ਅਕਾਲੀ ਆਗੂ ਦੀ ਅਰਧ ਨਗਨ ਕਰਕੇ ਕੁੱਟਮਾਰ ਕਰਨ ਦਾ ਮਾਮਲਾ ਗਰਮਾਇਆ, ਪੁਲਸ ਨੇ ਚੁੱਕਿਆ ਸਖਤ ਕਦਮ

12/12/2017 7:14:52 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਮਹਿਲਾ ਅਕਾਲੀ ਆਗੂ ਨੂੰ ਅਰਧ ਨਗਨ ਕਰਕੇ ਕੁੱਟਮਾਰ ਕਰਨ ਦਾ ਮਾਮਲਾ ਮੀਡੀਆ ਵਲੋਂ ਚੁੱਕਣ ਤੋਂ ਬਾਅਦ ਜ਼ਿਲਾ ਪੁਲਸ ਪ੍ਰਸ਼ਾਸਨ ਹਰਕਤ 'ਚ ਆ ਗਈ ਹੈ। ਪੁਲਸ ਨੇ ਮਾਮਲੇ ਦੀ ਜਾਂਚ ਲਈ ਇਕ ਤਿੰਨ ਮੈਂਬਰੀ ਐੱਸ. ਆਈ. ਟੀ. ਦਾ ਗਠਨ ਕੀਤਾ ਹੈ। ਐੱਸ. ਆਈ. ਟੀ. ਦੇ ਇੰਚਾਰਜ ਡੀ.ਐੱਸ.ਪੀ. ਡੀ ਕੁਲਦੀਪ ਸਿੰਘ ਵਿਰਕ ਨੂੰ ਬਣਾਇਆ ਗਿਆ ਹੈ। ਐੱਸ. ਆਈ. ਟੀ. ਬਨਣ ਦੇ ਬਾਅਦ ਡੀ.ਐਸ.ਪੀ. ਡੀ ਨੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।
ਦਸ ਦਿਨ ਬਾਅਦ ਪੁਲਸ ਨੇ ਲਗਾਈਆਂ ਧਾਰਾਵਾਂ 'ਚ ਕੀਤਾ ਵਾਧਾ
ਜ਼ਿਕਰਯੋਗ ਹੈ ਕਿ 30 ਨਵੰਬਰ ਨੂੰ ਬਰਨਾਲਾ ਨੇੜੇ ਪ੍ਰਾਚੀਨ ਮੰਦਰ ਸੋਲਾਂ ਦੇ ਮਠ 'ਚ ਅਕਾਲੀ ਦਲ ਇਸਤਰੀ ਵਿੰਗ ਦੀ ਮੀਤ ਪ੍ਰਧਾਨ ਜਸਵਿੰਦਰ ਕੌਰ ਸ਼ੇਰਗਿੱਲ ਤਪਾ ਦੇ ਪ੍ਰਸਿੱਧ ਡੇਰੇ ਦੇ ਮਹੰਤ ਬਬਲੀ ਦੇ ਨਾਲ ਮੱਥਾ ਟੇਕਣ ਗਈ ਸੀ ਤਾਂ ਮਹੰਤ ਦੀ ਪਤਨੀ ਉਸ ਦੇ ਬੇਟੇ ਅਤੇ ਉਸ ਦੇ ਸਾਥੀਆਂ ਨੇ ਮੰਦਰ 'ਚ ਹੀ ਘਸੀਟ ਕੇ ਉਸ ਨੂੰ ਅਰਧ ਨਗਨ ਕਰਕੇ ਕੁੱਟਮਾਰ ਕੀਤੀ ਅਤੇ ਇਕ ਵੀਡੀਓ ਵੀ ਬਣਾਈ ਸੀ। ਉਸ ਵੀਡੀਓ ਨੂੰ ਮਹੰਤ ਦੇ ਬੇਟੇ ਅਤੇ ਉਸ ਦੀ ਮਾਤਾ ਦੀ ਜ਼ਮਾਨਤ ਹੋਣ ਤੋਂ ਬਾਅਦ ਵਾਈਰਲ ਕੀਤਾ ਗਿਆ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਮੀਡੀਆ ਵਲੋਂ ਇਸ ਮੁੱਦੇ ਨੂੰ ਜ਼ੋਰ-ਸ਼ੋਰ ਨਾਲ ਉਠਾਇਆ ਗਿਆ। ਮੀਡੀਆ 'ਚ ਖ਼ਬਰਾਂ ਆਉਣ ਤੋਂ ਬਾਅਦ ਬੀਤੇ ਦਿਨੀਂ ਪੰਜਾਬ ਮਹਿਲਾ ਆਯੋਗ ਦੀ ਪ੍ਰਧਾਨ ਬੀਰਪਾਲ ਕੌਰ ਨੇ ਵੀ ਸਿਵਲ ਹਸਪਤਾਲ ਬਰਨਾਲਾ ਦਾ ਦੌਰਾ ਕੀਤਾ ਸੀ ਅਤੇ ਪੁਲਸ ਪ੍ਰਸ਼ਾਸਨ ਨੂੰ ਸਖ਼ਤ ਕਾਰਵਾਈ ਕਰਨ ਦੀ ਹਦਾਇਤ ਦਿੱਤੀ ਸੀ।
ਇਸਤਰੀ ਅਕਾਲੀ ਦਲ ਦੀ ਪ੍ਰਧਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਪੁਲਸ ਨੂੰ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਸੀ ਅਤੇ ਕਾਰਵਾਈ ਨਾ ਹੋਣ ਦੀ ਹਾਲਤ 'ਚ ਤਿੱਖਾ ਸੰਘਰਸ਼ ਸ਼ੁਰੂ ਕਰਨ ਦੀ ਵੀ ਧਮਕੀ ਦਿੱਤੀ ਸੀ। ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਨੇ ਵੀ ਇਸ ਮੁੱਦੇ 'ਤੇ ਕਾਂਗਰਸ ਸਰਕਾਰ ਨੂੰ ਜੰਮ ਕੇ ਕੋਸਿਆ ਤਾਂ ਜਾ ਕੇ ਪੁਲਸ ਪ੍ਰਸ਼ਾਸਨ ਹਰਕਤ 'ਚ ਆਇਆ ਅਤੇ ਧਾਰਾ 'ਚ ਵਾਧਾ ਕਰਕੇ ਇਰਾਦਾ ਕਤਲ 307, 295 ਏ.ਐਸ.ਸੀ. ਐਕਟ ਅਤੇ ਆਈ.ਟੀ.ਐਕਟ ਦੀਆਂ ਧਾਰਾਵਾਂ ਤਹਿਤ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ। ਮਹੰਤ ਦੀ ਪਤਨੀ ਰਾਜਵਿੰਦਰ ਕੌਰ, ਉਸ ਦੇ ਬੇਟੇ ਸੋਮਨਾਥ ਸੋਨਾ ਦੀ ਅਦਾਲਤ 'ਚ ਪਹਿਲਾਂ ਹੀ ਜ਼ਮਾਨਤ ਹੋ ਗਈ ਸੀ। ਵਿਜੇ ਕੁਮਾਰ ਉਰਫ ਬੰਟੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਸੀ। ਅਦਾਲਤ ਨੇ ਮਹੰਤ ਦੀ ਪਤਨੀ ਅਤੇ ਉਸ ਦੇ ਬੇਟੇ ਨੂੰ 15 ਦਸੰਬਰ ਤੱਕ ਪੁਲਸ ਜਾਂਚ 'ਚ ਸ਼ਾਮਿਲ ਹੋਣ ਲਈ ਕਿਹਾ ਗਿਆ ਸੀ। ਹੁਣ ਦੇਖਣਾ ਇਹ ਹੈ ਕਿ ਧਾਰਾਵਾਂ 'ਚ ਵਾਧਾ ਕਰਨ ਦੇ ਬਾਅਦ ਕੀ ਪੁਲਸ ਮਹੰਤ ਦੀ ਪਤਨੀ ਅਤੇ ਉਸ ਦੇ ਬੇਟੇ ਨੂੰ ਹਿਰਾਸਤ 'ਚ ਲੈਂਦੀ ਹੈ।
