ਸੀਨੀਅਰ ਪੁਲਸ ਅਫਸਰ ਨੇ ਦਫਤਰ ''ਚ ਨੰਗਾ ਕਰ ਕੇ ਕੁੱਟਿਆ

08/18/2017 6:30:23 AM

ਮੋਹਾਲੀ  (ਰਾਣਾ) - ਇੰਡਸਟਰੀਅਲ ਏਰੀਆ ਫੇਜ਼-9 ਸਥਿਤ ਪੰਜਾਬ ਦੇ ਡੀ. ਜੀ. ਪੀ. ਦਫ਼ਤਰ ਦੇ ਵਾਇਰਲੈੱਸ ਐਂਡ ਕਮਿਊਨੀਕੇਸ਼ਨ ਵਿੰਗ ਵਿਚ ਤਾਇਨਾਤ ਮੁਲਜ਼ਮ ਏ. ਐੱਸ. ਆਈ. ਸੰਜੀਵ ਕੁਮਾਰ ਰਾਹੀਂ ਵਾਇਰਲੈੱਸ ਆਪ੍ਰੇਟਰ ਦੇ ਅਹੁਦੇ 'ਤੇ 6 ਨੌਜਵਾਨਾਂ ਨੂੰ ਫਰਜ਼ੀ ਅਪੁਆਇੰਟਮੈਂਟ ਲੈਟਰ ਦੇ ਕੇ ਡਿਊਟੀ ਜੁਆਇਨ ਕਰਵਾਉਣ ਦੇ ਮਾਮਲੇ ਵਿਚ ਇਕ ਹੈਰਾਨ ਕਰਨ ਵਾਲਾ ਖੁਲਾਸਾ ਸਾਹਮਣੇ ਆਇਆ ਹੈ।
ਵਿਜੀਲੈਂਸ ਨੇ ਉਨ੍ਹਾਂ 6 ਨੌਜਵਾਨਾਂ ਦੇ ਬਿਆਨ ਲਏ ਜਿਨ੍ਹਾਂ ਵਿਚ ਉਨ੍ਹਾਂ ਨੇ ਚੰਡੀਗੜ੍ਹ ਸਥਿਤ ਪੰਜਾਬ ਪੁਲਸ ਦੇ ਹੈੱਡਕੁਆਰਟਰ ਵਿਚ ਤਾਇਨਾਤ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਦਾ ਨਾਂ ਲੈਂਦੇ ਹੋਏ ਕਿਹਾ ਕਿ ਜਦੋਂ ਉਹ ਆਪਣੇ ਨਾਲ ਹੋਈ ਠੱਗੀ ਦੀ ਸ਼ਿਕਾਇਤ ਲੈ ਕੇ ਚੰਡੀਗੜ੍ਹ ਸਥਿਤ ਪੰਜਾਬ ਪੁਲਸ ਦੇ ਹੈੱਡਕੁਆਟਰ ਵਿਚ ਗਏ ਤਾਂ ਉਨ੍ਹਾਂ ਨੂੰ ਇਕ-ਇਕ ਕਰ ਕੇ ਇਕ ਪੁਲਸ ਅਧਿਕਾਰੀ ਦੇ ਦਫਤਰ ਵਿਚ ਭੇਜਿਆ ਗਿਆ, ਜਿੱਥੇ ਉਨ੍ਹਾਂ ਨੂੰ ਨੰਗਾ ਕਰ ਕੇ ਕੁੱਟਿਆ ਗਿਆ । ਉਸ ਤੋਂ ਬਾਅਦ ਅਧਿਕਾਰੀ ਉਨ੍ਹਾਂ ਨੂੰ ਆਪਣੇ ਨਾਲ ਇਕ ਉੱਚ ਅਧਿਕਾਰੀ ਕੋਲ ਲੈ ਗਿਆ, ਜਿਥੇ ਉੱਚ ਅਧਿਕਾਰੀ ਨੇ ਉਨ੍ਹਾਂ ਦੀ ਗੱਲ ਸੁਣਨ ਤੋਂ ਬਾਅਦ ਮਾਮਲੇ ਵਿਚ ਤੁਰੰਤ ਐੱਫ. ਆਈ. ਆਰ. ਦਰਜ ਕਰਨ ਤੇ ਮਾਮਲੇ ਦੀ ਨਿਰਪੱਖ ਜਾਂਚ ਕਰਨ ਦੇ ਵੀ ਹੁਕਮ ਦਿੱਤੇ । ਇਸ ਤੋਂ ਬਾਅਦ ਉਨ੍ਹਾਂ ਨੇ ਉੱਚ ਅਧਿਕਾਰੀ ਨੂੰ ਦੱਸਿਆ ਕਿ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਦੀ ਰਿਕਾਰਡਿੰਗ ਸੁਣਾਈ। ਏ. ਐੱਸ. ਆਈ. ਸੰਜੀਵ ਨੇ ਉਸ ਤੋਂ ਤੇ ਇਕ ਇੰਸਪੈਕਟਰ ਤੋਂ ਪੈਸੇ ਲਏ ਸਨ ਤੇ ਉਸ ਦੌਰਾਨ ਉਹ ਸੀਨੀਅਰ ਅਧਿਕਾਰੀ ਉਨ੍ਹਾਂ ਦੇ ਦਫਤਰ ਵਿਚ ਹੀ ਮੌਜੂਦ ਸੀ।  
ਮੁਲਜ਼ਮ ਸੰਜੀਵ ਨੇ ਇੰਝ ਫਸਾਇਆ ਜਾਲ 'ਚ
ਵਿਜੀਲੈਂਸ ਨੂੰ ਦਿੱਤੇ ਬਿਆਨਾਂ ਵਿਚ ਅੱਛਰ ਸਿੰਘ ਨੇ ਦੱਸਿਆ ਕਿ ਜਤਿੰਦਰ ਸਿੰਘ, ਦਵਿੰਦਰ ਸਿੰਘ, ਅਨਮੋਲ ਚੱਬਾ, ਹਰਜੀਤ ਸਿੰਘ, ਗੁਰਜੰਟ ਸਿੰਘ ਪੰਜਾਬ ਪੁਲਸ ਵਿਚ ਫਰਜ਼ੀ ਤਰੀਕੇ ਨਾਲ ਭਰਤੀ ਕਰਵਾਏ ਗਏ ਸਨ । ਉਸ ਨੇ ਦੱਸਿਆ ਕਿ ਏ. ਐੱਸ. ਆਈ. ਸੰਜੀਵ ਕੁਮਾਰ ਚੰਡੀਗੜ੍ਹ ਸਥਿਤ ਬਡਹੇੜੀ ਵਿਚ ਰਹਿੰਦਾ ਹੈ ਤੇ ਉੱਥੇ ਉਸ ਦੀ ਹਾਰਡਵੇਅਰ ਦੀ ਦੁਕਾਨ ਹੈ। ਉਸ ਦੀ ਦੁਕਾਨ ਦੇ ਸਾਹਮਣੇ ਜਤਿੰਦਰ ਤੇ ਦਵਿੰਦਰ ਰਹਿੰਦੇ ਹਨ । ਉਹ ਦੋਵੇਂ ਹੀ ਸਾਮਾਨ ਲੈਣ ਲਈ ਅਕਸਰ ਉਨ੍ਹਾਂ ਦੀ ਦੁਕਾਨ ਵਿਚ ਜਾਂਦੇ ਸਨ, ਜਿਸ 'ਤੇ ਉਨ੍ਹਾਂ ਦੀ ਸੰਜੀਵ ਨਾਲ ਮੁਲਾਕਾਤ ਹੋਈ ਤੇ ਸੰਜੀਵ ਨੇ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਪੁਲਸ ਵਿਚ ਭਰਤੀ ਕਿਉਂ ਨਹੀਂ ਹੋ ਜਾਂਦੇ ।
ਸੰਜੀਵ ਨੇ ਕਿਹਾ ਕਿ ਉਸ ਦੀ ਕਾਫ਼ੀ ਜਾਣ-ਪਛਾਣ ਹੈ ਤੇ ਉਹ ਸਪੈਸ਼ਲ ਕੋਟੇ ਵਿਚ ਉਨ੍ਹਾਂ ਨੂੰ ਭਰਤੀ ਕਰਵਾ ਦੇਵੇਗਾ। ਉਨ੍ਹਾਂ ਨੂੰ ਸਿਰਫ 5-5 ਲੱਖ ਦੇਣੇ ਹੋਣਗੇ। ਦੋਵਾਂ ਨੇ ਕਿਹਾ ਕਿ ਉਨ੍ਹਾਂ ਕੋਲ ਪੈਸੇ ਨਹੀਂ ਹਨ, ਜਿਸ 'ਤੇ ਸੰਜੀਵ ਨੇ ਉਨ੍ਹਾਂ ਨੂੰ ਕਿਹਾ ਕਿ ਚਲੋ ਫਿਰ ਤਸੀਂ ਉਸ ਦੇ ਕੋਲ ਲੋਕਾਂ ਨੂੰ ਲੈ ਕੇ ਆਓ, ਤੁਹਾਡੇ ਪੈਸੇ ਉਸ ਵਿਚੋਂ ਅਰੇਂਜ ਕਰ ਲਵਾਂਗੇ । ਇਸ ਤੋਂ ਬਾਅਦ ਦਵਿੰਦਰ ਨੇ ਆਪਣੇ ਮਾਮੇ ਦੇ ਲੜਕੇ ਹਰਜੀਤ ਨੂੰ ਪੁਲਸ ਵਿਚ ਭਰਤੀ ਹੋਣ ਦਾ ਲਾਲਚ ਦੇ ਕੇ ਉਸ ਨੂੰ ਸੰਜੀਵ ਨਾਲ ਮਿਲਾਇਆ ਤੇ ਉਸ ਤੋਂ 5 ਲੱਖ ਦਿਵਾ ਦਿੱਤੇ। ਦਵਿੰਦਰ ਨੇ ਆਪਣੇ ਕਲਾਸਮੇਟ ਗੁਰਜੰਟ ਨੂੰ ਫਸਾਇਆ ਤੇ ਉਸ ਤੋਂ ਪੁਲਸ ਵਿਚ ਭਰਤੀ ਹੋਣ ਦੇ ਨਾਂ 'ਤੇ 7 ਲੱਖ ਰੁਪਏ ਸੰਜੀਵ ਨੂੰ ਦਿਵਾ ਦਿੱਤੇ । ਅੱਛਰ ਨੇ ਕਿਹਾ ਕਿ ਹਰਜੀਤ ਉਸ ਦੇ ਪਿੰਡ ਦਾ ਹੀ ਹੈ ਤੇ ਉਸ ਰਾਹੀਂ ਉਹ ਦਵਿੰਦਰ ਨੂੰ ਮਿਲਿਆ ਤੇ ਦਵਿੰਦਰ ਨੇ ਉਸ ਦੀ ਮੁਲਾਕਾਤ ਸੰਜੀਵ ਨਾਲ ਕਰਵਾਈ । ਉਸ ਤੋਂ ਪਹਿਲਾਂ ਉਨ੍ਹਾਂ ਨੇ 10 ਲੱਖ ਮੰਗੇ ਪਰ ਬਾਅਦ ਵਿਚ 7 ਲੱਖ ਦੇਣਾ ਤੈਅ ਹੋ ਗਿਆ । ਉਸ ਦੀ ਉਮਰ ਜ਼ਿਆਦਾ ਸੀ, ਜਿਸ ਕਾਰਨ ਸੰਜੀਵ ਨੇ ਕਿਹਾ ਕਿ 1 ਲੱਖ ਉਸ ਦੀ ਉਮਰ ਨੂੰ ਅਡਜੈਸਟ ਕਰਵਾਉਣ ਵਿਚ ਲੱਗੇਗਾ। ਇਸ ਤਰ੍ਹਾਂ ਉਹ 6 ਹੋ ਗਏ ਤੇ ਸਾਰਿਆਂ ਨੂੰ ਬੋਲਿਆ ਗਿਆ ਕਿ ਜੇਕਰ ਕੋਈ ਪੁੱਛੇ ਤਾਂ ਬੋਲਣਾ ਕਿ ਸਾਰੇ 2011 ਦੇ ਕੋਟੇ ਦੇ ਹਨ। ਉਨ੍ਹਾਂ ਨੂੰ ਡਿਊਟੀ ਜੁਆਇਨ ਕਰਵਾ ਦਿੱਤੀ ਗਈ, ਵਿਚ-ਵਿਚ 'ਚ ਉਨ੍ਹਾਂ ਦੀ ਸਰਪ੍ਰਾਈਜ਼ ਚੈਕਿੰਗ ਕੀਤੀ ਜਾਂਦੀ ਸੀ, ਜੋ ਡੀ. ਐੱਸ. ਪੀ. ਕਰਦਾ ਸੀ ਤੇ ਉਸ ਦੌਰਾਨ ਉਹ ਉਨ੍ਹਾਂ ਦੀ ਹਾਜ਼ਰੀ ਤੋਂ ਇਲਾਵਾ ਕਈ ਚੀਜ਼ਾਂ ਨੋਟ ਕਰਦਾ ਸੀ ।  
ਆਈ. ਕਾਰਡ ਵੇਖ ਕੇ ਪਿਆ ਸ਼ੱਕ : ਅੱਛਰ
ਅੱਛਰ ਨੇ ਬਿਆਨਾਂ ਵਿਚ ਕਿਹਾ ਕਿ ਉਨ੍ਹਾਂ ਨੂੰ ਪੁਲਸ ਦੇ ਜੋ ਆਈ. ਕਾਰਡ ਦਿੱਤੇ ਗਏ ਸਨ, ਉਹ ਨਕਲੀ ਲੱਗ ਰਹੇ ਸਨ, ਜਿਸ 'ਤੇ ਉਸ ਨੂੰ ਥੋੜ੍ਹਾ ਸ਼ੱਕ ਹੋਇਆ। ਸਭ ਤੋਂ ਪਹਿਲਾਂ ਉਸ ਨੇ ਸੰਜੀਵ ਨੂੰ ਪੁੱਛਿਆ ਪਰ ਸੰਜੀਵ ਨੇ ਉਸ ਨੂੰ ਠੀਕ ਤਰ੍ਹਾਂ ਜਵਾਬ ਨਹੀਂ ਦਿੱਤਾ, ਜਿਸ ਤੋਂ ਬਾਅਦ ਉਹ ਖੁਦ ਪੰਜਾਬ ਪੁਲਸ ਦੇ ਹੈੱਡਕੁਆਰਟਰ ਸੈਕਟਰ-9 ਵਿਚ ਗਿਆ ਤੇ ਸਬੰਧਿਤ ਵਿਭਾਗ ਵਿਚ ਆਈ. ਕਾਰਡ ਚੈੱਕ ਕਰਵਾਇਆ ਤਾਂ ਉਨ੍ਹਾਂ ਕਿਹਾ ਕਿ ਇਹ ਤਾਂ ਉਨ੍ਹਾਂ ਦੀ ਸੀਰੀਜ਼ ਹੀ ਨਹੀਂ ਹੈ । ਇਸ ਤੋਂ ਬਾਅਦ ਉਸ ਨੇ ਉਸ ਵਿਭਾਗ ਦੇ ਇੰਸਪੈਕਟਰ ਨੂੰ ਕਿਹਾ ਕਿ ਉਹ ਕਿਸੇ ਸੀਨੀਅਰ ਅਫਸਰ ਨੂੰ ਮਿਲਣਾ ਚਾਹੁੰਦਾ ਹੈ ਪਰ ਉਸ ਨੇ ਉਸ ਨੂੰ ਕਿਹਾ ਕਿ ਉਹ ਪਹਿਲਾਂ ਸੰਜੀਵ ਨੂੰ ਮਿਲੇ। ਜਦੋਂ ਉਸ ਨੇ ਸੰਜੀਵ ਨੂੰ ਦੱਸਿਆ ਤਾਂ ਉਹ ਉਲਟਾ ਉਸ ਨਾਲ ਬਹਿਸ ਕਰਨ ਲੱਗਾ ਤੇ ਉਸ ਨੂੰ ਧਮਕੀਆਂ ਦੇਣ ਲੱਗਾ। ੱਛਰ ਨੇ ਦੱਸਿਆ ਕਿ ਸੰਜੀਵ ਨੂੰ ਜਦੋਂ ਲੱਗਾ ਕਿ ਉਹ ਹੁਣ ਫਸਣ ਵਾਲਾ ਹੈ ਤਾਂ ਉਸ ਨੇ ਬੀਮਾਰੀ ਦਾ ਬਹਾਨਾ ਲਾਇਆ ਤੇ ਚਡੀਗੜ੍ਹ ਸੈਕਟਰ-16 ਹਸਪਤਾਲ ਵਿਚ ਦਾਖਲ ਹੋ ਗਿਆ, ਜਿਸ ਨੂੰ ਦੇਖਣ ਉਹ ਸਾਰੇ ਪੁੱਜੇ ਤੇ ਉੱਥੇ ਉਸ ਦੀਆਂ ਸਾਰੀਆਂ ਰਿਪੋਰਟਾਂ ਵੀ ਵੇਖੀਆਂ ਪਰ ਸਾਰੀਆਂ ਰਿਪੋਰਟਾਂ ਠੀਕ ਸਨ, ਫਿਰ ਵੀ ਉਹ ਹਸਪਤਾਲ ਤੋਂ ਆਉਣ ਨੂੰ ਤਿਆਰ ਨਹੀਂ ਸੀ ।
