ਐਮਰਜੈਂਸੀ ਅਤੇ ਫਿਰਕੂਵਾਦ ਖਿਲਾਫ ਰੋਸ ਪ੍ਰਦਰਸ਼ਨ

06/27/2017 4:02:55 AM

ਸੰਗਰੂਰ(ਬੇਦੀ)— ਐਮਰਜੈਂਸੀ ਤੇ ਫਿਰਕੂਵਾਦ ਦੇ ਵਿਰੋਧ 'ਚ ਜਨਤਕ ਜਥੇਬੰਦੀਆਂ ਨੇ ਬਨਾਸਰ ਬਾਗ 'ਚ ਰੋਸ ਰੈਲੀ ਕੀਤੀ ਉਪਰੰਤ ਸ਼ਹਿਰ ਦੇ ਬਾਜ਼ਾਰਾਂ 'ਚ ਰੋਸ ਮਾਰਚ ਕੱਢਿਆ। ਆਗੂਆਂ ਨੇ ਕਿਹਾ ਕਿ ਅੱਜ ਤੋਂ 42 ਸਾਲ ਪਹਿਲਾਂ ਇੰਦਰਾ ਗਾਂਧੀ ਦੀ ਹਕੂਮਤ ਵੱਲੋਂ ਅੱਜ ਦੇ ਦਿਨ ਦੇਸ਼ 'ਚ ਐਮਰਜੈਂਸੀ ਦਾ ਐਲਾਨ ਕਰ ਕੇ ਦੇਸ਼ ਨੂੰ ਖੁੱਲ੍ਹੀ ਜੇਲ 'ਚ ਤਬਦੀਲ ਕਰ ਦਿੱਤਾ ਸੀ ਅਤੇ ਅੱਜ ਮੌਜੂਦਾ ਮੋਦੀ ਹਕੂਮਤ ਵੱਲੋਂ ਫਿਰਕੂ ਫਾਸ਼ੀਵਾਦੀ ਹੱਲੇ ਅਤੇ ਕਾਲੇ ਕਾਨੂੰਨਾਂ ਰਾਹੀਂ ਅਣਐਲਾਨੀ ਐਮਰਜੈਂਸੀ ਰਾਹੀਂ ਲੋਕਾਂ ਦੇ ਹੱਕ ਖੋਹੇ ਜਾ ਰਹੇ ਹਨ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਸ਼ਹੀਦ ਭਗਤ ਸਿੰਘ ਦੇ ਭਾਣਜੇ ਅਤੇ ਜਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਪ੍ਰੋ. ਜਗਮੋਹਨ ਸਿੰਘ ਨੇ ਕਿਹਾ ਕਿ ਉਸ ਸਮੇਂ ਇੰਦਰਾ ਗਾਂਧੀ ਵੱਲੋਂ ਲਾਈ ਗਈ ਐਮਰਜੈਂਸੀ ਨੇ ਲੋਕਾਂ ਦੇ ਜਮਹੂਰੀ ਹੱਕਾਂ ਦੇ ਨਾਲ-ਨਾਲ ਪ੍ਰੈੱਸ ਦੀ ਆਜ਼ਾਦੀ ਨੂੰ ਵੀ ਕੁਚਲ ਕੇ ਰੱਖ ਦਿੱਤਾ ਸੀ ਅਤੇ ਦੇਸ਼ ਨੂੰ ਫੌਜ ਹਵਾਲੇ ਕਰ ਦਿੱਤਾ ਗਿਆ ਸੀ, ਜੋ ਦੇਸ਼ ਦੇ ਇਤਿਹਾਸ ਦਾ ਕਾਲਾ ਦਿਨ ਹੈ। ਅੱਜ ਦੀ ਮੋਦੀ ਸਰਕਾਰ ਵੱਲੋਂ ਆਰ.ਐੱਸ.ਐੱਸ. ਦੇ ਭਗਵੇਂ ਏਜੰਡੇ ਨੂੰ ਲਾਗੂ ਕਰਨ ਅਤੇ ਦੇਸ਼ ਦੇ ਜਲ, ਜੰਗਲ ਅਤੇ ਜ਼ਮੀਨ ਸਾਮਰਾਜੀਆਂ ਨੂੰ ਲੁਟਾਉਣ ਲਈ ਅਣਐਲਾਨੀ ਐਮਰਜੈਂਸੀ ਲਾ ਕੇ ਆਪਣੇ ਖਿਲਾਫ਼ ਬੋਲਣ ਵਾਲੀ ਪ੍ਰੈੱਸ ਅਤੇ ਲੁੱਟ ਖਿਲਾਫ਼ ਆਵਾਜ਼ ਉਠਾਉਣ ਵਾਲੇ ਲੋਕਾਂ ਨੂੰ ਕੁਚਲਿਆ ਜਾ ਰਿਹਾ ਹੈ। ਕੌਣ ਸਨ ਸ਼ਾਮਲ : ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ਿਲਾ ਪ੍ਰਧਾਨ ਮੁਕੇਸ਼ ਮਲੌਦ, ਕ੍ਰਾਂਤੀਕਾਰ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਹਰਭਗਵਾਨ ਮੂਣਕ, ਇਨਕਲਾਬੀ ਲੋਕ ਮੋਰਚੇ ਦੇ ਆਗੂ ਸਵਰਨਜੀਤ ਸਿੰਘ, ਜਮਹੂਰੀ ਭਾਰਤ ਸਭਾ ਦੇ ਜਨਰਲ ਸਕੱਤਰ ਭੁਪਿੰਦਰ ਲੌਂਗੋਵਾਲ, ਇਸਤਰੀ ਜਾਗ੍ਰਿਤੀ ਮੰਚ ਦੀ ਸੂਬਾ ਆਗੂ ਹਰਪ੍ਰੀਤ ਕੌਰ ਬਬਲੀ, ਏਕਟੂ ਦੇ ਆਗੂ ਹਰਭਗਵਾਨ ਭੀਖੀ, ਨੌਜਵਾਨ ਸੂਬਾ ਆਗੂ ਮਾਸਟਰ ਜਗਸੀਰ ਨਮੋਲ, ਡੀ.ਟੀ.ਐੱਫ. ਦੇ ਸੂਬਾ ਆਗੂ ਮਾਸਟਰ ਕੁਲਦੀਪ ਸਿੰਘ, ਪੀ.ਐੱਸ.ਯੂ. ਦੇ ਜ਼ਿਲਾ ਆਗੂ ਜਸਵਿੰਦਰ ਲੌਂਗੋਵਾਲ, ਦੇਸ਼ ਭਗਤ ਯਾਦਗਾਰ ਕਮੇਟੀ ਲੌਂਗੋਵਾਲ ਦੇ ਜੁਝਾਰ ਸਿੰਘ, ਮੈਗਜ਼ੀਨ ਦੇ ਸੰਪਾਦਕ ਬਸ਼ੇਸ਼ਰ ਰਾਮ ਆਦਿ।


Related News