ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਡੀ. ਆਈ. ਜੀ. ਫਿਰੋਜ਼ਪੁਰ ਰੇਂਜ ਦਾ ਪੁਤਲਾ ਫੂਕਿਆ

10/18/2017 12:54:24 AM

ਗੁਰੂਹਰਸਹਾਏ(ਆਵਲਾ)-ਭਾਵੇਂ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਔਰਤਾਂ ਦੇ ਹੱਕਾਂ ਪ੍ਰਤੀ ਜਾਗਰੂਕਤਾ ਫੈਲਾਉਂਦਿਆਂ ਕਈ ਦਾਅਵੇ ਕੀਤੇ ਹਨ ਤੇ ਔਰਤਾਂ ਨੂੰ ਸੰਘਰਸ਼ ਲਈ ਪ੍ਰੇਰਿਤ ਕੀਤਾ ਹੈ ਪਰ ਅੱਜ ਵੀ ਔਰਤਾਂ ਨਾਲ ਹੋ ਰਹੀ ਬੇਇਨਸਾਫੀ ਸਰਕਾਰ ਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੀ ਪੋਲ ਖੋਲ੍ਹਦੀ ਨਜ਼ਰ ਆ ਰਹੀ ਹੈ। ਜਬਰ-ਜ਼ਨਾਹ ਤੇ ਠੱਗੀ ਮਾਮਲੇ ਦੀ ਪੀੜਤਾ ਵੱਲੋਂ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਸ਼ੁਰੂ ਕੀਤਾ ਮਰਨ ਵਰਤ ਅੱਜ 7ਵੇਂ ਦਿਨ ਵਿਚ ਦਾਖਲ ਹੋ ਗਿਆ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਨਾ ਹੋਣ ਦੇ ਰੋਸ ਵਿਚ ਅੱਜ ਪੀੜਤ ਔਰਤ ਵੱਲੋਂ ਡੀ. ਆਈ. ਜੀ. ਫਿਰੋਜ਼ਪੁਰ ਰੇਂਜ ਦਾ ਪੁਤਲਾ ਫੂਕਿਆ ਗਿਆ ਤੇ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਭਾਰੀ ਇਕੱਠ ਵਿਚ ਪੀੜਤ ਨੀਲਮ ਨੂੰ ਇਨਸਾਫ ਦਿਵਾਉਣ ਲਈ ਉਤਰੀਆਂ ਔਰਤਾਂ ਨੇ ਵੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਮੁੱਖ ਮੰਤਰੀ ਪੰਜਾਬ, ਡੀ. ਜੀ. ਪੀ. ਪੰਜਾਬ ਤੋਂ ਦੋਸ਼ੀਆਂ ਦੀ ਗ੍ਰਿਫਤਾਰੀ ਸਬੰਧੀ ਮੰਗ ਕੀਤੀ। ਮਰਨ ਵਰਤ 'ਤੇ ਬੈਠੀ ਪੀੜਤ ਨੀਲਮ ਰਾਣੀ ਨੇ ਦੋਸ਼ ਲਾਉਂਦਿਆਂ ਕਿਹਾ ਕਿ ਪੁਲਸ ਵੱਲੋਂ 3 ਮਹੀਨੇ ਪੂਰੀ ਜਾਂਚ ਕਰਨ ਉਪਰੰਤ ਐੱਸ. ਪੀ. ਫਿਰੋਜ਼ਪੁਰ ਮੈਡਮ ਕਸ਼ਮੀਰ ਕੌਰ ਦੇ ਆਦੇਸ਼ਾਂ ਅਨੁਸਾਰ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸੀ ਪਰ ਦੋਸ਼ੀਆਂ ਦੀ ਪੁਲਸ ਦੇ ਉੱਚ ਅਧਿਕਾਰੀਆਂ ਨਾਲ ਮਿਲੀਭੁਗਤ ਹੋ ਜਾਣ ਕਾਰਨ ਦੋਸ਼ੀਆਂ ਨੂੰ ਫੜਿਆ ਨਹੀਂ ਜਾ ਰਿਹਾ ਤੇ ਉਲਟਾ ਮੁਕੱਦਮਾ ਕੈਂਸਲ ਕਰਵਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਪੀੜਤ ਨੀਲਮ ਨੇ ਦੱਸਿਆ ਕਿ ਉਸਦਾ ਪਰਿਵਾਰ ਕਈ ਵਾਰ ਡੀ. ਆਈ. ਜੀ. ਫਿਰੋਜ਼ਪੁਰ ਰੇਂਜ ਤੇ ਆਈ. ਜੀ. ਬਠਿੰਡਾ ਨੂੰ ਮਿਲ ਚੁੱਕਾ ਹੈ ਪਰ ਅਜੇ ਤੱਕ ਉਸ ਨੂੰ ਪੁਲਸ ਪ੍ਰਸ਼ਾਸਨ ਵੱਲੋਂ ਕੋਈ ਇਨਸਾਫ ਨਹੀਂ ਮਿਲਿਆ ਤੇ ਮੁਕੱਦਮੇ ਨੂੰ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਦੋਂ ਤੱਕ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੋ ਜਾਂਦੀ, ਉਦੋਂ ਤੱਕ ਉਸ ਦਾ ਮਰਨ ਵਰਤ ਜਾਰੀ ਰਹੇਗਾ। 


Related News