ਜਲੰਧਰ: ਗਰਭਵਤੀ ਧੀ ਦਾ ਦੁੱਖ ਨਾ ਸਹਿਣ ਕਰ ਸਕਿਆ ਪਿਤਾ, ਲਗਾਇਆ ਮੌਤ ਨੂੰ ਗਲੇ

06/27/2017 11:16:06 AM

ਜਲੰਧਰ (ਪ੍ਰੀਤ)— ਸਹੁਰੇ ਪਰਿਵਾਰ ਦੇ ਅੱਤਿਆਚਾਰਾਂ ਤੋਂ ਬਾਅਦ ਪੇਕੇ ਆ ਕੇ ਰਹਿ ਰਹੀ ਗਰਭਵਤੀ ਧੀ ਦਾ ਦੁੱਖ ਸਹਿਣ ਨਾ ਕਰਦੇ ਹੋਏ ਉਸ ਦੇ ਪਿਤਾ ਰਾਜੇਸ਼ ਕੁਮਾਰ ਮੀਤ ਨੇ ਐਤਵਾਰ ਨੂੰ ਘਰ 'ਚ ਹੀ ਫਾਹਾ ਲਗਾ ਕੇ ਜਾਨ ਦੇ ਦਿੱਤੀ। ਮ੍ਰਿਤਕ ਦੀ ਪਤਨੀ ਦੇ ਬਿਆਨਾਂ 'ਤੇ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੇ ਉਸ ਦੇ ਜੁਆਈ, ਉਸ ਦੀ ਮਾਂ ਅਤੇ ਚਾਚੇ ਵਿਰੁੱਧ ਖੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ 'ਚ ਕੇਸ ਦਰਜ ਕਰ ਲਿਆ ਹੈ। ਦੇਰ ਸ਼ਾਮ ਤੱਕ ਕਿਸੇ ਦੋਸ਼ੀ ਦੀ ਗ੍ਰਿਫਤਾਰੀ ਦੀ ਸੂਚਨਾ ਨਹੀਂ ਸੀ। 
ਜਾਣਕਾਰੀ ਮੁਤਾਬਕ ਬਸਤੀ ਬਾਵਾ ਖੇਲ ਦੇ ਕਮਲ ਵਿਹਾਰ ਦਾ ਨਿਵਾਸੀ ਰਾਜੇਸ਼ ਕੁਮਾਰ ਮੀਤ (60) ਬੀਤੀ ਰਾਤ ਖਾਣਾ ਖਾਣ ਤੋਂ ਬਾਅਦ ਪਹਿਲੀ ਮੰਜ਼ਲ 'ਤੇ ਬਣੇ ਕਮਰੇ 'ਚ ਗਿਆ। ਐਤਵਾਰ ਰਾਤ ਨੂੰ ਲਗਭਗ 2:30 ਵਜੇ ਉਸ ਦੀ ਪਤਨੀ ਜੋਤੀ ਜਦੋਂ ਉਪਰ ਕਮਰੇ 'ਚ ਗਈ ਤਾਂ ਰਾਜੇਸ਼ ਦੀ ਲਾਸ਼ ਫੰਦੇ ਨਾਲ ਲਟਕ ਰਹੀ ਸੀ। ਇਸ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ। ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਜੋਤੀ ਨੇ ਪੁਲਸ ਨੂੰ ਦੱਸਿਆ ਕਿ ਰਾਜੇਸ਼ ਕੁਮਾਰ ਆਪਣੀ ਧੀ ਦੇ ਸਹੁਰੇ ਪਰਿਵਾਰ ਦੇ ਰੱਵਈਏ ਤੋਂ ਬਹੁਤ ਪਰੇਸ਼ਾਨ ਸੀ। ਉਨ੍ਹਾਂ ਦੀ ਧੀ ਦਾ ਵਿਆਹ ਬਾਜਵਾ ਕਾਲੋਨੀ ਨਿਵਾਸੀ ਦਵਿੰਦਰਜੀਤ ਸਿੰਘ ਨਾਲ ਹੋਇਆ ਸੀ ਪਰ ਵਿਆਹ ਤੋਂ ਬਾਅਦ ਉਨ੍ਹਾਂ ਦੀ ਧੀ ਨੂੰ ਤੰਗ-ਪਰੇਸ਼ਾਨ ਕੀਤਾ ਜਾਂਦਾ ਰਿਹਾ। ਕੁਝ ਸਮੇਂ ਪਹਿਲਾਂ ਉਨ੍ਹਾਂ ਦੀ ਧੀ ਨੂੰ ਘਰੋਂ ਕੱਢ ਦਿੱਤਾ ਗਿਆ। ਇਸ ਤੋਂ ਬਾਅਦ ਕਈ ਵਾਰ ਸਮਝੌਤੇ ਲਈ ਮੀਟਿੰਗ ਹੋਈ ਪਰ ਉਨ੍ਹਾਂ ਦੀ ਗਰਭਵਤੀ ਧੀ ਦੇ ਸਹੁਰੇ ਪਰਿਵਾਰ ਵਾਲੇ ਉਸ ਲਿਜਾਣ ਨੂੰ ਤਿਆਰ ਨਹੀਂ ਸਨ। ਜੋਤੀ ਦਾ ਦੋਸ਼ ਹੈ ਕਿ ਉਨ੍ਹਾਂ ਦਾ ਜੁਆਈ, ਚਾਚਾ ਅਤੇ ਸੱਸ ਉਨ੍ਹਾਂ ਦੀ ਧੀ ਨੂੰ ਪਰੇਸ਼ਾਨ ਕਰਦੇ ਸਨ, ਜਿਸ ਕਾਰਨ ਰਾਜੇਸ਼ ਨੇ ਖੁਦਕੁਸ਼ੀ ਕੀਤੀ। ਥਾਣਾ ਬਸਤੀ ਬਾਵਾ ਖੇਲ ਦੇ ਐਡੀਸ਼ਨਲ ਐਸ. ਐਚ. ਓ ਰਾਕੇਸ਼ ਕੁਮਾਰ ਨੇ ਦੱਸਿਆ ਕਿ ਮੋਬਾਇਲ ਵਿਕਰੇਤਾ ਦਵਿੰਦਰਜੀਤ, ਉਸ ਦੀ ਮਾਂ ਅਤੇ ਚਾਚੇ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।


Related News