ਪੁਲਸ ਕਮਿਸ਼ਨਰ ਦੇ ਹੁਕਮ ''ਤੇ ਯੂਥ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੱਬਲ ਦੇ ਖਿਲਾਫ ਦਰਜ ਕੇਸ ਖਾਰਜ

06/25/2017 9:57:53 AM

ਲੁਧਿਆਣਾ (ਰਿਸ਼ੀ) — ਗੈਂਗਸਟਰ ਸੁੱਖਾ ਬਾੜੇਵਾਲੀਆ ਦੇ ਫੜੇ ਜਾਣ ਦੇ ਕੁਝ ਘੰਟਿਆਂ ਬਾਅਦ ਪੁਲਸ ਵਲੋਂ ਯੂਥ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੱਬਲ ਦੇ ਖਿਲਾਫ ਥਾਣਾ ਸਰਾਭਾ 'ਚ ਜਾਅਲੀ ਕਾਗਜ਼ਾਤਾਂ ਦੇ ਸਹਾਰੇ ਕੋਠੀ 'ਤੇ ਕਬਜ਼ਾ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਗਿਆ ਸੀ ਪਰ ਮਾਮਲਾ ਦਰਜ ਹੋਣ ਦੇ 24 ਘੰਟੇ ਦੇ ਅੰਦਰ ਹੀ ਪੁਲਸ ਕਮਿਸ਼ਨਰ ਆਰ. ਐੱਨ. ਢੋਕੇ ਨੇ ਮਾਮਲੇ ਨੂੰ ਖਾਰਜ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ।
ਜਾਣਕਾਰੀ ਮੁਤਾਬਕ ਕੇਸ ਦਰਜ ਹੋਣ ਤੋਂ ਬਾਅਦ ਸਵੇਰੇ ਗੁਰਪ੍ਰੀਤ ਸਿੰਘ ਬੱਬਲ ਦੀ ਪਤਨੀ ਮਨਪ੍ਰੀਤ ਕੌਰ ਆਪਣੇ ਸਮਰਥਕਾਂ ਨਾਲ  ਪੁਲਸ ਕਮਿਸ਼ਨਰ ਨੂੰ ਮਿਲਣ ਕੋਠੀ ਗਈ ਸੀ ਤੇ ਇਨਸਾਫ ਦੀ ਮੰਗ ਕਰਦੇ ਹੋਏ ਸਿਆਸੀ ਸਾਜਿਸ਼  ਦੇ ਤਹਿਤ ਬੱਬਲ ਨੂੰ ਫਸਾ ਕੇ ਝੂਠਾ ਮਾਮਲਾ ਦਰਜ ਕੀਤੇ ਜਾਣ ਦੀ ਗੱਲ ਕਹਿੰਦੇ ਹੋਏ ਨਿਰਪੱਖ ਜਾਂਚ ਦੀ ਮੰਗ ਕੀਤੀ। ਮਨਪ੍ਰੀਤ ਨੇ ਕਿਹਾ ਕਿ ਅਕਾਲੀ ਦਲ ਦੇ ਆਗੂ ਹੋਣ ਕਾਰਨ ਅਕਸਰ ਕਈ ਨੌਜਵਾਨ ਉਸ ਦੇ ਪਤੀ ਨੂੰ ਮਿਲਣ ਆਉਂਦੇ ਹਨ ਪਰ ਸੁੱਖੇ ਬਾਰੇ ਉਨ੍ਹਾਂ ਨੂੰ ਕੁਝ ਨਹੀਂ ਪਤਾ।
ਉਨ੍ਹਾਂ ਦੱਸਿਆ ਕਿ ਉਕਤ ਕੋਠੀ 2007 ਤੋਂ ਉਨ੍ਹਾਂ ਕੋਲ ਹੈ ਤੇ 2012  ਤੋਂ ਅਕਾਲੀ ਦਲ ਦਾ ਉਥੇ ਦਫਤਰ ਬਣਾਇਆ ਹੋਇਆ ਹੈ। ਉਨ੍ਹਾਂ ਏ.  ਸੀ. ਪੀ. ਕ੍ਰਾਈਮ ਮਨਿੰਦਰ ਬੇਦੀ 'ਤੇ ਦੋਸ਼ ਲਗਾਉਂਦੇ ਕਿਹਾ ਕਿ ਕਾਂਗਰਸੀਆਂ ਦੇ ਨਾਲ ਮਿਲ ਕੇ ਪਹਿਲਾਂ ਉਨ੍ਹਾਂ ਨੇ ਸ਼ੁੱਕਰਵਾਰ ਦੇਰ ਸ਼ਾਮ ਉਸ ਦੇ ਪਤੀ 'ਤੇ ਝੂਠਾ ਕੇਸ ਦਰਜ ਕੀਤਾ ਤੇ ਕੁਝ ਘੰਟਿਆਂ ਬਾਅਦ ਕੋਠੀ ਦੇ ਤਾਲੇ ਤੋੜ ਕੇ ਕਾਂਗਰਸੀਆਂ ਦੇ ਤਾਲੇ ਲਗਵਾ ਕੇ ਚਲੇ ਗਏ। ਅਜਿਹਾ ਇਕ ਵਾਰ ਪਹਿਲਾਂ ਵੀ ਉਨ੍ਹਾਂ ਵਲੋਂ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦਾ ਇਹ ਵੀ ਦੋਸ਼ ਹੈ ਕਿ ਸਵੇਰੇ ਉਥੇ ਆ ਕੇ ਕਾਂਗਰਸੀ ਆਗੂਆਂ ਨੇ ਆਪਣੇ ਬੋਰਡ ਲਗਾ ਦਿੱਤੇ।  ਇਹ ਸਭ ਕੁਝ ਏ. ਐੱਸ. ਪੀ. ਦੀ ਮਰਜ਼ੀ ਨਾਲ ਹੋਇਆ ।


Related News