ਫਿਰੋਜ਼ਪੁਰ ''ਚ ਸੈਰ-ਸਪਾਟੇ ਦੀਆਂ ਥਾਵਾਂ ਨੂੰ ਬੜ੍ਹਾਵਾ ਦੇਣ ''ਚ ਅਧਿਕਾਰੀ ਤੇ ਨੇਤਾ ਸੁਸਤ

06/26/2017 9:18:34 AM

ਫਿਰੋਜ਼ਪੁਰ (ਜੈਨ)—ਸ਼ਹੀਦਾਂ ਦੇ ਸ਼ਹਿਰ ਨੂੰ ਟੂਰਿਸਟ ਹਬ ਬਣਾਉਣ 'ਚ ਸ਼ੁਰੂ ਤੋਂ ਹੀ ਸਿਆਸਤ ਹਾਵੀ ਰਹੀ ਹੈ, ਜਿਸ ਕਾਰਨ ਇੱਥੇ ਸੈਰ-ਸਪਾਟੇ ਦੀਆਂ ਥਾਵਾਂ ਵੱਲ ਧਿਆਨ ਦੇਣ ਲਈ ਕੋਈ ਵਿਸ਼ੇਸ਼ ਕਦਮ ਨਹੀਂ ਉਠਾਏ ਜਾ ਰਹੇ ਹਨ। ਹਰ ਵਾਰ ਰਾਜਨੇਤਾਵਾਂ ਵੱਲੋਂ ਇਨ੍ਹਾਂ ਦੇ ਮੁੜ ਉਸਾਰਨ ਤੇ ਸੁੰਦਰਤਾ ਲਈ ਗ੍ਰਾਂਟ ਲਿਆਉਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਇਹ ਗ੍ਰਾਂਟ ਕਦੋਂ ਆਉਂਦੀ ਹੈ ਤੇ ਕਿਧਰ ਚਲੀ ਜਾਂਦੀ ਹੈ, ਇਹ ਆਮ ਨਾਗਰਿਕਾਂ ਲਈ ਰਹੱਸ ਬਣਿਆ ਹੋਇਆ ਹੈ। ਅਸਲ 'ਚ ਸੈਰ-ਸਪਾਟੇ ਦੀਆਂ ਥਾਵਾਂ ਵੱਲ ਧਿਆਨ ਦੇਣ 'ਚ ਅਧਿਕਾਰੀ ਤੇ ਨੇਤਾ ਸੁਸਤ ਦਿਖ ਰਹੇ ਹਨ।
ਨਗਰ 'ਚ ਇੰਡੋ-ਪਾਕਿ ਹੱਦ 'ਚ ਸਥਿਤ ਹੁਸੈਨੀਵਾਲਾ ਬਾਰਡਰ 'ਤੇ ਸ਼ਹੀਦੀ ਯਾਦਗਾਰ ਬਾਹਰ ਤੋਂ ਆਉਣ ਵਾਲਿਆਂ ਲਈ ਆਕਰਸ਼ਣ ਦਾ ਕੇਂਦਰ ਹੈ ਤਾਂ ਉਥੇ ਗੁਰਦੁਆਰਾ ਸਾਰਾਗੜ੍ਹੀ ਸਾਹਿਬ, ਫਿਰੋਜ਼ਪੁਰ 'ਚ ਸਥਿਤ ਐਗਲੋ-ਸਿੱਖ ਵਾਰ ਸਣੇ ਫਿਰੋਜ਼ਪੁਰ ਸ਼ਹਿਰ 'ਚ ਬਣੇ ਗੇਟ ਅਤੇ ਹਰੀਕੇ ਪੱਤਣ ਦੀ ਬਰਡ ਸੈਂਚਰੀ, ਜੋ ਕਿ ਜ਼ਿਲੇ ਨੂੰ ਨਵੀਂ ਪਛਾਣ ਪ੍ਰਦਾਨ ਕਰਦੇ ਹਨ।

