ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰਾਂ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ

06/26/2017 11:52:20 PM

ਫਿਰੋਜ਼ਪੁਰ(ਪਰਮਜੀਤ, ਸ਼ੈਰੀ)—ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ (ਮੇਲ) ਯੂਨੀਅਨ ਪੰਜਾਬ ਦੇ ਸੱਦੇ 'ਤੇ ਅੱਜ ਇੱਥੇ ਜ਼ਿਲਾ ਆਗੂ ਸਤਨਾਮ ਸਿੰਘ ਦੀ ਅਗਵਾਈ ਵਿਚ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਮੁਜ਼ਾਹਰਾ ਕੀਤਾ। ਇਸ ਦੌਰਾਨ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਦੱਸਿਆ ਕਿ ਬੇਰੁਜ਼ਗਾਰਾਂ ਦੇ 12-13 ਸਾਲ ਦੇ ਸੰਘਰਸ਼ ਮਗਰੋਂ ਸਿਹਤ ਵਿਭਾਗ ਵਿਚ ਮਹਿਜ 1263 ਅਸਾਮੀਆਂ ਦਾ ਇਸ਼ਤਿਹਾਰ ਪਿਛਲੀ ਸਰਕਾਰ ਵੱਲੋਂ ਜਾਰੀ ਕਿਤਾ ਗਿਆ ਸੀ। ਦਸੰਬਰ 2016 ਵਿਚ ਲਿਖਤੀ ਪ੍ਰੀਖਿਆ ਲੈਣ ਮਗਰੋਂ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਵੱਲੋਂ ਉਮੀਦਵਾਰਾਂ ਦੇ ਕਾਗਜ਼ਾਂ ਦੀ ਜਾਂਚ-ਪੜਤਾਲ ਵੀ ਪੂਰੀ ਕਰ ਲਈ ਸੀ। ਮੌਜੂਦਾ ਕਾਂਗਰਸ ਸਰਕਾਰ ਜਿਹੜੀ ਕਿ ਹਰ ਘਰ ਨੌਕਰੀ ਦਾ ਵਾਅਦਾ ਕਰਕੇ ਸੱਤਾ ਉਪਰ ਕਾਬਜ਼ ਹੋਈ ਹੈ, ਨੇ ਅਜੇ ਤੱਕ ਤਿੰਨ ਮਹੀਨੇ ਬੀਤਣ ਮਗਰੋਂ ਵੀ ਉਮੀਦਵਾਰਾਂ ਨੂੰ ਜੁਆਇਨ ਨਹੀਂ ਕਰਵਾਇਆ। ਭਾਂਵੇ ਕਿ 23 ਅਪ੍ਰੈਲ ਦੀ ਸੂਬਾ ਪੱਧਰੀ ਰੈਲੀ ਤੋਂ ਪਹਿਲਾਂ 20 ਅਪ੍ਰੈਲ ਨੂੰ 919 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਸੀ। ਬੇਵਜ੍ਹਾ ਦੇਰੀ ਕੀਤੀ ਜਾਣ ਕਰਕੇ ਭਰਤੀ ਪ੍ਰਕਿਰਿਆ ਵਿਚ ਕੁਝ ਖਾਮੀਆਂ ਦਾ ਦੋਸ਼ ਲਗਾ ਕੇ ਕੁਝ ਉਮੀਦਵਾਰਾਂ ਵੱਲੋਂ ਮਾਣਯੋਗ ਹਾਈਕੋਰਟ ਪੰਜਾਬ ਅਤੇ ਹਰਿਆਣਾ ਚੰਡੀਗੜ੍ਹ ਵਿਖੇ ਕੇਸ ਦਾਇਰ ਕਰ ਦਿੱਤਾ ਸੀ। ਉਨ੍ਹਾਂ ਅੱਗੇ ਕਿਹਾ ਕਿ ਕੁੱਲ 1263 ਅਸਾਮੀਆਂ ਲਈ ਕੁੱਲ 4900 ਦੇ ਕਰੀਬ ਵਰਕਰਾਂ ਨੇ ਪ੍ਰੀਖਿਆ ਦਿੱਤੀ ਸੀ, ਜਿਸ 'ਚੋਂ 1723 ਉਮੀਦਵਾਰਾਂ ਦੀ ਕੌਂਸਲਿੰਗ ਬਾਬਾ ਫਰੀਦ ਯੂਨੀਵਰਸਿਟੀ ਕੀਤੀ ਗਈ ਸੀ। ਇਨ੍ਹਾਂ ਉਮੀਦਵਾਰਾਂ ਨੂੰ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ 30 ਅਪ੍ਰੈਲ 2017 ਨੂੰ ਪਟਿਆਲਾ ਦੇ ਬਾਰਾਂਦਰੀ ਗਾਰਡਨ ਮੂਹਰੇ ਭਰੋਸਾ ਦਿੱਤਾ ਸੀ ਕਿ ਕੌਂਸਲਿੰਗ ਕਰਵਾ ਚੁੱਕੇ ਸਾਰੇ ਉਮੀਦਵਾਰਾਂ ਨੂੰ ਡੇਢ ਮੀਹਨੇ ਦੇ ਅੰਦਰ-ਅੰਦਰ ਅਸਾਮੀਆਂ ਵਿਚ ਵਾਧਾ ਕਰਕੇ ਨਿਯੁਕਤ ਕੀਤਾ ਜਾਵੇਗਾ, ਜਦਕਿ ਸਮਾਂ ਸੀਮਾ ਪੂਰੀ ਹੋ ਚੁੱਕੀ ਹੈ।


Related News