ਸੰਸਦ ਦੇ ਸਰਦ ਰੁੱਤ ਸਮਾਗਮ ਦੌਰਾਨ ਮੋਦੀ ਸਰਕਾਰ ਨੂੰ ਘੇਰਨ ਦੀ ਤਿਆਰੀ

11/16/2017 8:41:13 AM

ਜਲੰਧਰ (ਪਾਹਵਾ)-ਸੰਸਦ ਦੇ ਸਰਦ ਰੁੱਤ ਸਮਾਗਮ ਦੌਰਾਨ ਇਸ ਵਾਰ ਗੈਰ ਯਕੀਨੀ ਦੇ ਬੱਦਲ ਮੰਡਰਾ ਰਹੇ ਹਨ। ਇਹ ਸਮਾਗਮ ਹੋਵੇਗਾ ਵੀ ਜਾਂ ਨਹੀਂ ਤੇ ਜੇ ਹੋਵੇਗਾ ਤਾਂ ਕਦੋਂ ਅਤੇ ਕਿੰਨੇ ਦਿਨ ਲਈ-ਸਬੰਧੀ ਸਵਾਲਾਂ 'ਤੇ ਕੇਂਦਰ ਦੀ ਮੋਦੀ ਸਰਕਾਰ ਨੇ ਅਜੇ ਤੱਕ ਫੈਸਲਾ ਨਹੀਂ ਲਿਆ। ਜੇ ਸੈਸ਼ਨ ਹੋਇਆ ਵੀ ਤਾਂ ਇਸ 'ਚ ਦੇਰੀ ਹੋਣੀ ਤੈਅ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੰਸਦ ਸਮਾਗਮ ਦੇ ਪੱਛੜ ਕੇ ਹੋਣਾ ਮੋਦੀ ਸਰਕਾਰ ਲਈ ਪ੍ਰੇਸ਼ਾਨੀ ਬਣ ਸਕਦਾ ਹੈ। ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਦੀ ਅਗਵਾਈ 'ਚ ਕਾਂਗਰਸ ਦੇ ਰਣਨੀਤੀਕਾਰ ਵਿਰੋਧੀ ਪਾਰਟੀਆਂ ਨੂੰ ਇਕਮੁੱਠ ਕਰ ਰਹੇ ਹਨ। ਆਜ਼ਾਦ ਸਬੰਧੀ ਦੱਸਿਆ ਜਾਂਦਾ ਹੈ ਕਿ ਉਹ ਹੁਣ ਤੱਕ 18 ਵਿਰੋਧੀ ਪਾਰਟੀਆਂ ਦੇ ਆਗੂਆਂ ਨਾਲ ਗੱਲਬਾਤ ਕਰ ਚੁੱਕੇ ਹਨ। ਇਨ੍ਹਾਂ 'ਚ ਖੱਬੇਪੱਖੀ ਪਾਰਟੀਆਂ, ਡੀ. ਐੱਮ. ਕੇ., ਜਨਤਾ ਦਲ (ਯੂ), ਤ੍ਰਿਣਮੂਲ ਕਾਂਗਰਸ ਅਤੇ ਐੱਨ. ਸੀ. ਪੀ. ਆਦਿ ਸ਼ਾਮਲ ਹਨ। 
ਸੂਤਰ ਦੱਸਦੇ ਹਨ ਕਿ ਸਭ ਵਿਰੋਧੀ ਪਾਰਟੀਆਂ ਦੀ ਆਉਂਦੇ ਹਫਤੇ ਦਿੱਲੀ 'ਚ ਬੈਠਕ ਹੋਵੇਗੀ, ਜਿਸ ਦੌਰਾਨ ਸੰਸਦ ਸਮਾਗਮ 'ਚ ਮੋਦੀ ਸਰਕਾਰ ਨੂੰ ਘੇਰਨ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ। ਸੰਸਦ ਦੇ ਸਮਾਗਮ 'ਚ ਦੇਰੀ ਦਾ ਮਾਮਲਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਧਿਆਨ 'ਚ ਵੀ ਲਿਆਂਦਾ ਜਾ ਸਕਦਾ ਹੈ।
ਗੁਜਰਾਤ ਚੋਣਾਂ ਤੋਂ ਤੁਰੰਤ ਬਾਅਦ ਸੱਦਿਆ ਜਾ ਸਕਦੈ ਸੰਸਦ ਦਾ ਸਰਦ ਰੁੱਤ ਸੈਸ਼ਨ
ਨਵੀਂ ਦਿੱਲੀ, (ਇੰਟ.)-ਸੰਸਦ ਦੇ ਸਰਦ ਰੁੱਤ ਸੈਸ਼ਨ ਨੂੰ ਗੁਜਰਾਤ ਚੋਣਾਂ ਤੋਂ ਤੁਰੰਤ ਬਾਅਦ ਸੱਦਿਆ ਜਾ ਸਕਦਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੰਸਦ ਦਾ ਸਰਦ ਰੁੱਤ ਸੈਸ਼ਨ 11 ਦਸੰਬਰ ਤੋਂ 22 ਦਸੰਬਰ ਤੱਕ ਸੱਦਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਗੁਜਰਾਤ ਵਿਚ ਪਹਿਲੇ ਗੇੜ ਦੀਆਂ ਚੋਣਾਂ 9 ਦਸੰਬਰ ਅਤੇ ਦੂਸਰੇ ਗੇੜ ਦੀਆਂ ਚੋਣਾਂ 14 ਦਸੰਬਰ ਨੂੰ ਹੋਣੀਆਂ ਹਨ। ਉਥੇ ਹੀ ਕਾਂਗਰਸ ਸਮੇਤ ਸਾਰੀਆਂ ਵਿਰੋਧੀ ਪਾਰਟੀਆਂ ਭਾਜਪਾ 'ਤੇ ਸਰਦ ਰੁੱਤ ਸੈਸ਼ਨ ਦੇਰ ਨਾਲ ਸੱਦਣ ਦਾ ਦੋਸ਼ ਲਾ ਰਹੀਆਂ ਹਨ।


Related News