ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੇ ਉਤਾਰੇ ਬੱਸਾਂ ਦੇ ਪ੍ਰੈਸ਼ਰ ਹਾਰਨ, ਡਰਾਈਵਰਾਂ ਨੇ ਲਗਾਇਆ ਜਾਮ  (pics)

07/23/2017 11:50:10 AM

ਦਸੂਹਾ(ਝਾਵਰ)— ਸ਼ਨੀਵਾਰ ਦੁਪਹਿਰ ਸਮੇਂ ਸ਼ਿਵ ਮੂਰਤੀ ਟੀ-ਪੁਆਇੰਟ ਹਾਜੀਪੁਰ ਚੌਕ ਦਸੂਹਾ ਵਿਖੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਇੰਜੀਨੀਅਰ ਅਤੇ ਪ੍ਰਾਈਵੇਟ ਕਰਤਾਰ ਬੱਸ ਕੰਪਨੀ ਦੇ ਡਰਾਈਵਰਾਂ ਵਿਚਕਾਰ ਉਸ ਸਮੇਂ ਝਗੜਾ ਹੋ ਗਿਆ, ਜਦੋਂ ਪ੍ਰਦੂਸ਼ਣ ਕੰਟਰੋਲ ਬੋਰਡ ਪੰਜਾਬ ਦੇ ਚੇਅਰਮੈਨ ਕਾਹਨ ਸਿੰਘ ਪਨੂੰ ਦੇ ਹੁਕਮਾਂ ਅਨੁਸਾਰ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਬੱਸਾਂ ਅਤੇ ਟਰੱਕਾਂ 'ਤੋਂ ਹਾਰਨ ਉਤਾਰ ਰਹੇ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐੱਸ. ਡੀ. ਓ. ਸੁਖਵੰਤ ਸਿੰਘ, ਜੇ. ਈ. ਧਰਮਵੀਰ ਸਿੰਘ ਦਫਤਰ ਪ੍ਰਦੂਸ਼ਣ ਕੰਟਰੋਲ ਬੋਰਡ ਹੁਸ਼ਿਆਰਪੁਰ ਨੇ ਦੱਸਿਆ ਕਿ ਅਸੀਂ ਵਿਭਾਗ ਦੀਆਂ ਹਦਾਇਤਾਂ 'ਤੇ ਪ੍ਰੈਸ਼ਰ ਹਾਰਨ ਉਤਾਰ ਰਹੇ ਸੀ ਕਿ ਉਕਤ ਡਰਾਈਵਰਾਂ ਨੇ ਆਪਣੀਆਂ ਬੱਸਾਂ ਖੜ੍ਹੀਆਂ ਕਰਕੇ ਜਾਮ ਲਗਾ ਦਿੱਤਾ। 
ਇਸ ਮੌਕੇ ਥਾਣਾ ਮੁਖੀ ਦਸੂਹਾ ਪਲਵਿੰਦਰ ਸਿੰਘ ਅਤੇ ਹੋਰ ਮੁਲਾਜ਼ਮ ਵੀ ਪਹੁੰਚ ਗਏ, ਜਿਨ੍ਹਾਂ ਨੇ ਇਹ ਜਾਮ ਖੁਲ੍ਹਵਾਇਆ। ਇਹ ਜਾਮ 25 ਮਿੰਟ ਤਕ ਜਾਰੀ ਰਿਹਾ। ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਚੇਅਰਮੈਨ ਕਾਹਨ ਸਿੰਘ ਪਨੂੰ ਅਤੇ ਐੱਸ. ਈ. ਪ੍ਰਦੂਸ਼ਣ ਕੰਟਰੋਲ ਬੋਰਡ ਜਲੰਧਰ ਨੂੰ ਵੀ ਸੂਚਿਤ ਕਰ ਦਿੱਤਾ ਹੈ। ਥਾਣਾ ਮੁਖੀ ਪਲਵਿੰਦਰ ਸਿੰਘ ਦਸੂਹਾ ਨੇ ਦੱਸਿਆ ਕਿ ਇਸ ਸਬੰਧ 'ਚ ਜੇ ਕੋਈ ਸ਼ਿਕਾਇਤ ਮਿਲੀ ਤਾਂ ਉਸ 'ਤੇ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਇਸ ਮੌਕੇ ਐੱਸ. ਡੀ. ਓ. ਪੂਜਾ ਸ਼ਰਮਾ, ਪ੍ਰਦੂਸ਼ਣ ਕੰਟਰੋਲ ਬੋਰਡ ਦੇ ਹੋਰ ਮੁਲਾਜ਼ਮ ਅਤੇ ਦਸੂਹਾ ਪੁਲਸ ਦੇ ਮੁਲਾਜ਼ਮ ਵੀ ਮੌਜੂਦ ਸਨ।
ਕੀ ਕਹਿਣਾ ਹੈ ਅੱਡਾ ਇੰਚਾਰਜ ਦਾ : 
ਜਦੋਂ ਇਸ ਸਬੰਧ 'ਚ ਦਸੂਹਾ ਬੱਸ ਅੱਡੇ ਦੇ ਇੰਚਾਰਜ ਜਸਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪ੍ਰੈਸ਼ਰ ਹਾਰਨ ਲਾਹੁਣ ਸਬੰਧੀ ਉਨ੍ਹਾਂ ਨੂੰ ਕੋਈ ਵੀ ਨੋਟਿਸ ਪ੍ਰਾਪਤ ਨਹੀਂ ਹੋਇਆ ਪਰ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਉਨ੍ਹਾਂ ਨਾਲ ਧੱਕੇਸ਼ਾਹੀ ਜ਼ਰੂਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਜੋ ਵੀ ਹੁਕਮ ਮਿਲੇਗਾ, ਉਸ ਦਾ ਪਾਲਣ ਜ਼ਰੂਰ ਕੀਤਾ ਜਾਵੇਗਾ।


Related News