ਪੁਲਸ ਅਧਿਕਾਰੀ ਨੇ ਵਿਦਿਆਰਥੀ ਨੂੰ ਅਗਵਾ ਕਰ ਡੰਡੇ ਨਾਲ ਕੁੱਟਿਆ, ਵਜ੍ਹਾ ਤੁਹਾਨੂੰ ਵੀ ਕਰ ਦੇਵੇਗੀ ਹੈਰਾਨ

08/21/2017 8:15:17 PM

ਤਲਵੰਡੀ ਸਾਬੋ (ਮੁਨੀਸ਼) — ਪਿੰਡ ਤਿਓਨਾ ਪੁਜਾਰਿਆ ਦੇ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ 'ਚ ਇਲਾਜ ਅਧੀਨ 2 ਵਿਦਿਆਰਥੀਆਂ ਨੇ ਇਕ ਪੁਲਸ ਅਧਿਕਾਰੀ ਸਮੇਤ ਕੁਝ ਵਿਅਕਤੀਆਂ 'ਤੇ ਉਨ੍ਹਾਂ ਨਾਲ ਕੁੱਟਮਾਰ ਕਰਨ ਤੇ ਉਨ੍ਹਾਂ 'ਚੋਂ ਇਕ ਨੂੰ ਅਗਵਾ ਕਰ ਕੇ ਮਾਨਸਿਕ ਤੇ ਸਰੀਰਕ ਤੌਰ 'ਤੇ ਨੁਕਸਾਨ ਪਹੁੰਚਾਉਣ ਦੇ ਕਥਿਤ ਦੋਸ਼ ਲਗਾਏ ਹਨ।
ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ 'ਚ ਇਲਾਜ ਅਧੀਨ ਪੀੜਤ ਸਕੂਲੀ ਵਿਦਿਆਰਥੀ ਮਨਿੰਦਰਪਾਲ ਸਿੰਘ ਤੇ ਉਸ ਦੇ ਇਕ ਸਾਥੀ ਨੇ ਦੱਸਿਆ ਕਿ ਬੀਤੀ ਰਾਤ ਜਦ ਉਹ ਸਕੂਲ ਦੇ ਮੈਦਾਨ 'ਚ ਖੇਡਣ ਆਏ ਸਨ ਤਾਂ 3 ਮੋਟਰਸਾਈਕਲ ਸਵਾਰ 6 ਵਿਅਕਤੀਆਂ, ਜਿਨ੍ਹਾਂ 'ਚ ਬਠਿੰਡਾਂ 'ਚ ਤਾਇਨਾਤ ਇਕ ਪੁਲਸ ਅਧਿਕਾਰੀ ਵੀ ਸੀ, ਉਥੇ ਆਏ ਤੇ ਆਉਂਦੇ ਹੀ ਉਨ੍ਹਾਂ ਨੂੰ ਲਾਠੀਆਂ ਨਾਲ ਕੁੱਟਣ ਲੱਗੇ। ਇਸ ਦੌਰਾਨ ਉਹ ਮਨਿੰਦਰਪਾਲ ਨੂੰ ਚੁੱਕ ਕੇ ਲੈ ਗਏ। ਮਨਿੰਦਰਪਾਲ ਦਾ ਕਹਿਣਾ ਹੈ ਕਿ ਉਸ ਨਾਲ ਕੁੱਟਮਾਰ ਕਰਦੇ ਹੋਏ ਦੋਸ਼ੀਆਂ ਨੇ ਨਾ ਸਿਰਫ ਉਸ ਨੂੰ ਬਹਿਮਣ ਜੱਸਾ ਦੇ ਖੇਤਾਂ 'ਚੋਂ ਲੈ ਜਾ ਕੇ ਇਕ ਰਜਬਾਹੇ 'ਚ ਡੁਬੋ-ਡੁਬੋ ਕੇ ਮਾਨਸਿਕ ਤਸੀਹੇ ਦਿੱਤੇ, ਸਗੋਂ ਸਰੀਰਕ ਤੌਰ 'ਤੇ ਵੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ।
ਉਸ ਨੇ ਦੱਸਿਆ ਕਿ ਭਾਰੀ ਤਸ਼ੱਦਦ ਤੋਂ ਬਾਅਦ ਉਸ ਨੂੰ ਪਿੰਡ ਖੁਰਦ ਜੋ ਉਕਤ ਪੁਲਸ ਅਧਿਕਾਰੀ ਸਮੇਤ ਦੂਜੇ ਕਈ ਕਥਿਤ ਦੋਸ਼ੀਆਂ ਦਾ ਪਿੰਡ ਹੈ, 'ਚ ਇਕ ਘਰ 'ਚ ਲੈ ਗਏ ਜਿਥੇ ਮੌਕੇ 'ਤੇ ਪੁਲਸ ਪਹੁੰਚ ਗਈ ਤੇ ਸਾਰੇ ਦੋਸ਼ੀ ਪੁਲਸ ਨੂੰ ਆਉਂਦਿਆਂ ਦੇਖ ਫਰਾਰ ਹੋ ਗਏ। ਮਨਿੰਦਰਪਾਲ ਨੇ ਦੱਸਿਆ ਕਿ ਉਸ ਦੇ ਪਿਤਾ ਤੇ ਪਿੰਡ ਦੇ ਕੁਝ ਹੋਰ ਲੋਕਾਂ ਨੇ ਉਸ ਨੂੰ ਤਲਵੰਡੀ ਸਾਬੋ ਦੇ ਹਸਪਤਾਲ 'ਚ ਦਾਖਲ ਕਰਵਾਇਆ। ਉਸ ਨੇ ਰਜਿੰਸ਼ ਦਾ ਕਾਰਨ ਦੱਸਦੇ ਹੋਏ ਕਿਹਾ ਕਿ ਉਕਤ ਪੁਲਸ ਅਧਿਕਾਰੀ ਜਿਸ ਦੀ ਬਠਿੰਡਾ 'ਚ ਹੀ ਤਾਇਨਾਤੀ ਹੈ ਅਕਸਰ ਹੀ ਸਕੂਲ 'ਚ ਛੁੱਟੀ ਦੇ ਸਮੇਂ ਜਾਂ ਸਕੂਲ ਲੱਗਣ ਦੇ ਸਮੇਂ ਤੋਂ ਪਹਿਲਾਂ ਸਕੂਲ ਆਉਣ ਵਾਲੀਆਂ ਲੜਕੀਆਂ 'ਤੇ ਬੁਰੀ ਨਜ਼ਰ ਰੱਖਣ ਦੇ ਚਲਦੇ ਆਪਣੇ ਕੁਝ ਸਾਥੀਆਂ ਸਮੇਤ ਉਥੇ ਪਹੁੰਚ ਜਾਂਦਾ ਹੈ। ਕਈ ਵਾਰ ਉਸ ਨੇ ਲੜਕੀਆਂ ਦੇ ਅੱਗੇ ਉਕਤ ਅਧਿਕਾਰੀ ਨੂੰ ਚਿੱਠੀਆਂ ਵੀ ਸੁਟਦੇ ਦੇਖਿਆ ਹੈ। ਬੀਤੇ ਦਿਨ ਉਸ ਨੇ ਅਜਿਹਾ ਕੰਮ ਕਰਨ ਦੇ ਖਿਲਾਫ ਰੌਲਾ ਪਾ ਦਿੱਤਾ ਸੀ, ਜਿਸ ਕਾਰਨ ਦੋਸ਼ੀ ਉਸ ਨਾਲ ਰੰਜਿਸ਼ ਰੱਖਣ ਲੱਗ ਪਿਆ ਸੀ।


Related News