ਗੁਰੂ ਤੇਗ ਬਹਾਦਰ ਸਾਹਿਬ ਜੀ  ਦੀ ਸ਼ਹਾਦਤ ''ਤੇ ਪਛਤਾਵਾ ਕਰਨ ਦੀ ਕੋਈ ਲੋੜ ਨਹੀਂ : ਜੀ. ਕੇ.

11/19/2017 7:13:00 AM

ਭਾਰਤ  'ਚ ਹਿੰਦੂ ਧਰਮ ਮੌਜੂਦ ਹੈ ਤਾਂ ਉਸ ਪਿੱਛੇ ਗੁਰੂ ਸਾਹਿਬ ਦੀ ਕੁਰਬਾਨੀ ਦਾ ਵੱਡਾ ਯੋਗਦਾਨ : ਪ੍ਰੀਤੀ ਸਪਰੂ 
ਜਲੰਧਰ(ਚਾਵਲਾ)-ਧਰਮ ਅਤੇ ਮਨੁੱਖਤਾ ਦੀ ਰੱਖਿਆ ਲਈ ਨੌਵਂੇ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਦਿੱਤੀ ਗਈ ਸ਼ਹਾਦਤ ਬਾਰੇ ਲੋਕਾਂ ਨੂੰ ਦੱਸਣ ਲਈ ਕਸ਼ਮੀਰੀ ਪੰਡਿਤਾਂ ਦੀ ਜਥੇਬੰਦੀ ਵੱਲੋਂ 'ਸਨਮਾਨ ਯਾਤਰਾ' ਕੱਢਣ ਦਾ ਐਲਾਨ ਕੀਤਾ ਗਿਆ ਹੈ। ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸ਼ਹੀਦੀ ਸਥਾਨ 'ਤੇ ਨਤਮਸਤਕ ਹੋਣ ਉਪਰੰਤ ਅੱਜ ਉਘੀ ਪੰਜਾਬੀ ਫ਼ਿਲਮ ਅਦਾਕਾਰਾ ਪ੍ਰੀਤੀ ਸਪਰੂ ਅਤੇ 51 ਕਸ਼ਮੀਰੀ ਪੰਡਿਤਾਂ ਨੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨਾਲ ਪੱਤਰਕਾਰਾਂ ਨੂੰ ਸੰਬੋਧਤ ਕਰਦੇ ਹੋਏ 5 ਜਨਵਰੀ 2018 ਨੂੰ ਦਿੱਲੀ ਦੇ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਤਖ਼ਤ ਸ੍ਰੀ ਆਨੰਦਪੁਰ ਸਾਹਿਬ ਤਕ ਯਾਤਰਾ ਲੈ ਜਾਣ ਦੀ ਜਾਣਕਾਰੀ ਦਿੱਤੀ। ਪ੍ਰੀਤੀ ਨੇ ਦੱਸਿਆ ਕਿ ਕਸ਼ਮੀਰੀ ਪੰਡਿਤਾਂ ਦੇ ਬੱਚਿਆਂ ਨੂੰ ਗੁਰੂ ਸਾਹਿਬ ਦੀ ਸ਼ਹਾਦਤ ਦੀ ਜਾਣਕਾਰੀ ਦੇਣ ਅਤੇ ਗੁਰੂ ਸਾਹਿਬ ਦਾ ਧੰਨਵਾਦ ਦਿੱਲੋਂ ਮਹਿਸੂਸ ਕਰਨ ਲਈ ਯਾਤਰਾ ਕੱਢੀ ਜਾ ਰਹੀ ਹੈ। ਅੱਜ ਭਾਰਤ 'ਚ ਹਿੰਦੂ ਧਰਮ ਮੌਜੂਦ ਹੈ ਤਾਂ ਉਸਦੇ ਪਿੱਛੇ ਗੁਰੂ ਸਾਹਿਬ ਦੀ ਕੁਰਬਾਨੀ ਦਾ ਬੜਾ ਵੱਡਾ ਯੋਗਦਾਨ ਹੈ। ਉਸਨੇ ਕਿਹਾ ਕਿ ਅੱਜ ਇਤਿਹਾਸ ਮੁੜ ਤੋਂ ਦੋਹਰਾਇਆ ਜਾ ਰਿਹਾ ਹੈ। ਗੁਰੂ ਤੇਗ ਬਹਾਦਰ ਸਾਹਿਬ ਕੋਲ ਜਾ ਕੇ ਜਦ ਕਸ਼ਮੀਰੀ ਪੰਡਿਤਾਂ ਨੇ ਉਨ੍ਹਾਂ ਪਾਸੋਂ ਮਦਦ ਮੰਗੀ ਸੀ ਪਰ ਅਸੀਂ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸ਼ਾਇਦ ਸਹੀ ਸਤਿਕਾਰ ਨਹੀਂ ਦੇ ਪਾਏ ਜਿਸ ਕਰਕੇ ਅੱਜ ਵੀ ਅਸੀਂ ਕਸ਼ਮੀਰ ਤੋਂ ਟੁੱਟ ਕੇ ਬਾਹਰ ਭਟਕ ਰਹੇ ਹਾਂ। ਜੀ. ਕੇ. ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਉਪਰੰਤ ਗੁਰੂ ਸਾਹਿਬ ਦੇ ਪਰਿਵਾਰ ਅਤੇ ਸਿੱਖਾਂ ਨੂੰ ਝੱਲਣੇ ਪਏ ਸ਼ਹਾਦਤਾਂ ਦੇ ਸਿਲਸਿਲੇ ਨੂੰ ਯਾਦ ਕਰਦੇ ਹੋਏ ਕਿਹਾ ਕਿ ਕਸ਼ਮੀਰੀ ਪੰਡਿਤਾਂ ਵੱਲੋਂ ਗੁਰੂ ਸਾਹਿਬ ਨੂੰ ਨਤਮਸਤਕ ਹੋਣ ਨਾਲ ਸਾਨੂੰ ਹੌਸਲਾ ਮਿਲਦਾ ਹੈ। ਸਨਮਾਨ ਯਾਤਰਾ ਦੀ ਜਾਣਕਾਰੀ ਦੇਣ ਵਾਲੇ ਇਸ਼ਤਿਹਾਰ 'ਚ ਗੁਰੂ ਸਾਹਿਬ ਨੂੰ ਧੰਨਵਾਦ ਦੇਣ ਲਈ ਕੱਢੀ ਜਾ ਰਹੀ ਸਨਮਾਨ ਯਾਤਰਾ ਨੂੰ ਪਛਤਾਵਾ ਦੱਸਣ 'ਤੇ ਜੀ. ਕੇ. ਨੇ ਇਤਰਾਜ਼ ਜਤਾਇਆ। ਜੀ. ਕੇ. ਨੇ ਕਿਹਾ ਕਿ ਤੁਹਾਨੂੰ ਗੁਰੂ ਸਾਹਿਬ ਦੀ ਸ਼ਹਾਦਤ 'ਤੇ ਪਛਤਾਵਾ ਕਰਨ ਦੀ ਕੋਈ ਲੋੜ ਨਹੀਂ ਹੈ। ਗੁਰੂ ਸਾਹਿਬ ਨੇ ਮਨੁੱਖਤਾ ਦੀ ਰਾਖੀ ਲਈ ਸ਼ਹਾਦਤ ਦਿੱਤੀ ਸੀ।ਸਿਰਸਾ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਪਵਿੱਤਰ ਸ਼ਹੀਦੀ ਸਥਾਨ 'ਤੇ ਨਤਮਸਤਕ ਹੋਣ ਆਏ ਕਸ਼ਮੀਰੀ ਪੰਡਿਤਾਂ ਦਾ ਉਹ ਧੰਨਵਾਦ ਕਰਦੇ ਹਨ। ਗੁਰੂ ਸਾਹਿਬ ਨੇ ਧਰਮ ਦੀ ਰੱਖਿਆ ਲਈ ਸ਼ਹਾਦਤ ਦੇ ਕੇ ਦੇਸ਼ ਦੇ ਧਰਮ ਨਿਰਪੱਖ ਸਰੂਪ ਦੀ ਰਾਖੀ ਕੀਤੀ ਸੀ। ਕਸ਼ਮੀਰੀ ਪੰਡਿਤਾਂ ਨੂੰ ਯਾਤਰਾ ਸਬੰਧੀ ਪੂਰਨ ਸਹਿਯੋਗ ਦੇਣ ਦਾ ਸਿਰਸਾ ਨੇ ਭਰੋਸਾ ਦਿੱਤਾ। ਕਸ਼ਮੀਰੀ ਪੰਡਿਤ ਆਗੂਆਂ ਨੇ ਦੱਸਿਆ ਕਿ ਅਜਿਹੀ ਯਾਤਰਾ 1994 ਵਿਚ ਪਹਿਲੀ ਵਾਰ ਕੱਢੀ ਗਈ ਸੀ ਅਤੇ 5 ਜਨਵਰੀ ਨੂੰ ਸਜਾਈ ਜਾ ਰਹੀ ਯਾਤਰਾ ਇਸ ਕੜੀ ਵਿਚ ਤੀਜੀ ਯਾਤਰਾ ਹੈ।
 


Related News