ਕੈਪਟਨ ਸਰਕਾਰ ਤੋਂ ਖਫਾ ਹੋਏ ਲੋਕ, ਪਿੰਡਾਂ ਦੇ ਗਰੀਬ ਸਬਸਿਡੀ ਵਾਲੇ ਰਾਸ਼ਨ ਨੂੰ ਰਹੇ ਨੇ ਤਰਸ

06/26/2017 12:49:04 PM

ਨਥਾਣਾ(ਬੱਜੋਆਣੀਆਂ)— ਕਾਂਗਰਸ ਪਾਰਟੀ ਦੀ ਨਵੀਂ ਬਣੀ ਕੈਪਟਨ ਸਰਕਾਰ ਤੋਂ ਲੋਕ ਖਫਾ ਹੋਣੇ ਸ਼ੁਰੂ ਹੋ ਗਏ ਹਨ, ਇਸ ਦੀ ਤਾਜ਼ਾ ਮਿਸਾਲ ਉਸ ਸਮੇਂ ਮਿਲੀ ਜਦੋਂ ਨਥਾਣਾ ਨਗਰ ਦੇ ਨੀਲੇ ਕਾਰਡ ਧਾਰਕਾਂ ਨੇ ਇਕੱਠੇ ਹੋ ਕੇ ਸਰਕਾਰ ਖਿਲਾਫ ਆਪਣਾ ਗੁੱਸਾ ਜ਼ਾਹਰ ਕੀਤਾ। ਕ੍ਰਿਪਾਲ ਸਿੰਘ ਕੌਂਸਲਰ, ਜਗਸੀਰ ਸਿੰਘ ਸੀਰਾ, ਹਾਕਮ ਸਿੰਘ, ਸੋਹਣ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਕਾਂਗਰਸ ਪਾਰਟੀ ਦੀ ਸਰਕਾਰ ਆਉਣ 'ਤੇ ਲੋਕਾਂ ਨੂੰ ਭਾਰੀ ਉਮੀਦ ਸੀ ਕਿ ਸਰਕਾਰ ਲੋਕਾਂ ਨੂੰ ਸੁੱਖ-ਸਹੂਲਤਾਂ ਦੇ ਕੇ ਸੁਰਖਰੂ ਕਰ ਦੇਵੇਗੀ ਪਰ ਹੋਇਆ ਸਭ ਕੁਝ ਇਸ ਦੇ ਉਲਟ, ਪਹਿਲਾਂ ਚਲਦੀਆਂ ਸਕੀਮਾਂ 'ਤੇ ਵੀ ਇਕ ਵਾਰ ਤਾਂ ਰੋਕ ਲਗਾ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਿਛਲੇ ਛੇ ਮਹੀਨਿਆਂ ਤੋਂ ਨੀਲੇ ਕਾਰਡ ਧਾਰਕਾਂ ਨੂੰ 200 ਰੁਪਏ ਪ੍ਰਤੀ ਕੁਇੰਟਲ ਦੀਆਂ ਸਸਤੀਆਂ ਦਰਾਂ 'ਤੇ ਮਿਲਣ ਵਾਲੀ ਕਣਕ ਦੀ ਸਪਲਾਈ ਨਾ ਦਿੱਤੇ ਜਾਣ ਕਰਕੇ ਇਸ ਨਾਲ ਸੰਬੰਧਤ ਵਰਗ 'ਚ ਸਰਕਾਰ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸੁਰਜੀਤ ਕੌਰ, ਮੂਰਤੀ ਕੌਰ, ਗੁਰਦੇਵ ਕੌਰ, ਅਮਨਦੀਪ ਕੌਰ, ਕੁਲਵਿੰਦਰ ਕੌਰ, ਸ਼ਿੰਦਰ ਕੌਰ, ਖੁਸ਼ਪ੍ਰੀਤ ਕੌਰ ਅਤੇ ਹੋਰਨਾਂ ਕਾਰਡ ਧਾਰਕਾਂ ਨੇ ਆਪਣਾ ਦੁੱਖੜਾ ਬਿਆਨ ਕਰਦਿਆਂ ਦੱਸਿਆ ਕਿ ਸਸਤੀਆਂ ਦਰਾਂ ਦੀ ਕਣਕ ਨਾ ਮਿਲਣ ਕਰ ਕੇ ਉਨ੍ਹਾਂ ਦੇ ਆਟੇ ਵਾਲੇ ਪੀਪੇ ਖਾਲੀ ਖੜਕ ਰਹੇ ਹਨ।
