ਭੇਦਭਰੇ ਹਲਾਤਾਂ 'ਚ ਔਰਤ ਦੀ ਲਾਸ਼ ਬਰਾਮਦ

10/20/2017 2:23:25 PM

ਝਬਾਲ/ ਬੀੜ ਸਾਹਿਬ (ਹਰਬੰਸ ਸਿੰਘ ਲਾਲੂਘੁੰਮਣ, ਬਖਤਾਵਰ,ਨਰਿੰਦਰ) - ਸ਼ੁੱਕਰਵਾਰ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਸ ਨੂੰ ਪਿੰਡ ਗੰਡੀਵਿੰਡ ਸਥਿਤ ਕਲੋਨੀਆਂ ਦੇ ਨਜ਼ਦੀਕ ਇਕ ਅਧੇੜ ਉਮਰ ਦੀ ਔਰਤ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। 
ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸਵੇਰੇ ਜਦੋਂ ਕੁਝ ਲੋਕਾਂ ਨੇ ਪਿੰਡ ਗੰਡੀਵਿੰਡ ਸਥਿਤ ਕਾਲੋਨੀਆਂ ਨਜ਼ਦੀਕ ਇਕ ਖੇਤ 'ਚ ਇਕ ਔਰਤ ਦੀ ਲਾਸ਼ ਵੇਖੀ ਤਾਂ ਕਿਸੇ ਵੱਲੋਂ ਇਸ ਸਬੰਧੀ ਤੁਰੰਤ ਥਾਣਾ ਸਰਾਏ ਅਮਨਾਤ ਖਾਂ ਦੀ ਪੁਲਸ ਨੂੰ ਸੂਚਿਤ ਕੀਤਾ ਗਿਆ। ਮੌਕੇ 'ਤੇ ਪੁਲਸ ਪਾਰਟੀ ਸਮੇਤ ਪਹੁੰਚੇ ਥਾਣਾ ਸਰਾਏ ਅਮਨਾਤ ਖਾਂ ਦੇ ਮੁਖੀ ਸਬ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਹਲਾਤਾਂ ਦਾ ਜਾਇਜ਼ਾ ਲਿਆ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁੱਖੀ ਨੇ ਦੱਸਿਆ ਕਿ ਮ੍ਰਿਤਕ ਔਰਤ ਜਿਸ ਦੀ ਪਹਿਚਾਣ ਮਨਜੀਤ ਕੌਰ ਉਰਫ ਭੋਲੀ ਪਤਨੀ ਸੁਵਿੰਦਰ ਸਿੰਘ ਕੌਮ ਮਜਬੀ ਸਿੱਖ, ਵਾਸੀ ਗੰਡੀਵਿੰਡ ਵਜੋਂ ਹੋਈ ਹੈ, ਜਿਸ ਦੀ ਉਮਰ 35 ਸਾਲ ਦੇ ਕਰੀਬ ਲੱਗਦੀ ਹੈ। ਉਨ੍ਹਾਂ ਨੇ ਸ਼ੱਕ ਜਾਹਿਰ ਕਰਦਿਆਂ ਦੱਸਿਆ ਕਿ ਮ੍ਰਿਤਕਾ ਦੇ ਗਲੇ 'ਚ ਪਏ ਗਹਿਰੇ ਨਿਸ਼ਾਨਾਂ ਤੋਂ ਇੰਝ ਪ੍ਰਤੀਕ ਹੁੰਦਾ ਹੈ ਕਿ ਔਰਤ ਦਾ ਗਲਾ ਘੁੱਟ ਕੇ ਉਸਦੀ ਹੱਤਿਆ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਕਬਜ਼ੇ ਹੇਠ ਲੈ ਕੇ ਅਗਲੇਰੀ ਤਫਤੀਸ਼ ਅਰੰਭ ਦਿੱਤੀ ਗਈ ਹੈ ਅਤੇ ਕੁਝ ਲੋਕਾਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।


Related News