ਗ੍ਰਾਂਟ ਆਈ ਵਾਪਿਸ ਚਲੀ ਗਈ
ਸਾਲ 2014 'ਚ ਯੂ. ਪੀ. ਏ. ਸ਼ਾਸਨਕਾਲ ਦੇ ਦੌਰਾਨ ਕੇਂਦਰੀ ਟੂਰਿਜ਼ਮ ਮੰਤਰਾਲੇ ਵੱਲੋਂ ਸਰਹੱਦੀ ਖੇਤਰ ਦੇ ਸੈਰ-ਸਪਾਟੇ ਦੀਆਂ ਥਾਵਾਂ ਦੀ ਸੁੰਦਰਤਾ ਲਈ ਭੇਜੀ 4.5 ਕਰੋੜ ਦੀ ਗ੍ਰਾਂਟ ਆਉਣ ਦੇ ਬਾਵਜੂਦ ਖਰਚ ਨਹੀਂ ਹੋਈ ਤੇ ਵਾਪਿਸ ਚਲੀ ਗਈ, ਜਿਸਦਾ ਮੁੱਖ ਕਾਰਨ ਆਗੂਆਂ ਦੀ ਆਪਸੀ ਸਿਆਸੀ ਰੰਜਿਸ਼ ਮੰਨਿਆ ਗਿਆ। ਉਸ ਸਮੇਂ ਵਿਧਾਇਕ ਪਰਮਿੰਦਰ ਪਿੰਕੀ ਨੇ ਇਕ ਬਿਆਨ ਦੇ ਕੇ ਕਿਹਾ ਸੀ ਕਿ ਯੂ. ਪੀ. ਏ. ਸਰਕਾਰ ਨੇ ਹੁਸੈਨੀਵਾਲਾ ਦੀ ਸੁੰਦਰਤਾ ਲਈ 13.12 ਲੱਖ, ਰੇਲਵੇ ਦੀ ਬਿਊਟੀਫਿਕੇਸ਼ਨ ਦੇ ਲਈ 94.11 ਲੱਖ, ਉਕਤ ਥਾਂ ਨੂੰ ਦਰਸਾਉਣ ਦੀ ਸਾਈਡ ਬੋਰਡ ਲਈ 18.18 ਲੱਖ, ਸਾਰਾਗੜ੍ਹੀ ਗੁਰਦੁਆਰਾ ਦੀ ਲੈਂਡ ਸਕੇਪਿੰਗ ਲਈ 44.16 ਲੱਖ, ਲਾਈਟਿੰਗ ਤੇ ਸਾਊਂਡ ਸਿਸਟਮ ਲਈ 16.3 ਲੱਖ, ਸੂਚਨਾ ਕੇਂਦਰ ਲਈ 3.6 ਲੱਖ, ਹਰੀਕੇ ਬਰਡ ਸੈਂਚਰੀ ਲਈ 76 ਲੱਖ ਤੇ ਐਂਗਲੋ-ਸਿੱਖ ਫਿਰੋਜ਼ਸ਼ਾਹ ਦੀ ਸੁੰਦਰਤਾ ਤੇ ਰੱਖ-ਰਖਾਅ ਲਈ 18 ਲੱਖ ਰੁਪਏ ਜਾਰੀ ਕੀਤੇ ਸਨ।

ਸੀ. ਐੱਮ. ਨੇ ਵੀ ਜਾਰੀ ਕੀਤੀ ਸੀ ਗ੍ਰਾਂਟ
ਮਾਰਚ 2015 'ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 13.5 ਕਰੋੜ ਦੀ ਗ੍ਰਾਂਟ ਜਾਰੀ ਕਰਦੇ ਹੋਏ ਹੁਸੈਨੀਵਾਲਾ 'ਚ ਸਾਊਂਡ ਲਾਈਟ ਸਿਸਟਮ ਦੇ ਇਲਾਵਾ ਆਡੀਟੋਰੀਅਮ ਦੀ ਮੁਰੰਮਤ, ਭਗਤ ਸਿੰਘ ਦੇ ਜਵੀਨ ਦੀ ਡਾਕੂਮੈਂਟਰੀ ਤੇ ਡਰਾਮਾ, ਗੱਟੀ ਰਾਜੋ ਤੱਕ ਸੜਕ ਬਣਾਉਣ ਤੇ ਹਜਾਰੇ ਵਾਲਾ ਦਾ ਪੁਲ ਬਣਾਉਣ ਦਾ ਦਾਅਵਾ ਕੀਤਾ ਸੀ। ਇਸ ਗ੍ਰਾਂਟ ਨਾਲ ਵੀ ਅਜੇ ਤੱਕ ਪੂਰਾ ਕੰਮ ਨਹੀਂ ਹੋ ਸਕਿਆ।


ਹੁਸੈਨੀਵਾਲਾ
ਹੁਸੈਨੀਵਾਲਾ 'ਚ ਦਰਸ਼ਕ ਗੈਲਰੀ ਬਣੀ ਅਤੇ ਸੀਮਾ ਸੁਰੱਖਿਆ ਬਲ ਵੱਲੋਂ ਮਿਊਜ਼ੀਅਮ ਵੀ ਬਣਾਇਆ ਗਿਆ, ਪਰ ਉਸਦਾ ਅਜੇ ਤੱਕ ਰਸਮੀ ਉਦਘਾਟਨ ਨਹੀਂ ਹੋਇਆ ਹੈ।

