ਪੇਂਡੂ ਮਜ਼ਦੂਰ ਯੂਨੀਅਨ ਨੇ ਫੂਕਿਆ ਸਰਕਾਰ ਦਾ ਪੁਤਲਾ

06/25/2017 12:44:59 AM

ਨਵਾਂਸ਼ਹਿਰ, (ਤ੍ਰਿਪਾਠੀ)- ਮਜ਼ਦੂਰਾਂ ਤੇ ਦਲਿਤਾਂ ਦੇ ਕਰਜ਼ੇ ਮੁਆਫ ਕਰਨ ਦੀ ਮੰਗ ਕਰਦਿਆਂ ਪੇਂਡੂ ਮਜ਼ਦੂਰ ਯੂਨੀਅਨ ਨੇ ਚੰਡੀਗੜ੍ਹ ਚੌਕ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਜ਼ਿਲਾ ਪ੍ਰਧਾਨ ਕਮਲਜੀਤ ਸਨਾਵਾਂ ਨੇ ਕਿਹਾ ਕਿ ਦੇਸ਼ 'ਚ ਤੇਜ਼ੀ ਨਾਲ ਵੱਧ ਰਹੀ ਮਹਿੰਗਾਈ ਤੇ ਰੋਜ਼ਗਾਰ ਦੇ ਘੱਟ ਰਹੇ ਮੌਕਿਆਂ ਕਾਰਨ ਅੱਜ ਮਜ਼ਦੂਰ ਤੇ ਗਰੀਬ ਵਰਗ ਨੂੰ ਦੋ ਵਕਤ ਦੀ ਰੋਟੀ ਵੀ ਨਸੀਬ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਚੋਣਾਂ ਦੌਰਾਨ ਹਰ ਘਰ ਦੇ 1 ਮੈਂਬਰ ਨੂੰ ਸਰਕਾਰੀ ਨੌਕਰੀ ਦੇਣ, ਬੁਢਾਪਾ-ਵਿਧਵਾ ਪੈਨਸ਼ਨ 2500 ਰੁਪਏ ਕਰਨ, ਆਟਾ-ਦਾਲ ਨਾਲ ਖੰਡ-ਪੱਤੀ ਦੇਣ ਤੇ 10-10 ਮਰਲੇ ਦੇ ਪਲਾਟ ਦੇਣ ਦਾ ਵਾਅਦਾ ਕੀਤਾ ਸੀ ਪਰ ਸਰਕਾਰ ਬਣਨ ਦੇ 3 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਇਸ 'ਤੇ ਹਾਲੇ ਤੱਕ ਅਮਲ ਸ਼ੁਰੂ ਨਹੀਂ ਹੋਇਆ, ਜਿਸ ਕਾਰਨ ਪੇਂਡੂ ਮਜ਼ਦੂਰਾਂ, ਦਲਿਤਾਂ ਤੇ ਗਰੀਬ ਵਰਗ 'ਚ ਸਰਕਾਰ ਖਿਲਾਫ ਰੋਸ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨੂੰ ਜਲਦ ਲਾਗੂ ਨਾ ਕੀਤਾ ਗਿਆ ਤਾਂ ਉਹ ਸਰਕਾਰ ਖਿਲਾਫ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਹਰੀਰਾਮ ਰਸੂਲਪੁਰੀ, ਜਗੀਰਾ ਬੈਂਸ, ਸੁਰਿੰਦਰ ਸਿੰਘ, ਤੀਰਥ ਰਾਮ, ਪ੍ਰੇਮ ਸਿੰਘ, ਮੋਹਨ ਲਾਲ ਤੇ ਬਹਾਦਰ ਸਿੰਘ ਹਾਜ਼ਰ ਸਨ।
ਬਲਾਚੌਰ, (ਬੈਂਸ, ਬ੍ਰਹਮਪੁਰੀ)- ਪੰਜਾਬ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਖਿਲਾਫ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਅਸ਼ੋਕ ਜਨਾਗਲ ਦੀ ਅਗਵਾਈ ਹੇਠ ਮੇਨ ਚੌਕ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ।
ਇਸ ਮੌਕੇ ਮਜ਼ਦੂਰ ਆਗੂ ਬੂਟਾ ਰਾਮ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਚੋਣਾਂ ਸਮੇਂ ਮਜ਼ਦੂਰਾਂ ਨਾਲ ਜੋ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਮੌਜੂਦਾ ਸੈਸ਼ਨ ਦੌਰਾਨ ਮਜ਼ਦੂਰਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬੇਘਰ ਮਜ਼ਦੂਰਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਤੇ 3 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇ।
ਇਸ ਮੌਕੇ ਬੀਬੀ ਚਰਨਜੀਤ ਕੌਰ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਮਜ਼ਦੂਰਾਂ ਨਾਲ ਕੀਤੇ ਵਾਅਦੇ ਪੂਰੇ ਨਾ ਕੀਤੇ ਤਾਂ ਆਉਣ ਵਾਲੇ ਸਮੇਂ 'ਚ ਪੇਂਡੂ ਮਜ਼ਦੂਰ ਯੂਨੀਅਨ ਮਜ਼ਦੂਰਾਂ ਨੂੰ ਲਾਮਬੰਦ ਕਰ ਕੇ ਤਿੱਖੇ ਸੰਘਰਸ਼ ਦਾ ਬਿਗੁਲ ਵਜਾਏਗੀ। ਇਸ ਮੌਕੇ ਕਸ਼ਮੀਰ ਕੌਰ, ਮੋਹਣ ਲਾਲ, ਰਾਜ ਕੁਮਾਰ, ਸੋਨੂੰ ਕੁਲਾਰ, ਗੁਰਦੇਵ ਰਾਮ, ਚਮਨ ਲਾਲ, ਰਣਜੀਤ ਕੌਰ, ਟਿੱਕਾ ਰਾਮ, ਨਰੇਸ਼ ਕੁਮਾਰ, ਸੰਨੀ, ਤਜਿੰਦਰ ਸਿੰਘ ਆਦਿ ਹਾਜ਼ਰ ਸਨ।


Related News