ਅਮਰਿੰਦਰ ''ਤੇ ਮੰਤਰੀ ਮੰਡਲ ਵਾਧੇ ਨੂੰ ਲੈ ਕੇ ਵਧਿਆ ਦਬਾਅ

01/17/2018 8:10:57 AM

ਜਲੰਧਰ (ਚੋਪੜਾ) - ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਨੂੰ 10 ਮਹੀਨੇ ਹੋ ਗਏ ਹਨ ਪਰ ਮੁੱਖ ਮੰਤਰੀ ਸਮੁੱਚੇ ਤੌਰ 'ਤੇ ਆਪਣੀ ਕੈਬਨਿਟ ਦਾ ਗਠਨ ਨਹੀਂ ਕਰ ਸਕੇ, ਜਿਸ ਕਾਰਨ ਕਾਂਗਰਸੀ ਵਿਧਾਇਕਾਂ ਵਿਚ ਬੇਚੈਨੀ ਲਗਾਤਾਰ ਵੱਧਦੀ ਜਾ ਰਹੀ ਹੈ। ਆਖਿਰ ਮੰਤਰੀ ਮੰਡਲ ਦੇ ਵਾਧੇ ਨੂੰ ਇੰਨਾ ਲੰਮਾ ਕਿਉਂ  ਲਟਕਾਇਆ ਜਾ ਰਿਹਾ ਹੈ। ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ  ਦੇ ਮਾਮਲੇ ਨੂੰ ਲੈ ਕੇ ਸਰਕਾਰ ਪਹਿਲਾਂ ਹੀ ਬੈਕਫੁਟ 'ਤੇ ਦਿਖਾਈ ਜਾ ਰਹੀ ਹੈ। ਕਾਂਗਰਸ ਵਿਚ ਮੌਜੂਦਾ ਸਥਿਤੀ ਨੂੰ ਵੇਖਦੇ ਹੋਏ ਹੁਣ ਕੈਪਟਨ ਅਮਰਿੰਦਰ ਵੀ ਜਲਦੀ ਹੀ ਪੈਂਡਿੰਗ ਕੰਮ ਨੂੰ ਨਿਪਟਾਉਣਾ ਚਾਹੁੰਦੇ ਹਨ ਕਿ ਕਿਤੇ ਪਾਰਟੀ ਵਿਚ ਕਿਸੇ ਵੀ ਕਿਸਮ ਦਾ ਵਿਰੋਧ ਪੈਦਾ ਨਾ ਹੋ ਸਕੇ। ਅੱਜ ਕੈਪਟਨ ਅਮਰਿੰਦਰ ਸੂਬਾ ਕਾਂਗਰਸ ਦੇ ਪ੍ਰਧਾਨ ਤੇ ਸੰਸਦ ਮੈਂਬਰ ਸੁਨੀਲ ਜਾਖੜ ਨਾਲ ਦਿੱਲੀ ਰਵਾਨਾ ਹੋ ਗਏ। ਜਿਥੇ ਉਹ ਪੰਜਾਬ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ ਤੇ ਸਹਿ-ਇੰਚਾਰਜ ਨਾਲ ਮੁਲਾਕਾਤ ਕਰਨਗੇ, ਜਿਸ ਵਿਚ ਜਲੰਧਰ, ਅੰਮ੍ਰਿਤਸਰ ਤੇ ਪਟਿਆਲਾ ਨਗਰ ਨਿਗਮ ਦੇ ਮੇਅਰ ਦੇ ਨਾਂ ਫਾਈਨਲ ਹੋਣਗੇ। ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ  ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਵਾਲੇ ਹਨ ਅਤੇ ਇਸ ਬੈਠਕ ਵਿਚ ਨਵੇਂ ਮੰਤਰੀਆਂ ਦੇ ਨਾਵਾਂ ਨੂੰ ਫਾਈਨਲ ਕਰਨਗੇ।  ਕਾਂਗਰਸੀ ਗਲਿਆਰਿਆਂ ਦੀ ਮੰਨੀਏ ਤਾਂ ਮੁੱਖ ਮੰਤਰੀ ਆਪਣੇ ਮੰਤਰੀ ਮੰਡਲ ਦੇ ਵਾਧੇ ਨੂੰ ਦੋ ਹਿੱਸਿਆ ਵਿਚ ਕਰਨਾ ਚਾਹੁੰਦੇ ਹਨ। ਪਹਿਲੀ ਟਰਮ ਵਿਚ ਚਾਰ ਵਿਧਾਇਕਾਂ ਓ. ਪੀ. ਸੋਨੀ, ਅਮਰਿੰਦਰ ਸਿੰਘ ਰਾਜਾ ਵੜਿੰਗ, ਰਾਣਾ ਸੋਢੀ, ਸੰਗਤ ਸਿੰਘ ਗਿਲਜੀਆਂ ਨੂੰ ਕੈਬਨਿਟ ਵਿਚ ਥਾਂ ਦੇਣੀ ਚਾਹੁੰਦੇ ਹਨ।
ਸੂਤਰਾਂ ਅਨੁਸਾਰ ਜੇਕਰ ਰਾਹੁਲ ਗਾਂਧੀ ਤੋਂ ਸਹਿਮਤੀ ਮਿਲ ਗਈ ਤਾਂ ਨਵੇਂ ਮੰਤਰੀਆਂ ਨੂੰ ਸਹੁੰ ਜਨਵਰੀ ਮਹੀਨੇ ਦੇ ਆਖੀਰ ਵਿਚ ਦਿਵਾਈ ਜਾ ਸਕਦੀ ਹੈ। ਜਦਕਿ ਬਾਕੀ 4 ਮੰਤਰੀਆਂ ਦੇ ਨਾਂ ਅਗਲੀ ਟਰਮ ਵਿਚ ਫਾਈਨਲ ਹੋਣਗੇ। ਵਰਣਨਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਸਹੁੰ ਚੁੱਕਣ ਦੌਰਾਨ 9 ਮੰਤਰੀਆਂ ਨੇ ਅਹੁਦਾ ਸੰਭਾਲਿਆ ਸੀ। ਅਜੇ ਸਰਕਾਰ ਵਿਚ 8 ਮੰਤਰੀ ਹੋਰ ਬਣਾਏ ਜਾ ਸਕਦੇ ਹਨ।


Related News