ਵੱਖਵਾਦੀ ਨੇਤਾ ਮੀਰਵਾਈਜ਼ ਉਮਰ ਫਾਰੂਕ ਦਾ ਫੂਕਿਆ ਪੁਤਲਾ

06/25/2017 5:58:04 PM

ਹੁਸ਼ਿਆਰਪੁਰ - ਸ਼੍ਰੀਨਗਰ 'ਚ ਜੰਮੂ-ਕਸ਼ਮੀਰ ਪੁਲਸ ਦੇ ਡੀ. ਐੱਸ. ਪੀ. ਮੁਹੰਮਦ ਆਯੂਬ ਪੰਡਿਤ ਦੀ ਭੀੜ ਵੱਲੋਂ ਕੀਤੀ ਗਈ ਬੇਰਹਿਮੀ ਨਾਲ ਹੱਤਿਆ ਦੀ ਘਟਨਾ ਦੀ ਵੱਖ-ਵੱਖ ਸੰਗਠਨਾਂ ਨੇ ਸਖਤ ਨਿੰਦਾ ਕੀਤੀ ਹੈ। ਇਸ ਸਬੰਧੀ ਇੰਟਕ ਵਰਕਰਾਂ ਨੇ ਇਥੇ ਜ਼ਿਲਾ ਇੰਟਕ ਦੇ ਪ੍ਰਧਾਨ ਕਰਮਵੀਰ ਬਾਲੀ ਦੀ ਅਗਵਾਈ 'ਚ ਵੱਖਵਾਦੀ ਨੇਤਾ ਮੀਰਵਾਈਜ਼ ਉਮਰ ਫਾਰੂਕ ਖਿਲਾਫ਼ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ। 
ਇੰਟਕ ਵਰਕਰਾਂ ਨੇ ਕਿਹਾ ਕਿ ਡੀ. ਐੱਸ. ਪੀ. ਆਯੂਬ ਦੀ ਲਾਸ਼ ਨੂੰ 300 ਮੀਟਰ ਤੱਕ ਘੜੀਸਣਾ ਇਹ ਸਾਬਿਤ ਕਰਦਾ ਹੈ ਕਿ ਜੰਮੂ-ਕਸ਼ਮੀਰ 'ਚ ਅੱਤਵਾਦ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਵਿਚ ਪੀ. ਡੀ. ਪੀ. ਅਤੇ ਭਾਜਪਾ ਦੀ ਸਾਂਝੀ ਸਰਕਾਰ ਸਥਿਤੀ 'ਤੇ ਕਾਬੂ ਪਾਉਣ 'ਚ ਬੁਰੀ ਤਰ੍ਹਾਂ ਅਸਫ਼ਲ ਸਿੱਧ ਹੋਈ ਹੈ। ਜਦੋਂ ਤੋਂ ਕੇਂਦਰ 'ਚ ਮੋਦੀ ਸਰਕਾਰ ਹੋਂਦ 'ਚ ