ਨੂੰਹ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਪੀੜਤਾਂ ਨੇ ਥਾਣੇ ''ਚ ਕੀਤਾ ਹੰਗਾਮਾ

08/18/2017 4:15:26 AM

ਲੁਧਿਆਣਾ, (ਮਹੇਸ਼)- ਕਰੀਬ ਇਕ ਹਫਤਾ ਪਹਿਲਾਂ ਨਿਊ ਅਸ਼ੋਕ ਨਗਰ ਵਿਚ ਪਤਨੀ ਵੱਲੋਂ ਤੰਗ ਕਰਨ ਤੋਂ ਦੁਖੀ ਹੋ ਕੇ ਆਤਮਹੱਤਿਆ ਕਰਨ ਵਾਲੇ ਜੋਗਾ ਸਿੰਘ ਦੇ ਮਾਮਲੇ ਵਿਚ ਨੂੰਹ ਸਿਮਰਨ ਕੌਰ ਉਰਫ ਪੂਜਾ ਤੇ ਸਹਿਯੋਗੀ ਉਸ ਦੀ ਭੂਆ ਕੁਲਵਿੰਦਰ ਕੌਰ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਮ੍ਰਿਤਕ ਦੇ ਪਿਤਾ ਚੰਨ ਸਿੰਘ ਨੇ ਆਪਣੇ ਸਮਰਥਕਾਂ ਨਾਲ ਸਲੇਮ ਟਾਬਰੀ ਥਾਣੇ ਵਿਚ ਜੰਮ ਕੇ ਹੰਗਾਮਾ ਕੀਤਾ। ਇਸ ਦੌਰਾਨ ਉਹ ਥਾਣੇ ਅੰਦਰ ਹੀ ਧਰਨਾ ਲਾ ਕੇ ਬੈਠ ਗਏ। ਉਸ ਨੂੰ ਕਈ ਵਾਰ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੇ। ਚੰਨ ਦਾ ਕਹਿਣਾ ਸੀ ਕਿ ਕੇਸ ਦਰਜ ਹੋਏ ਇਕ ਹਫਤਾ ਬੀਤ ਚੁੱਕਾ ਹੈ। ਪੁਲਸ ਉਸ ਨੂੰ ਇਨਸਾਫ ਦਿਵਾਉਣ ਦੀ ਬਜਾਏ ਦੋਸ਼ੀਆਂ ਨਾਲ ਮਿਲ ਗਈ ਹੈ, ਜਿਸ ਕਾਰਨ ਉਨ੍ਹਾਂ ਨੂੰ ਗ੍ਰਿਫਤਾਰ ਨਹੀਂ ਕਰ ਰਹੀ, ਜਦੋਂ ਕਿ ਉਹ ਖੁੱਲ੍ਹੇਆਮ ਘੁੰਮ ਰਹੀ ਹੈ, ਉਸ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਕ ਹਫਤੇ ਦੇ ਅੰਦਰ ਦੋਵਾਂ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੋਈ ਤਾਂ ਉਹ ਖੁਦ ਨੂੰ ਕੁਝ ਵੀ ਕਰ ਸਕਦਾ ਹੈ, ਜਿਸ ਦੀ ਜ਼ਿੰਮੇਦਾਰੀ ਪੁਲਸ ਪ੍ਰਸ਼ਾਸਨ ਦੀ ਹੋਵੇਗੀ।
ਉਧਰ ਬਰਾੜ ਦਾ ਕਹਿਣਾ ਹੈ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਲਈ 3-4 ਵਾਰ ਰੇਡ ਕੀਤੀ ਗਈ ਸੀ ਪਰ ਉਹ ਹੱਥ ਨਹੀਂ ਲੱਗੀ। ਪੁਲਸ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਪੁਲਸ ਨੇ ਸ਼ਿਕਾਇਤਕਰਤਾ ਤੋਂ ਮਦਦ ਮੰਗੀ ਹੈ ਤਾਂ ਕਿ ਦੋਸ਼ੀਆਂ ਨੂੰ ਜਲਦੀ ਕਾਬੂ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪੁਲਸ ਤੇ ਦੋਸ਼ੀਆਂ ਨੂੰ ਬਚਾਉਣ ਦੇ ਲਾਏ ਗਏ ਦੋਸ਼ ਝੂਠੇ ਤੇ ਬੇਬੁਨਿਆਦ ਹਨ।
ਫਲੈਸ਼ ਬੈਕ : ਜੋਗਾ ਸਿੰਘ ਦਾ ਵਿਆਹ 4 ਮਹੀਨੇ ਪਹਿਲਾਂ 14 ਅਪ੍ਰੈਲ ਨੂੰ ਮਨਜੀਤ ਨਗਰ ਦੀ ਸਿਮਰਨ ਦੇ ਨਾਲ ਹੋਇਆ ਸੀ। ਜੋਗਾ ਨੇ 12 ਅਗਸਤ ਨੂੰ ਜ਼ਹਿਰ ਨਿਗਲ ਲਿਆ ਸੀ, ਜਿਸ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ ਸੀ, ਜਿਸ ਦੇ ਬਾਅਦ ਪੁਲਸ ਨੇ ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ 'ਤੇ ਸਿਮਰਨ ਤੇ ਕੁਲਵਿੰਦਰ ਕੌਰ ਖਿਲਾਫ ਜੋਗਾ ਸਿੰਘ ਨੂੰ ਆਤਮਹੱਤਿਆ ਕਰਨ ਲਈ ਮਜਬੂਰ ਕਰਨ ਦੇ ਦੋਸ਼ ਵਿਚ ਕੇਸ ਦਰਜ ਕੀਤਾ ਸੀ, ਜਿਸ ਵਿਚ ਚੰਨ ਦਾ ਦੋਸ਼ ਹੈ ਕਿ ਉਸ ਦੀ ਨੂੰਹ ਉਸ ਦੇ ਬੇਟੇ ਨੂੰ ਤਾਅਨੇ ਮਾਰਦੀ ਸੀ ਕਿ ਉਹ ਉਸ ਨੂੰ ਪਸੰਦ ਨਹੀਂ ਹੈ। ਉਹ ਉਸ ਨਾਲ ਨਹੀਂ ਰਹੇਗੀ, ਜਦ ਕਿ ਉਸ ਦਾ ਬੇਟਾ ਉਸ ਨੂੰ ਬਹੁਤ ਪਿਆਰ ਕਰਦਾ ਸੀ।


Related News