ਪ੍ਰਾਈਵੇਟ ਬੱਸ ਦੀ ਦੋ ਕਾਰਾਂ ਨਾਲ ਟੱਕਰ; ਵਾਹਨ ਨੁਕਸਾਨੇ

12/10/2017 2:49:39 AM

ਰੂਪਨਗਰ, (ਵਿਜੇ)- ਰੂਪਨਗਰ-ਚੰਡੀਗੜ੍ਹ ਰਾਸ਼ਟਰੀ ਹਾਈਵੇ 'ਤੇ ਇਕ ਪ੍ਰਾਈਵੇਟ ਬੱਸ ਅਤੇ ਦੋ ਹੋਰ ਵਾਹਨਾਂ ਦੀ ਟੱਕਰ ਹੋ ਗਈ, ਜਿਸ 'ਚ ਸਵਾਰੀਆਂ ਦਾ ਵਾਲ-ਵਾਲ ਬਚਾਅ ਹੋ ਗਿਆ ਪਰ ਕਾਰਾਂ ਨੁਕਸਾਨੀਆਂ ਗਈਆਂ। ਜਾਣਕਾਰੀ ਦਿੰਦੇ ਹੋਏ ਸਵਿੱਫਟ ਡਿਜ਼ਾਇਰ ਦੇ ਚਾਲਕ ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਅੱਜ ਪੀ.ਜੀ.ਆਈ. ਤੋਂ ਨਵਾਂਸ਼ਹਿਰ ਵੱਲ ਜਾ ਰਿਹਾ ਸੀ। ਦੁਪਹਿਰ 3 ਵਜੇ ਦੇ ਕਰੀਬ ਜਿਵੇਂ ਹੀ ਉਹ ਪੁਲਸ ਲਾਈਨ ਦੇ ਨੇੜੇ ਪਹੁੰਚਿਆ ਤਾਂ ਪਿੱਛੇ ਤੋਂ ਤੇਜ਼ ਰਫਤਾਰ ਇਕ ਨਿੱਜੀ ਬੱਸ ਚਾਲਕ ਨੇ ਪਹਿਲਾਂ ਉਨ੍ਹਾਂ ਦੀ ਕਾਰ 'ਚ ਟੱਕਰ ਮਾਰੀ, ਜਿਸ ਕਾਰਨ ਉਸ ਦੀ ਖੁਦ ਦੀ ਕਾਰ ਆਪਣੇ ਤੋਂ ਅੱਗੇ ਖੜ੍ਹੀ ਇਕ ਇਨੋਵਾ 'ਚ ਜਾ ਵੱਜੀ। ਭਾਵੇਂ ਹਾਦਸੇ 'ਚ ਜਾਨੀ ਨੁਕਸਾਨ ਤੋਂ ਵਾਲ-ਵਾਲ ਬਚਾਅ ਹੋ ਗਿਆ ਪਰ ਸਵਿੱਫਟ ਡਿਜ਼ਾਇਰ ਅਤੇ ਇਨੋਵਾ ਕਾਰਾਂ ਹਾਦਸਾਗ੍ਰਸਤ ਹੋ ਗਈਆਂ। ਇਨੋਵਾ ਕਾਰ ਚਾਲਕ ਕਸ਼ਮੀਰ ਸਿੰਘ ਪੁੱਤਰ ਦੇਸ ਰਾਜ ਨੇ ਦੱਸਿਆ ਕਿ ਉਹ ਸਵਾਰੀਆਂ ਲੈ ਕੇ ਚੰਡੀਗੜ੍ਹ ਤੋਂ ਮਨਾਲੀ ਵੱਲ ਜਾ ਰਿਹਾ ਸੀ। ਘਟਨਾ ਤੋਂ ਬਾਅਦ ਬੱਸ ਚਾਲਕ ਰਜਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਬਲੇਮ (ਗੁਰਦਾਸਪੁਰ) ਨੇ ਦੱਸਿਆ ਕਿ ਉਹ ਸਵਾਰੀਆਂ ਲੈ ਕੇ ਮੋਹਾਲੀ ਤੋਂ ਗੁਰਦਾਸਪੁਰ ਵੱਲ ਜਾ ਰਿਹਾ ਸੀ ਅਤੇ ਇਕ ਵਾਹਨ ਨੂੰ ਬਚਾਉਣ ਦੇ ਚੱਕਰ 'ਚ ਬੱਸ ਅਸੰਤੁਲਿਤ ਹੋ ਕੇ ਉਕਤ ਵਾਹਨਾਂ ਨਾਲ ਜਾ ਟਕਰਾਈ। ਖਬਰ ਲਿਖੇ ਜਾਣ ਤੱਕ ਟੋਲ ਪਲਾਜ਼ਾ ਸੋਲਖੀਆਂ ਦੇ ਮੁਲਾਜ਼ਮ ਹਰਜਿੰਦਰਪਾਲ ਸਿੰਘ ਆਪਣੀ ਕ੍ਰੇਨ ਦੀ ਮਦਦ ਨਾਲ ਵਾਹਨਾਂ ਨੂੰ ਸਾਈਡ 'ਤੇ ਕਰਨ 'ਚ ਜੁਟੇ ਹੋਏ ਸਨ। ਜਦੋਂਕਿ ਪੁਲਸ ਨੇ ਏ.ਐੱਸ.ਆਈ. ਜਸਮੇਰ ਸਿੰਘ ਦੀ ਅਗਵਾਈ 'ਚ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।


Related News