲ, ਜੱਗਾ ਸਿੰਘ ਭਾਦੜਾ, ਬੰਸੋ ਕੌਰ ਆਦਿ ਸਾਥੀਆਂ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ। 


Related News