ਐੱਸ. ਆਈ. ਟੀ. ਦੇ ਮੈਂਬਰਾਂ ਨੇ ਕੀਤੀ ਮੀਟਿੰਗ
ਮਾਮਲੇ ਦੀ ਜਾਂਚ ਲਈ ਐੱਸ.ਐੱਸ.ਪੀ. ਬਰਨਾਲਾ ਵਲੋਂ ਬਣਾਈ ਗਈ ਐੱਸ. ਆਈ. ਟੀ. ਦੇ ਇੰਚਾਰਜ ਡੀ.ਐਸ.ਪੀ. ਡੀ. ਕੁਲਦੀਪ ਸਿੰਘ ਵਿਰਕ, ਮੈਡਮ ਜਸਵਿੰਦਰ ਕੌਰ ਅਤੇ ਥਾਣਾ ਸਦਰ ਦੇ ਐੱਸ.ਐੱਚ.ਓ. ਨੈਬ ਸਿੰਘ ਨੇ ਥਾਣਾ ਸਦਰ 'ਚ ਇਕ ਮੀਟਿੰਗ ਕੀਤੀ ਅਤੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਜਦੋਂ ਇਸ ਸਬੰਧੀ ਡੀ.ਐਸ.ਪੀ. ਡੀ ਵਿਰਕ ਤੋਂ ਇਹ ਪੁੱਛਿਆ ਗਿਆ ਕਿ ਦੋਸ਼ੀਆਂ ਖਿਲਾਫ ਪੁਲਸ ਨੇ ਧਾਰਾਵਾਂ 'ਚ ਵਾਧਾ ਕਰ ਦਿੱਤੀ ਹੈ ਕੀ ਹੁਣ ਉਨ੍ਹਾਂ ਦੋਸ਼ੀਆਂ ਨੂੰ ਪੁਲਿਸ ਵਲੋਂ ਫੜਿਆ ਜਾਵੇਗਾ, ਤਾਂ ਉਨ੍ਹਾਂ ਕਿਹਾ ਕਿ ਅਜੇ ਅਸੀਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ। ਕੇਸ ਬਾਰੇ ਜਾਂਚ ਕਰਨ ਦੇ ਬਾਅਦ ਹੀ ਮੈਂ ਕੁਝ ਕਹਿ ਸਕਾਂਗਾ।
ਦੂਸਰੇ ਪਾਸੇ ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਪੀੜਤ ਅਕਾਲੀ ਆਗੂ ਜਸਵਿੰਦਰ ਕੌਰ ਸ਼ੇਰਗਿੰਲ ਨੇ ਕਿਹਾ ਕਿ 30 ਨਵੰਬਰ ਦੀ ਇਹ ਘਟਨਾ ਹੈ। 12 ਦਿਨ ਬੀਤ ਜਾਣ ਦੇ ਬਾਵਜੂਦ ਵੀ ਪੁਲਸ ਨੇ ਅਜੇ ਤੱਕ ਸਿਰਫ ਇਕ ਦੋਸ਼ੀ ਨੂੰ ਹੀ ਗ੍ਰਿਫਤਾਰ ਕੀਤਾ ਹੈ। ਪੁਲਸ ਮੈਨੂੰ ਇਨਸਾਫ ਦੇਣ 'ਚ ਦੇਰੀ ਕਰ ਰਹੀ ਹੈ। ਪੁਲਸ ਤਾਂ ਮੀਡੀਆ 'ਚ ਖ਼ਬਰਾਂ ਆਉਣ ਦੇ ਬਾਅਦ ਹੀ ਹਰਕਤ 'ਚ ਆਈ ਹੈ। ਮੇਰੀ ਪੁਲਸ ਪ੍ਰਸ਼ਾਸਨ ਤੋਂ ਇਹੀ ਮੰਗ ਹੈ ਕਿ ਮੈਨੂੰ ਜਲਦੀ ਤੋਂ ਜਲਦੀ ਇਨਸਾਫ ਦਿੱਤਾ ਜਾਵੇ।


Related News