ਹੁਣ ਲੜਕੀਆਂ ਨਾਲ ਛੇੜਛਾੜ ਕਰਨ ਵਾਲਿਆਂ ਦੀ ਖੈਰ ਨਹੀਂ, ਇਕ ਕਲਿੱਕ ''ਤੇ ਹਾਜ਼ਰ ਹੋਵੇਗੀ ਪੁਲਸ

07/23/2017 11:32:56 AM

ਮੋਹਾਲੀ (ਰਾਣਾ)— ਹੁਣ ਲੜਕੀਆਂ ਤੇ ਔਰਤਾਂ ਨਾਲ ਛੇੜਛਾੜ ਕਰਨ ਵਾਲੇ ਮਨਚਲਿਆਂ ਦੀ ਖੈਰ ਨਹੀਂ ਕਿਉਂਕਿ ਪੁਲਸ ਵਿਭਾਗ ਨੇ ਇਨ੍ਹਾਂ ਨੂੰ ਦਬੋਚਣ ਲਈ ਇਕ ਐਪ ਲਾਂਚ ਕੀਤੀ ਹੈ। ਮਾਰਕੀਟਾਂ, ਸਕੂਲਾਂ ਤੇ ਕਾਲਜਾਂ ਦੇ ਬਾਹਰ ਛੇੜਛਾੜ ਦੇ ਕਈ ਕੇਸ ਦਰਜ ਹੋ ਚੁੱਕੇ ਹਨ, ਜਿਸ ਤੋਂ ਸਬਕ ਲੈਂਦੇ ਹੋਏ ਪੁਲਸ ਵਿਭਾਗ ਨੇ ਇਹ ਕਦਮ ਚੁੱਕਿਆ ਹੈ। ਇਸ ਐਪ ਦਾ ਨਾਂ 'ਸ਼ਕਤੀ' ਐਪ ਰੱਖਿਆ ਗਿਆ ਹੈ ਤੇ ਨਾਲ ਹੀ ਪੁਲਸ ਨੂੰ ਹਰੇਕ ਮਾਰਕੀਟ ਤੇ ਚੌਕ 'ਚ ਖੜ੍ਹੇ ਰਹਿਣ ਦੇ ਹੁਕਮ ਵੀ ਦਿੱਤੇ ਹਨ, ਤਾਂ ਕਿ ਸੂਚਨਾ ਮਿਲਣ 'ਤੇ ਬਹੁਤ ਥੋੜ੍ਹੇ ਸਮੇਂ 'ਚ ਪੁਲਸ ਮੌਕੇ 'ਤੇ ਪਹੁੰਚ ਸਕੇ। 
 

ਸੈਂਟਰਲ ਡਾਟਾ ਰੂਮ ਹੋਵੇਗਾ ਲੁਧਿਆਣਾ 'ਚ 

ਪੁਲਸ ਵਿਭਾਗ ਵਲੋਂ ਜੋ ਇਹ ਐਪ ਲਾਂਚ ਕੀਤੀ ਗਈ ਹੈ, ਇਸ ਦਾ ਸੈਂਟਰਲ ਡਾਟਾ ਰੂਮ ਲੁਧਿਆਣਾ 'ਚ ਹੋਵੇਗਾ ਤੇ ਉਥੋਂ ਪੂਰੀ ਮੂਵਮੈਂਟ 'ਤੇ ਨਜ਼ਰ ਰੱਖੀ ਜਾਵੇਗੀ ਜੇਕਰ ਇਸ ਦੌਰਾਨ ਸੂਚਨਾ ਮਿਲਣ ਤੋਂ ਬਾਅਦ ਕੋਈ ਪੁਲਸ ਕਰਮਚਾਰੀ ਦੇਰੀ ਨਾਲ ਪਹੁੰਚਦਾ ਹੈ ਜਾਂ ਹੋਰ ਕਰਮਚਾਰੀ ਕੰਮ 'ਚ ਢਿੱਲ ਵਰਤਦਾ ਹੈ ਤਾਂ ਉਸ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਤੇ ਉਸ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। 
ਮੋਹਾਲੀ ਸ਼ਹਿਰ ਤੋਂ ਇਲਾਵਾ ਪੰਜਾਬ ਦੇ ਕਿਸੇ ਵੀ ਜ਼ਿਲੇ ਦੇ ਕਿਸੇ ਵੀ ਪੁਆਇੰਟ ਤੋਂ ਪੀੜਤ ਐਪ ਰਾਹੀਂ ਕਲਿੱਕ ਕਰੇ ਤਾਂ ਤੁਰੰਤ ਡਾਟਾ ਰੂਮ ਤੋਂ ਉਸ ਦੀ ਲੋਕੇਸ਼ਨ ਦੇਖ ਕੇ ਪੀੜਤ ਤਕ ਪਹੁੰਚਿਆ ਜਾ ਸਕਦਾ ਹੈ।


