...ਜਦੋਂ ਬਾਰਾਤੀਆਂ ਵਾਲੀ ਬੱਸ ਨੂੰ ਕਈ ਘੰਟੇ ਰੁਕਣਾ ਪਿਆ ਥਾਣੇ

12/12/2017 1:46:49 AM

ਫ਼ਿਰੋਜ਼ਪੁਰ(ਕੁਮਾਰ)—ਫਿਰੋਜ਼ਪੁਰ ਦੇ ਸਰਹੱਦੀ ਪਿੰਡ ਕਮਾਲੇ ਵਾਲਾ ਵਿਚ ਇਕ ਵਿਆਹ ਸਮਾਰੋਹ ਦੌਰਾਨ ਲੜਾਈ-ਝਗੜੇ ਕਾਰਨ ਬਾਰਾਤੀਆਂ ਨਾਲ ਭਰੀ ਬੱਸ ਨੂੰ ਕਈ ਘੰਟਿਆਂ ਤੱਕ ਥਾਣੇ ਦੇ ਬਾਹਰ ਰੁਕਣਾ ਪਿਆ, ਜਦਕਿ ਬਾਰਾਤੀਆਂ ਨਾਲ ਭਰੀ ਬੱਸ 'ਚੋਂ ਪੁਲਸ ਨੇ 4 ਲੋਕਾਂ ਨੂੰ ਲੜਾਈ-ਝਗੜਾ ਤੇ ਮਾਰਕੁੱਟ ਕਰਨ ਦੇ ਦੋਸ਼ ਵਿਚ ਪੁੱਛਗਿੱਛ ਲਈ ਹਿਰਾਸਤ ਵਿਚ ਲੈ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਦੌਰਾਨ ਕੁਝ ਲੋਕ ਜ਼ਖਮੀ ਵੀ ਹੋਏ ਅਤੇ ਦੋਵੇਂ ਧਿਰਾਂ ਨੇ ਇਕ-ਦੂਸਰੇ 'ਤੇ ਹਮਲਾ ਕਰਨ ਅਤੇ ਲੱਕੜ ਦੇ ਮੋਟੇ ਦਸਤੇ ਨਾਲ ਮਾਰਕੁੱਟ ਕਰਨ ਦੇ ਦੋਸ਼ ਲਾਏ। ਵਿਆਹ ਵਿਚ ਸ਼ਾਮਲ ਹੋਈ ਔਰਤ ਛਿੰਦੋ, ਬਿੱਟੂ ਵਾਸੀ ਗਜਨੀ ਵਾਲਾ ਨੇ ਦੱਸਿਆ ਕਿ ਅਸੀਂ ਬਾਰਾਤੀ ਹਾਂ ਅਤੇ ਪੁਰਾਣੀ ਰੰਜਿਸ਼ ਕਰ ਕੇ ਉਨ੍ਹਾਂ 'ਤੇ ਕੁਝ ਲੋਕਾਂ ਨੇ ਲੱਕੜ ਦੇ ਬਾਲਿਆਂ ਨਾਲ ਹਮਲਾ ਕਰ ਦਿੱਤਾ ਤੇ ਉਨ੍ਹਾਂ ਦੇ ਕਈ ਬਾਰਾਤੀ ਸਾਥੀਆਂ ਨੂੰ ਜ਼ਖਮੀ ਕਰ ਦਿੱਤਾ। ਛਿੰਦੋ ਤੇ ਬਿੱਟੂ ਅਨੁਸਾਰ ਹਮਲਾਵਰ ਪਾਰਟੀ ਨੇ ਇਕ ਤਾਂ ਬਾਰਾਤੀਆਂ 'ਤੇ ਹਮਲਾ ਕਰ ਦਿੱਤਾ ਅਤੇ ਖੁਦ ਹੀ ਸਰਹੱਦੀ ਪਿੰਡ ਬਾਰੇ ਕੇ ਦੀ ਪੁਲਸ ਚੌਕੀ ਵਿਚ ਉਨ੍ਹਾਂ ਖਿਲਾਫ ਸ਼ਿਕਾਇਤ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਜਦੋਂ ਬਾਰਾਤ ਵਾਪਸ ਜਾ ਰਹੀ ਸੀ ਤਾਂ ਪੁਲਸ ਨੇ ਨਾਕਾਬੰਦੀ ਦੌਰਾਨ ਪਿੰਡ ਬਾਰੇ ਕੇ ਵਿਚ ਹੀ ਬੱਸ ਰੋਕ ਲਈ ਅਤੇ ਉਸ ਵਿਚ ਸਵਾਰ ਨਾਮਜ਼ਦ ਵਿਅਕਤੀਆਂ ਨੂੰ ਕੱਢ ਲਿਆ ਅਤੇ ਭੰਗੜਾ ਪਾਉਂਦੇ ਆਏ ਬਾਰਾਤੀ ਘੰਟਿਆਂ ਤੱਕ ਪੁਲਸ ਚੌਕੀ ਦੇ ਬਾਹਰ ਖੜ੍ਹੇ ਰਹੇ। ਦੂਸਰੀ ਧਿਰ ਦੇ ਲੋਕਾਂ ਨੇ 4 ਬਾਰਾਤੀਆਂ 'ਤੇ ਮਾਰਕੁੱਟ ਦੇ ਦੋਸ਼ ਲਾਏ। ਪੁਲਸ ਵੱਲੋਂ ਇਸ ਲੜਾਈ-ਝਗੜੇ ਤੇ ਮਾਰਕੁੱਟ ਨੂੰ ਲੈ ਕੇ ਨਾਮਜ਼ਦ ਵਿਅਕਤੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। 


Related News