ਬੂਟਾ ਖ਼ਾਂ ਕਤਲ ਕਾਂਡ ਕਮੇਟੀ ਨੇ ਜ਼ਿਲਾ ਪ੍ਰਸ਼ਾਸਨ ਦਾ ਪੁਤਲਾ ਫੂਕਿਆ

10/19/2017 2:00:47 AM

ਮੌੜ ਮੰਡੀ(ਪ੍ਰਵੀਨ)-ਬੀਤੇ ਲੰਮੇ ਸਮੇਂ ਤੋਂ ਬੂਟਾ ਖਾਂ ਕਤਲ ਕਾਂਡ ਪੁਲਸ ਪ੍ਰਸ਼ਾਸਨ ਲਈ ਇਕ ਵੱਡੀ ਸਿਰਦਰਦੀ ਬਣਿਆ ਹੋਇਆ ਹੈ ਅਤੇ ਇਨਸਾਫ਼ ਲੈਣ ਲਈ ਬੂਟਾ ਖਾਂ ਕਤਲ ਕਾਂਡ ਸੰਘਰਸ਼ ਕਮੇਟੀ ਵੱਲੋਂ ਥਾਣਾ ਮੌੜ ਅੱਗੇ ਦੋ ਹਫਤਿਆਂ ਤੋਂ ਅਣਮਿਥੇ ਸਮੇਂ ਲਈ ਧਰਨਾ ਲਾਇਆ ਹੋਇਆ ਹੈ। ਪੁਲਸ ਪ੍ਰਸ਼ਾਸਨ ਦੇ ਰਵੱਈਏ ਤੋਂ ਦੁਖੀ ਸੰਘਰਸ਼ ਕਮੇਟੀ ਦੇ ਮੈਂਬਰਾਂ, ਪਰਿਵਾਰਕ ਮੈਂਬਰਾਂ ਤੇ ਭਾਰੀ ਗਿਣਤੀ 'ਚ ਪਿੰਡ ਵਾਸੀਆਂ ਨੇ ਅੱਜ ਥਾਣਾ ਮੌੜ ਅੱਗੇ ਭਰਵੀਂ ਨਾਅਰੇਬਾਜ਼ੀ ਕਰਦਿਆਂ ਪ੍ਰਸ਼ਾਸਨ ਦੀ ਅਰਥੀ ਫੂਕੀ ਅਤੇ ਬੂਟਾ ਖਾਂ ਦੇ ਕਾਤਲਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ। ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਗੁਰਮੇਲ ਸਿੰਘ ਮੇਲਾ, ਬਲਦੇਵ ਸਿੰਘ ਸੰਦੋਹਾ, ਰੇਸ਼ਮ ਸਿੰਘ ਯਾਤਰੀ, ਅਮਰਜੀਤ ਸਿੰਘ ਯਾਤਰੀ, ਮੱਖਣ ਸਿੰਘ, ਬਲਰਾਜ ਸਿੰਘ, ਅਮਨਦੀਪ ਸਿੰਘ, ਤਾਰਾ ਸਿੰਘ ਆਦਿ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੂਟਾ ਖ਼ਾਂ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਨਾ ਪੁਲਸ ਪ੍ਰਸ਼ਾਸਨ ਲਈ ਕੋਈ ਔਖੀ ਗੱਲ ਨਹੀਂ ਪਰ ਪੁਲਸ ਪ੍ਰਸ਼ਾਸਨ ਇਸ ਮਾਮਲੇ ਨੂੰ ਜਾਣਬੁੱਝ ਕੇ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਇਸੇ ਕਾਰਨ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਨਹੀਂ ਕੀਤੀ ਜਾ ਰਹੀ। ਉਨ੍ਹਾਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਸ ਨੇ ਬੂਟਾ ਖਾਂ ਦੇ ਕਾਤਲਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਨਾ ਕੀਤਾ ਤਾਂ ਉਨ੍ਹਾਂ ਦਾ ਸੰਘਰਸ਼ ਤਿੱਖਾ ਹੁੰਦਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। 


Related News