ਸ਼ਹੀਦੀ ਯਾਦਗਾਰ
ਸ਼ਹੀਦ-ਏ-ਆਜ਼ਮ ਭਾਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸਮਾਧੀ 'ਤੇ ਬੇਸ਼ਕ ਭਾਜਪਾ ਨੇਤਾ ਕਮਲ ਸ਼ਰਮਾ ਨੇ ਸ਼ਹੀਦੀ ਜਯੋਤੀ ਤਾਂ ਸਥਾਪਿਤ ਕਰਵਾਈ ਪਰ ਸਰਕਾਰ ਵੱਲੋਂ ਐਲਾਨ ਕੀਤਾ ਸਾਊਂਡ ਤੇ ਲਾਈਟ ਸਿਸਟਮ ਨਹੀਂ ਲੱਗ ਸਕਿਆ ਹੈ। 

ਸਿੱਖ-ਐਂਗਲੋ ਵਾਰ
ਉਕਤ ਇਮਾਰਤ ਆਪਣੀ ਦੁਰਦਸ਼ਾ 'ਤੇ ਹੰਝੂ ਬਹਾ ਰਹੀ ਹੈ। ਇਸ ਨੂੰ ਦੇਖਣ 'ਚ ਲੋਕਾਂ ਵਿਚ ਰੁਚੀ ਦੀ ਕਮੀ ਹੈ, ਜਿਸ ਦਾ ਮੁੱਖ ਕਾਰਨ ਪ੍ਰ²ਸ਼ਾਸਨ ਤੇ ਸਰਕਾਰ ਦਾ ਇਸ ਗੱਲ ਵੱਲ ਧਿਆਨ ਨਾ ਹੋਣਾ ਹੈ।

ਗੁਰਦੁਆਰਾ ਸਾਰਾਗੜ੍ਹੀ
ਪਵਿੱਤਰ ਅਸਥਾਨ ਜਿੱਥੇ ਲੋਕ ਸ਼ਰਧਾ ਨਾਲ ਸਿਰ ਝੁਕਾਉਂਦੇ ਹਨ, ਉਥੇ ਸਾਲ ਵਿਚ ਇਕ ਦਿਨ ਹੀ ਲੋਕਾਂ ਦਾ ਹਜੂਮ ਇਕੱਠਾ ਹੁੰਦਾ ਹੈ। ਇਸ ਅਸਥਾਨ ਦੀ ਸੁੰਦਰਤਾ ਵਧਾਉਣ ਲਈ ਸਰਕਾਰ ਵੱਲੋਂ ਅਨੇਕਾਂ ਵਾਅਦੇ ਕੀਤੇ ਗਏ ਸੀ ਪਰ ਉਹ ਪੂਰੇ ਨਹੀਂ ਹੋ ਪਾਏ ਹਨ।

ਬਗਦਾਦੀ ਗੇਟ
ਕਦੇ ਗੇਟਾਂ ਦੇ ਨਾਂ ਨਾਲ ਪਛਾਣੇ ਜਾਣ ਵਾਲੇ ਜ਼ਿਲੇ ਵਿਚ ਸਿਰਫ ਇਕ ਹੀ ਗੇਟ ਬਚਿਆ ਹੈ ਅਤੇ ਉਹ ਹੈ ਬਗਦਾਦੀ ਗੇਟ। ਜਦ ਕਿ ਬਾਕੀ ਗੇਟਾਂ ਦੀ ਹੋਂਦ ਖਤਮ ਹੋ ਗਈ ਹੈ, ਸਿਰਫ ਇਸ ਖੇਤਰ ਨੂੰ ਗੇਟ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਹਰੀਕੇ ਬਰਡ ਸੈਂਚਰੀ
ਹਰੀਕੇ ਬਰਡ ਸੈਂਚਰੀ ਵਿਚ ਸਾਈਬੇਰੀਆ ਸਣੇ ਹੋਰ ਦੇਸ਼ਾਂ ਤੋਂ ਲੱਖਾਂ ਦੀ ਗਿਣਤੀ ਵਿਚ ਪੰਛੀ ਆਉਂਦੇ ਹਨ ਅਤੇ ਇਨ੍ਹਾਂ ਨੂੰ ਦੇਖਣ ਲਈ ਲੋਕਾਂ ਦਾ ਹਜੂਮ ਭਾਰੀ ਗਿਣਤੀ ਵਿਚ ਇਕੱਠਾ ਹੁੰਦਾ ਹੈ।


Related News