ਉਨ੍ਹਾਂ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਸਮੇਂ ਉਨ੍ਹਾਂ ਨੂੰ ਦਸੰਬਰ ਮਹੀਨੇ 'ਚ ਇਹ ਸਸਤੀਆਂ ਦਰਾਂ ਦੀ ਕਣਕ ਦਿੱਤੀ ਗਈ ਸੀ ਪਰ ਉਸ ਪਿੱਛੋਂ ਨਵੀਂ ਬਣੀ ਕਾਂਗਰਸ ਦੀ ਸਰਕਾਰ ਸਮੇਂ ਅੱਜ ਤੱਕ ਅਜਿਹੀ ਕਣਕ ਦੇ ਦਰਸ਼ਨ ਵੀ ਨਹੀਂ ਹੋਏ।
ਬੂਟਾ ਸਿੰਘ, ਗੇਡੀ ਸਿੰਘ, ਪਰਮਜੀਤ ਕੌਰ, ਗੁਰਦੀਪ ਕੌਰ, ਜਸਮੇਲ ਕੌਰ ਨੇ ਕਿਹਾ ਕਿ ਸਰਦੇ-ਪੁੱਜਦੇ ਲੋਕਾਂ ਨੇ ਆਪਣੇ ਸਾਲ ਭਰ ਦੀਆਂ ਲੋੜਾਂ ਲਈ ਕਣਕ ਦਾ ਬੰਦੋਬਸਤ ਕਰ ਲਿਆ ਹੈ ਪਰ ਇਸ ਸਮੇਂ ਬੇ-ਜ਼ਮੀਨੇ, ਮੱਧ ਵਰਗੀ ਅਤੇ ਗਰੀਬ ਪਰਿਵਾਰਾਂ ਨੂੰ ਆਪਣੀਆਂ ਰੋਜ਼ਮਰਾਂ ਦੀਆਂ ਜ਼ਰੂਰਤਾਂ ਲਈ ਕਣਕ ਇਕੱਠੀ ਕਰਨ ਵਾਸਤੇ ਦੋ-ਚਾਰ ਹੋਣਾ ਪੈ ਰਿਹਾ ਹੈ। ਮਹਿੰਗਾਈ ਦੇ ਕਾਰਨ ਗਰੀਬ ਪਰਿਵਾਰ ਚੁੱਲ੍ਹੇ ਤਪਾਉਣ ਤੋਂ ਲਾਚਾਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਮਜ਼ਦੂਰ ਪਰਿਵਾਰਾਂ ਦੇ ਚੁੱਲ੍ਹੇ ਬਲਦੇ ਰੱਖਣ ਲਈ ਰੋਜ਼ਾਨਾ ਰਸੋਈ ਵਰਤੋਂ 'ਚ ਆਉਣ ਵਾਲੀਆਂ ਵਸਤਾਂ ਛੇਤੀ ਤੋਂ ਛੇਤੀ ਡਿਪੂਆਂ 'ਤੇ ਸਸਤੇ ਭਾਅ 'ਚ ਮੁਹੱਈਆ ਕੀਤੀਆਂ ਜਾਣ। 
ਇਸ ਸਬੰਧੀ ਜਦ ਹਲਕਾ ਵਿਧਾਇਕ ਨਾਲ ਰਾਬਤਾ ਕਰਨਾ ਚਾਹਿਆ ਤਾਂ ਵਾਰ-ਵਾਰ ਫੋਨ ਕਰਨ 'ਤੇ ਵੀ ਉਨ੍ਹਾਂ ਫੋਨ ਰਿਸੀਵ ਕਰਨਾ ਮੁਨਾਸਿਬ ਨਹੀਂ ਸਮਝਿਆ। ਨਥਾਣਾ ਨਗਰ ਦੇ ਵਿਅਕਤੀਆਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਕਿ ਜਦ ਵਿਧਾਇਕ ਵੱਲੋਂ ਪੱਤਰਕਾਰ ਦਾ ਫੋਨ ਰਿਸੀਵ ਨਹੀਂ ਕੀਤਾ ਜਾ ਰਿਹਾ ਤਾਂ ਆਮ ਵੋਟਰ ਦਾ ਕੀ ਹਾਲ ਹੋਵੇਗਾ?


Related News