ਅੱਛਰ ਨੇ ਬਿਆਨਾਂ ਵਿਚ ਕਿਹਾ ਕਿ ਜਦੋਂ ਉਹ ਸਾਰੇ ਸੈਕਟਰ-9 ਪੰਜਾਬ ਪੁਲਸ ਹੈੱਡਕੁਆਰਟਰ ਵਿਚ ਸੰਜੀਵ ਖਿਲਾਫ ਧੋਖਾਦੇਹੀ ਦੀ ਸ਼ਿਕਾਇਤ ਲੈ ਕੇ ਪੁੱਜੇ ਤਾਂ ਉੱਥੇ ਉਨ੍ਹਾਂ ਨੂੰ ਇਕ ਸੀਨੀਅਰ ਅਧਿਕਾਰੀ ਦੇ ਦਫਤਰ ਦੇ ਬਾਹਰ ਬਿਠਾ ਦਿੱਤਾ ਗਿਆ। ਸਾਰਿਆਂ ਨੂੰ ਇਕ-ਇਕ ਕਰ ਕੇ ਅੰਦਰ ਦਫਤਰ ਵਿਚ ਬੁਲਾਇਆ ਗਿਆ । ਜਦੋਂ ਉਸ ਦਾ ਨੰਬਰ ਆਇਆ ਤਾਂ ਉਹ ਅੰਦਰ ਗਿਆ ਤੇ ਅੰਦਰ ਇਕ ਸੀਨੀਅਰ ਅਫਸਰ ਤੇ ਇਕ ਇੰਸਪੈਕਟਰ ਬੈਠਾ ਹੋਇਆ ਸੀ, ਜਿਨ੍ਹਾਂ ਨੇ ਉਸ ਦੀ ਇਕ ਨਹੀਂ ਸੁਣੀ ਤੇ ਉਸ ਦੀ ਬਹੁਤ ਕੁੱਟਮਾਰ ਕੀਤੀ ।
ਜਦੋਂ ਉਹ ਬਾਹਰ ਆਇਆ ਤਾਂ ਉਸ ਨੇ ਆਪਣੇ ਹੋਰ ਸਾਥੀਆਂ ਤੋਂ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਤਾਂ ਨੰਗੇ ਕਰ ਕੇ ਕੁੱਟਮਾਰ ਕੀਤੀ ਗਈ । ਫਿਰ ਉਸ ਤੋਂ ਬਾਅਦ ਉਸੇ ਅਫਸਰ ਨੇ ਉਨ੍ਹਾਂ ਨੂੰ ਆਈ. ਜੀ. ਦੇ ਸਾਹਮਣੇ ਪੇਸ਼ ਕੀਤਾ।ਆਈ. ਜੀ. ਨੇ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਸੱਚ ਬੋਲਣ ਲਈ ਕਿਹਾ ਤੇ ਉਨ੍ਹਾਂ ਨੇ ਪੂਰੀ ਸੱਚਾਈ ਦੱਸੀ ਤੇ ਨਾਲ ਹੀ ਇਹ ਵੀ ਕਿਹਾ ਕਿ ਸੰਜੀਵ ਨੇ ਸੀਨੀਅਰ ਅਫਸਰ ਦੀ ਰਿਕਾਰਡਿੰਗ ਸੁਣਾ ਕੇ ਉਸ ਤੋਂ 25 ਹਜ਼ਾਰ ਰੁਪਏ ਮੰਗੇ ਸਨ, ਜੋ ਉਸ ਨੇ ਦਿੱਤੇ ਤੇ 20 ਹਜ਼ਾਰ ਉਥੇ ਹੀ ਰਿਕਾਡਿੰਗ ਸੁਣਾ ਕੇ ਇਕ ਇੰਸਪੈਕਟਰ ਤੋਂ ਲਏ । ਜਿਹੜੇ ਅਫਸਰ ਦਾ ਨਾਂ ਉਨ੍ਹਾਂ ਨੇ ਲਿਆ ਉਸ ਦੌਰਾਨ ਉਹ ਆਈ. ਜੀ. ਦੇ ਦਫਤਰ ਵਿਚ ਹੀ ਮੌਜੂਦ ਸੀ, ਜਿਸ ਤੋਂ ਬਾਅਦ ਆਈ. ਜੀ. ਨੇ ਝਾੜ ਪਾਉਂਦੇ ਹੋਏ ਮਾਮਲੇ ਵਿਚ ਤੁਰੰਤ ਐੱਫ. ਆਈ. ਆਰ. ਦਰਜ ਕਰ ਕੇ ਨਿਰਪੱਖ ਜਾਚ ਕਰਨ ਦੇ ਹੁਕਮ ਦਿੱਤੇ ।  


Related News