ਖੇਤ ''ਚੋਂ ਪਰਾਲੀ ਚੁਕਵਾਉਣ ਲਈ ਕਿਸਾਨ ਖਰਚਾ ਦੇਣ ਨੂੰ ਤਿਆਰ

10/17/2017 2:55:53 AM

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)— ਪਰਾਲੀ ਸਾੜਨ ਦੇ ਮਸਲੇ 'ਤੇ ਇਸ ਇਲਾਕੇ ਦੇ ਕਿਸਾਨਾਂ ਨੇ ਨਵੀਂ ਪਹਿਲਕਦਮੀ ਕਰਦਿਆਂ ਖੇਤ 'ਚੋਂ ਪਰਾਲੀ ਚੁਕਵਾਉਣ ਲਈ ਸਰਕਾਰ ਨੂੰ ਆਪਣੇ ਕੋਲੋਂ ਖਰਚਾ ਦੇਣ ਦਾ ਪ੍ਰਸਤਾਵ ਰੱਖਿਆ ਹੈ। ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਜੇ ਸਰਕਾਰ ਨੇ ਇਸ ਪੇਸ਼ਕਸ਼ ਨੂੰ ਨਾ ਮੰਨਿਆ ਤਾਂ ਉਹ ਪਰਾਲੀ ਸਾੜਨ ਲਈ ਮਜਬੂਰ ਹੋਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਬਰਨਾਲਾ ਦੇ 3 ਕਿਸਾਨਾਂ ਨੇ ਡੀ. ਸੀ. ਬਰਨਾਲਾ ਨੂੰ ਐਫੀਡੇਵਿਟ ਦੇ ਕੇ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਖੇਤਾਂ 'ਚੋਂ ਪਰਾਲੀ ਪ੍ਰਸ਼ਾਸਨ ਚੁੱਕ ਲਏ ਅਤੇ ਉਹ ਪ੍ਰਤੀ ਏਕੜ 2 ਹਜ਼ਾਰ ਰੁਪਏ ਖਰਚਾ ਦੇਣ ਨੂੰ ਤਿਆਰ ਹਨ ਅਤੇ ਜੇਕਰ 2 ਹਜ਼ਾਰ ਰੁਪਏ ਲੈ ਕੇ ਵੀ ਉਨ੍ਹਾਂ ਦੇ ਖੇਤਾਂ 'ਚੋਂ ਪਰਾਲੀ ਨਹੀਂ ਚੁੱਕੀ ਗਈ ਤਾਂ ਮਜਬੂਰੀਵੱਸ ਉਨ੍ਹਾਂ ਨੂੰ ਪਰਾਲੀ ਫੂਕਣੀ ਪਵੇਗੀ। 
40 ਏਕੜ ਜ਼ਮੀਨ 'ਚੋਂ ਪਰਾਲੀ ਚੁਕਾਉਣ ਲਈ 80 ਹਜ਼ਾਰ ਰੁਪਏ ਦੇਣ ਨੂੰ ਤਿਆਰ : 'ਜਗ ਬਾਣੀ' ਦਫਤਰ 'ਚ ਗੱਲਬਾਤ ਕਰਦਿਆਂ ਕਿਸਾਨ ਕਰਮਜੀਤ ਸਿੰਘ ਉਰਫ ਬਿੱਲੂ ਨੇ ਦੱਸਿਆ ਕਿ ਉਨ੍ਹਾਂ ਨਾਲ 2 ਕਿਸਾਨਾਂ ਭੋਲਾ ਸਿੰਘ, ਕਾਕਾ ਸਿੰਘ ਨੇ ਮਿਲ ਕੇ ਡੀ. ਸੀ. ਬਰਨਾਲਾ ਨੂੰ ਇਹ ਐਫੀਡੇਵਿਟ ਦਿੱਤਾ ਹੈ ਕਿ ਉਨ੍ਹਾਂ ਕੋਲ 40 ਏਕੜ ਜ਼ਮੀਨ ਹੈ। ਉਹ ਵੀ ਦੇਸ਼ 'ਚ ਪ੍ਰਦੂਸ਼ਣ ਨਹੀਂ ਚਾਹੁੰਦੇ ਪਰ ਜੋ ਖੇਤੀ ਦੇ ਔਜ਼ਾਰ ਉਨ੍ਹਾਂ ਕੋਲ ਹਨ, ਉਹ ਕਿਸੇ ਵੀ ਤਰ੍ਹਾਂ ਕਾਰਗਰ ਸਾਬਿਤ ਨਹੀਂ ਹੋ ਰਹੇ। ਕੰਬਾਈਨ ਰਾਹੀਂ ਉਹ ਫਸਲ ਕੱਟਦੇ ਹਨ ਅਤੇ ਪਰਾਲੀ ਦਾ 10ਵਾਂ ਹਿੱਸਾ ਜ਼ਮੀਨ 'ਚ ਬਚ ਜਾਂਦਾ ਹੈ, ਜਿਸ ਦਾ ਉਨ੍ਹਾਂ ਕੋਲ ਕੋਈ ਹੱਲ ਨਹੀਂ। ਉਹ ਪ੍ਰਤੀ ਏਕੜ 2000 ਰੁਪਏ, ਜੋ ਕਿ 40 ਏਕੜ ਦੇ ਹਿਸਾਬ ਨਾਲ 80,000 ਰੁਪਏ ਬਣਦੇ ਹਨ, ਦੇਣ ਨੂੰ ਤਿਆਰ ਹਨ, ਜੇਕਰ ਫਿਰ ਵੀ ਪ੍ਰਸ਼ਾਸਨ ਉਨ੍ਹਾਂ ਦੇ ਖੇਤਾਂ 'ਚੋਂ ਪਰਾਲੀ ਨਹੀਂ ਚੁਕਾਉਂਦਾ ਤਾਂ ਉਹ ਪਰਾਲੀ ਨੂੰ ਅੱਗ ਲਾਉਣ ਲਈ ਮਜਬੂਰ ਹੋਣਗੇ। 


Related News