ਵਧਦੇ ਕੂੜੇ ਨਾਲ ਨਜਿੱਠਣ ਲਈ ਐਕਸ਼ਨ ਪਲਾਨ ਤਿਆਰ

11/19/2017 7:00:00 AM

ਜਲੰਧਰ, (ਖੁਰਾਣਾ)- ਇਸ ਸਮੇਂ ਜਲੰਧਰ ਵਿਚ ਰੋਜ਼ 500 ਟਨ ਤੋਂ ਜ਼ਿਆਦਾ ਕੂੜਾ ਨਿਕਲ ਰਿਹਾ ਹੈ, ਜੋ ਸਾਰਾ ਦਾ ਸਾਰਾ ਵਰਿਆਣਾ ਡੰਪ ਵਿਚ ਸੁੱਟਿਆ ਜਾਂਦਾ ਹੈ। ਵਰਿਆਣਾ ਡੰਪ ਵਿਚ ਇਸ ਸਮੇਂ ਹਾਲਾਤ ਬੇਕਾਬੂ ਹੁੰਦੇ ਜਾ ਰਹੇ ਹਨ, ਜਿਥੇ 5 ਲੱਖ ਟਨ ਤੋਂ ਕਿਤੇ ਜ਼ਿਆਦਾ ਕੂੜਾ ਜਮ੍ਹਾ ਹੋ ਚੁੱਕਾ ਹੈ ਤੇ ਉਥੇ ਕੂੜੇ ਦੇ ਵੱਡੇ-ਵੱਡੇ ਪਹਾੜ ਨਜ਼ਰ ਆਉਂਦੇ ਹਨ। ਅਗਲੇ ਕੁਝ ਮਹੀਨਿਆਂ ਦੌਰਾਨ ਉਥੇ ਕੂੜਾ ਸੁੱਟਣ ਲਈ ਸ਼ਾਇਦ ਹੀ ਥਾਂ ਬਚੇ, ਇਸ ਲਈ ਨਗਰ ਨਿਗਮ ਕਮਿਸ਼ਨਰ ਡਾ. ਬਸੰਤ ਗਰਗ ਨੇ ਵਧ ਰਹੇ ਕੂੜੇ ਨਾਲ ਨਜਿੱਠਣ ਲਈ ਇਕ ਐਕਸ਼ਨ ਪਲਾਨ ਤਿਆਰ ਕੀਤਾ ਹੈ, ਜਿਸ ਤਹਿਤ ਵਰਿਆਣਾ ਡੰਪ ਵਿਚ ਬਾਇਓਮਾਈਨਿੰਗ ਤਕਨੀਕ ਦਾ ਪਲਾਂਟ ਲਾਉਣ ਦੀ ਯੋਜਨਾ ਹੈ। ਇਸ ਯੋਜਨਾ 'ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ ਤੇ ਬੀਤੇ ਦਿਨੀਂ 4 ਕੰਪਨੀਆਂ ਨੇ ਇਸ ਪਲਾਂਟ ਨੂੰ ਲਾਉਣ ਵਿਚ ਦਿਲਚਸਪੀ ਵਿਖਾਉਂਦਿਆਂ ਨਗਰ ਕਮਿਸ਼ਨਰ ਤੇ ਹੋਰ ਅਧਿਕਾਰੀਆਂ ਨੂੰ ਆਪਣੀ ਪ੍ਰੈਜ਼ੈਂਟੇਸ਼ਨ ਵੀ ਦਿੱਤੀ।
ਇਸ ਐਕਸ਼ਨ ਪਲਾਨ ਬਾਰੇ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਵਿਚ ਨਿਗਮ ਕਮਿਸ਼ਨਰ ਡਾ. ਬਸੰਤ ਗਰਗ ਨੇ ਦੱਸਿਆ ਕਿ ਪਹਿਲੇ ਪੜਾਅ ਵਿਚ ਵਰਿਆਣਾ ਵਿਚ ਕਰੀਬ 2 ਲੱਖ ਟਨ ਕੂੜੇ ਨੂੰ ਬਾਇਓਮਾਈਨਿੰਗ ਤਕਨੀਕ ਨਾਲ ਪ੍ਰੋਸੈੱਸ ਕਰਨ ਦੀ ਯੋਜਨਾ ਹੈ, ਜਿਸ ਦੇ ਲਈ 5 ਕੰਪਨੀਆਂ ਅੱਗੇ ਆਈਆਂ, ਜਿਨ੍ਹਾਂ ਵਿਚੋਂ 4 ਕੰਪਨੀਆਂ ਨੇ ਆਪਣੀ-ਆਪਣੀ ਤਕਨੀਕ ਦਾ ਪ੍ਰਦਰਸ਼ਨ ਕਰ ਦਿੱਤਾ ਹੈ। 
ਉਨ੍ਹਾਂ ਦੱਸਿਆ ਕਿ ਜਿਗਮਾ, ਪਲਟਾ ਇੰਜੀਨੀਅਰਿੰਗ ਤੇ ਦਇਆਚਰਨ ਕੰਪਨੀ ਨੇ ਜਿਥੇ ਬਾਇਓਮਾਈਨਿੰਗ, ਸੈਗਰੀਗੇਸ਼ਨ ਤੇ ਡਿਸਪੋਜ਼ਿੰਗ ਤਕਨੀਕ ਨਾਲ ਪੁਰਾਣੇ ਕੂੜੇ ਨੂੰ ਖਤਮ ਕਰਨ ਬਾਰੇ ਤਕਨੀਕ ਦਾ ਪ੍ਰਦਰਸ਼ਨ ਕੀਤਾ, ਉਥੇ ਚੌਥੀ ਕੰਪਨੀ ਰੈਮਕੀ ਨੇ ਪੁਰਾਣੇ ਕੂੜੇ 'ਤੇ ਮਿੱਟੀ ਦੀ ਕੈਪਿੰਗ ਕਰ ਕੇ ਉਥੇ ਪਾਰਕ ਡਿਵੈਲਪ ਕਰਨ ਦੀ ਤਕਨੀਕ ਦਿਖਾਈ।
ਦੱਖਣੀ ਭਾਰਤ 'ਚ ਚੱਲ ਰਹੀ ਹੈ ਸਾਊਥ ਕੋਰੀਆ ਵਿਚ ਡਿਵੈਲਪ ਹੋਈ ਤਕਨੀਕ : ਨਿਗਮ ਕਮਿਸ਼ਨਰ
ਨਿਗਮ ਕਮਿਸ਼ਨਰ ਡਾ. ਬਸੰਤ ਗਰਗ ਅਸਲ ਵਿਚ ਜਿਸ ਬਾਇਓਮਾਈਨਿੰਗ ਤਕਨੀਕ ਦੇ ਜ਼ਰੀਏ ਸ਼ਹਿਰ ਦੇ ਲੱਖਾਂ ਟਨ ਪੁਰਾਣੇ ਕੂੜੇ ਨੂੰ ਖਤਮ ਕਰਨ ਦਾ ਪਲਾਨ ਬਣਾ ਰਹੇ ਹਨ, ਉਹ ਦੱਖਣੀ ਕੋਰੀਆ ਵਿਚ ਡਿਵੈਲਪ ਹੋਈ ਸੀ, ਜਿਥੇ ਦੌਰਾ ਕਰਨ ਗਏ ਡਾ. ਬਸੰਤ ਗਰਗ ਨੇ ਉਹ ਤਕਨੀਕ ਦੇਖੀ ਵੀ ਸੀ। ਪਿਛਲੇ ਸਾਲ ਜਦੋਂ ਡਾ. ਬਸੰਤ ਗਰਗ ਨੇ ਬਤੌਰ ਨਗਰ ਨਿਗਮ ਕਮਿਸ਼ਨਰ ਚਾਰਜ ਸੰਭਾਲਿਆ ਤਾਂ ਉਨ੍ਹਾਂ ਨੇ ਸ਼ਹਿਰ ਦੇ ਵਧਦੇ ਕੂੜੇ ਵੱਲ ਆਪਣਾ ਧਿਆਨ ਦਿੱਤਾ। ਆਪਣੀਆਂ ਕੋਸ਼ਿਸ਼ਾਂ ਦੇ ਤਹਿਤ ਉਨ੍ਹਾਂ ਨੇ ਨਿਗਮ ਦੇ ਹੈਲਥ ਅਫਸਰ ਡਾ. ਸ਼੍ਰੀ ਕ੍ਰਿਸ਼ਨ ਤੇ ਸਾਲਿਡ ਵੇਸਟ ਮੈਨੇਜਮੈਂਟ ਪ੍ਰਾਜੈਕਟ ਦੇ ਅਧਿਕਾਰੀ ਕਰਨਲ ਉਜਵਲ ਸਿੰਘ ਨੂੰ ਦੱਖਣੀ ਭਾਰਤ ਦੇ ਸ਼ਹਿਰ ਕੁੰਭਾਕੁਣਮ ਤੇ ਹੋਰ ਸ਼ਹਿਰਾਂ ਵਿਚ ਭੇਜਿਆ, ਜਿਥੇ ਬਾਇਓਮਾਈਨਿੰਗ ਤਕਨੀਕ ਰਾਹੀਂ ਸਫਲਤਾ ਨਾਲ ਕੂੜੇ ਨੂੰ ਸੈਗਰੀਗੇਟ ਕੀਤਾ ਜਾ ਰਿਹਾ ਹੈ। ਇਨ੍ਹਾਂ ਦੋਵਾਂ ਅਧਿਕਾਰੀਆਂ ਦੀ ਰਿਪੋਰਟ ਤੋਂ ਬਾਅਦ ਜਲੰਧਰ ਨਗਰ ਨਿਗਮ ਨੇ ਅਜਿਹੇ ਪਲਾਂਟ ਲਈ ਦਿਲਚਸਪੀ ਪ੍ਰਗਟ ਕਰਨ ਵਾਲੀਆਂ ਕੰਪਨੀਆਂ ਲਈ ਈ. ਓ. ਆਈ. ਕੱਢਿਆ, ਜਿਸ 'ਤੇ ਹੁਣ ਕੰਮ ਚੱਲ ਰਿਹਾ ਹੈ। 


Related News