ਸਕੂਲਾਂ ਤੇ ਕਾਲਜਾਂ 'ਚ ਜਾ ਕੇ ਵਿਦਿਆਰਥੀਆਂ ਨੂੰ ਜਲਦੀ ਕੀਤਾ ਜਾਵੇਗਾ ਜਾਗਰੂਕ
ਜਾਣਕਾਰੀ ਅਨੁਸਾਰ ਪੁਲਸ ਨੇ ਕੁਝ ਦਿਨ ਪਹਿਲਾਂ ਜਿਵੇਂ ਹੀ ਇਸ ਐਪ ਨੂੰ ਲਾਂਚ ਕੀਤਾ, ਉਸ ਨੂੰ ਪਹਿਲਾਂ ਕੇਵਲ ਸਾਂਝ ਕੇਂਦਰਾਂ 'ਚ ਲਾਂਚ ਕੀਤਾ ਗਿਆ ਪਰ ਉਥੇ ਲਾਂਚ ਕਰਨ ਤੋਂ ਬਾਅਦ ਜ਼ਿਆਦਾ ਲੋਕ ਜਾਗਰੂਕ ਨਹੀਂ ਹੋਏ, ਜਿਸ ਤੋਂ ਬਾਅਦ ਹੁਣ ਇਸ ਨੂੰ ਸਾਂਝ ਕੇਂਦਰ ਮੁਲਾਜ਼ਮ ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ, ਸਕੂਲਾਂ ਤੇ ਕਾਲਜਾਂ 'ਚ ਜਾ ਕੇ ਵਿਦਿਆਰਥੀਆਂ ਨੂੰ ਇਸ ਸਬੰਧੀ ਜਾਗਰੂਕ ਕਰਨਗੇ। 
ਉਥੇ ਹੀ ਡੀ. ਐੱਸ. ਪੀ. ਹੈੱਡਕੁਆਰਟਰ ਅਮਰੋਜ ਸਿੰਘ ਨੇ ਕਿਹਾ ਕਿ ਸ਼ਕਤੀ ਐਪ ਖਾਸ ਕਰਕੇ ਲੜਕੀਆਂ ਤੇ ਔਰਤਾਂ ਨਾਲ ਛੇੜਛਾੜ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਪੰਜਾਬ ਪੁਲਸ ਵਲੋਂ ਬਣਾਈ ਗਈ ਹੈ। ਐਪ ਨੂੰ ਆਪਣੇ ਸਮਾਰਟ ਫੋਨ 'ਤੇ ਅਪਲੋਡ ਕਰਕੇ ਇਕ ਵਾਰ ਕਲਿੱਕ ਕਰੋਗੇ ਤਾਂ ਆਟੋਮੈਟਿਕ ਪੁਲਸ ਕੰਟਰੋਲ ਰੂਮ 'ਚ ਮੈਸੇਜ ਪਹੁੰਚ ਜਾਵੇਗਾ। ਉਥੇ ਸਰਵਰ ਰਾਹੀਂ ਮੁਲਾਜ਼ਮ ਇਹ ਦੇਖ ਲੈਣਗੇ ਕਿ ਇਹ ਮੈਸੇਜ ਕਿਸ ਫੋਨ ਤੋਂ ਆਇਆ ਹੈ ਤੇ ਕਿਥੋਂ ਆਇਆ ਹੈ। ਤੁਰੰਤ ਉਸ ਦੀ ਲੋਕੇਸ਼ਨ ਦੇਖ ਕੇ ਮੁਲਾਜ਼ਮਾਂ ਦੀ ਟੀਮ ਮੌਕੇ 'ਤੇ ਪਹੁੰਚ ਜਾਵੇਗੀ।


Related News