ਪੁਲਸ ਵੱਲੋਂ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਲਈ ਪੈਦਲ ਪੈਟਰੋਲਿੰਗ ਸ਼ੁਰੂ

10/17/2017 1:47:20 AM

ਮੋਗਾ,   (ਆਜ਼ਾਦ)- ਮੋਗਾ ਪੁਲਸ ਵੱਲੋਂ ਮਾੜੇ ਅਨਸਰਾਂ 'ਤੇ ਤਿੱਖੀ ਨਜ਼ਰ ਰੱਖਣ ਅਤੇ ਉਨ੍ਹਾਂ ਨੂੰ ਕਾਬੂ ਕਰਨ ਲਈ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਦਿਆਂ ਸ਼ਹਿਰ ਵਾਸੀਆਂ ਨੂੰ ਦੀਵਾਲੀ ਤੋਂ ਪਹਿਲਾਂ ਸੁਰੱਖਿਆ ਪ੍ਰਦਾਨ ਕਰ ਕੇ ਸ਼ਹਿਰ ਨੂੰ ਦੋ ਹਿੱਸਿਆਂ 'ਚ ਵੰਡ ਕੇ ਪੁਲਸ ਪਾਰਟੀਆਂ ਦੀ ਪੈਦਲ ਪੈਟਰੋਲਿੰਗ ਸ਼ੁਰੂ ਕਰਨ ਦੇ ਨਾਲ ਮੋਟਰਸਾਈਕਲ ਸਵਾਰਾਂ ਨੂੰ ਵੀ ਗਸ਼ਤ ਕਰਨ ਦੇ ਹੁਕਮ ਦਿੱਤੇ ਗਏ ਹਨ। 
ਇਸ ਸਬੰਧੀ ਅੱਜ ਪੁਲਸ ਲਾਈਨ ਮੋਗਾ 'ਚ ਐੱਸ. ਪੀ. ਆਈ. ਵਜ਼ੀਰ ਸਿੰਘ ਖਹਿਰਾ, ਡੀ. ਐੱਸ. ਪੀ. ਸਿਟੀ ਗੋਬਿੰਦਰ ਸਿੰਘ ਨੇ ਦੱਸਿਆ ਕਿ ਸ਼ਹਿਰ 'ਚ ਬੀਟ ਸਿਸਟਮ ਲਾਗੂ ਕੀਤਾ ਗਿਆ ਹੈ। ਇਸ ਮੌਕੇ ਸਿਟੀ ਮੋਗਾ ਦੇ ਮੁੱਖ ਅਫਸਰ ਇੰਸਪੈਕਟਰ ਗੁਰਪ੍ਰੀਤ ਸਿੰਘ ਤੋਂ ਇਲਾਵਾ ਹੋਰ ਵੀ ਕਈ ਪੁਲਸ ਅਫਸਰ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਅੱਠ ਪੁਲਸ ਪੈਟਰੋਲਿੰਗ ਪਾਰਟੀਆਂ, ਜੋ ਦੋ ਹਿੱਸਿਆਂ 'ਚ ਸ਼ਹਿਰ 'ਚ ਗਸ਼ਤ ਕਰਨਗੀਆਂ ਤਾਂ ਕਿ ਮਾੜੇ ਅਤੇ ਸ਼ਰਾਰਤੀ ਅਨਸਰ ਕਾਬੂ ਆ ਸਕਣ। ਪੈਦਲ ਪੈਟਰੋਲਿੰਗ ਪਾਰਟੀਆਂ ਦੀ ਅਗਵਾਈ ਥਾਣਾ ਸਿਟੀ-1 ਅਤੇ ਥਾਣਾ ਸਿਟੀ ਸਾਊਥ ਦੇ ਮੁੱਖ ਅਫਸਰ ਕਰਨਗੇ। ਮੋਟਰਸਾਈਕਲਾਂ ਦੀਆਂ 16 ਪੈਟਰੋਲਿੰਗ ਪਾਰਟੀਆਂ ਪਹਿਲਾਂ ਹੀ ਗਸ਼ਤ ਕਰ ਰਹੀਆਂ ਹਨ। ਪੈਦਲ ਪੁਲਸ ਪੈਟਰੋਲਿੰਗ ਪਾਰਟੀਆਂ ਵਾਇਰਲੈਸ ਤੇ ਅਸਲੇ ਨਾਲ ਲੈਸ ਹੋਣਗੀਆਂ ਅਤੇ ਉਹ ਹਰ ਸਮੇਂ ਮੋਟਰਸਾਈਕਲ ਪੈਟਰੋਲਿੰਗ ਪਾਰਟੀ ਮੁਲਾਜ਼ਮਾਂ ਨਾਲ ਸੰਪਰਕ 'ਚ ਰਹਿਣਗੀਆਂ ਤਾਂ ਕਿ ਲੋੜ ਪੈਣ 'ਤੇ ਉਨ੍ਹਾਂ ਦੀ ਸਹਾਇਤਾ ਲਈ ਜਾ ਸਕੇ। 
ਉਨ੍ਹਾਂ ਅੱਗੇ ਦੱਸਿਆ ਕਿ ਸਿਟੀ ਮੋਗਾ ਦੀ ਪੈਦਲ ਪੈਟਰੋਲਿੰਗ ਪਾਰਟੀ ਜੋਗਿੰਦਰ ਸਿੰਘ ਚੌਕ ਤੋਂ ਮੇਨ ਬਾਜ਼ਾਰ, ਦੁੱਨੇਕੇ, ਜੁਡੀਸ਼ੀਅਲ ਕੰਪਲੈਕਸ, ਨੈਸਲੇ ਡੇਅਰੀ, ਜ਼ੀਰਾ ਰੋਡ, ਬੱਸ ਸਟੈਂਡ, ਅੰਮ੍ਰਿਤਸਰ ਰੋਡ ਵਾਲੇ ਪਾਸੇ ਗਸ਼ਤ ਕਰੇਗੀ, ਜਦਕਿ ਦੂਸਰੀ ਪੈਦਲ ਪੈਟਰੋਲਿੰਗ ਪਾਰਟੀ ਨਿਊ ਟਾਊਨ, ਸਟੇਡੀਅਮ ਰੋਡ, ਰਜਿੰਦਰਾ ਅਸਟੇਟ, ਕਸ਼ਮੀਰ ਪਾਰਕ, ਵਿਸ਼ਵਕਰਮਾ ਚੌਕ, ਪਹਾੜਾ ਸਿੰਘ ਚੌਕ, ਬਹੌਨਾ ਰੋਡ, ਮੇਨ ਬਾਜ਼ਾਰ, ਸ਼ਹਿਰ ਦੇ ਵੱਖ-ਵੱਖ ਮੰਦਰਾਂ, ਬੈਂਕਾਂ ਵਾਲੇ ਪਾਸੇ ਗਸ਼ਤ ਕਰੇਗੀ। ਮੋਗਾ ਪੁਲਸ ਵੱਲੋਂ ਖਾਸ ਇਲਾਕਿਆਂ ਦੀ ਨਿਸ਼ਾਨਦੇਹੀ ਵੀ ਕੀਤੀ ਗਈ ਹੈ, ਜਿੱਥੇ ਉਕਤ ਪੈਦਲ ਪੁਲਸ ਪੈਟਰੋਲਿੰਗ ਪਾਰਟੀਆਂ ਵਧੇਰੇ ਗਸ਼ਤ ਕਰਨਗੀਆਂ। ਸਾਰੇ ਪੁਲਸ ਮੁਲਾਜ਼ਮ ਵਰਦੀ 'ਚ ਹੋਣਗੇ। 


Related News