247 ਬੋਤਲਾਂ ਸ਼ਰਾਬ ਬਰਾਮਦ, ਮੁਲਜ਼ਮ ਫਰਾਰ

06/25/2017 12:06:00 PM

ਸੰਗਤ ਮੰਡੀ(ਮਨਜੀਤ)— ਥਾਣਾ ਨੰਦਗੜ੍ਹ ਦੀ ਪੁਲਸ ਵੱਲੋਂ ਬਠਿੰਡਾ-ਬਾਦਲ ਸੜਕ 'ਤੇ ਪੈਂਦੇ ਪਿੰਡ ਕਾਲਝਰਾਣੀ ਵਿਖੇ ਇਕ ਕਾਰ ਦੀ ਤਲਾਸ਼ੀ ਦੌਰਾਨ ਹਰਿਆਣਾ ਮਾਰਕਾ ਸ਼ਰਾਬ ਦੀਆਂ 247 ਬੋਤਲਾਂ ਬਰਾਮਦ ਕੀਤੀਆਂ ਗਈਆਂ ਹਨ। ਕਾਰ ਸਵਾਰ ਵਿਅਕਤੀ ਆਪਣੀ ਕਾਰ 'ਤੇ ਦਿੱਲੀ ਦਾ ਜਾਅਲੀ ਨੰਬਰ ਲਾ ਕੇ ਹਰਿਆਣਾ ਤੋਂ ਸ਼ਰਾਬ ਦੀ ਸਮੱਗਲਿੰਗ ਕਰਦਾ ਸੀ। 
ਹੌਲਦਾਰ ਦੇਸ਼ਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਸ਼ਤ ਦੌਰਾਨ ਜਦ ਉਹ ਉਕਤ ਪਿੰਡ ਨਜ਼ਦੀਕ ਪਹੁੰਚੇ ਤਾਂ ਬਾਦਲ ਵਾਲੇ ਪਾਸਿਓਂ ਇਕ ਦਿੱਲੀ ਨੰਬਰੀ ਮਾਰੂਤੀ ਕਾਰ ਆ ਰਹੀ ਸੀ। ਕਾਰ ਸਵਾਰ ਦੂਰੋਂ ਹੀ ਪੁਲਸ ਪਾਰਟੀ ਨੂੰ ਦੇਖ ਕੇ ਆਪਣੀ ਕਾਰ ਛੱਡ ਕੇ ਫਰਾਰ ਹੋ ਗਿਆ, ਜਦ ਕਾਰ ਦੀ ਤਲਾਸ਼ੀ ਲਈ ਗਈ ਤਾਂ ਉਸ 'ਚੋਂ 247 ਬੋਤਲਾਂ ਸ਼ਰਾਬ ਮਾਰਕਾ ਹਰਿਆਣਾ ਦੀਆਂ ਬਰਾਮਦ ਹੋਈਆਂ। 
ਫਰਾਰ ਹੋਏ ਵਿਅਕਤੀ ਦੀ ਪਛਾਣ ਬੀਰਾ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿਉਰੀ ਵਜੋਂ ਹੋਈ। ਪੁਲਸ ਵੱਲੋਂ ਜਦ ਕਾਰ ਦੀ ਕਾਪੀ ਚੈੱਕ ਕੀਤੀ ਗਈ ਤਾਂ ਉਕਤ ਕਾਰ ਚਾਲਕ ਵੱਲੋਂ ਕਾਰ 'ਤੇ ਦਿੱਲੀ ਦਾ ਜਾਅਲੀ ਰਜਿਸਟ੍ਰੇਸ਼ਨ ਨੰਬਰ ਲਾਇਆ ਹੋਇਆ ਸੀ। ਪੁਲਸ ਵੱਲੋਂ ਸ਼ਰਾਬ ਤੇ ਕਾਰ ਨੂੰ ਕਬਜ਼ੇ 'ਚ ਲੈ ਕੇ ਫਰਾਰ ਕਾਰ ਚਾਲਕ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


Related News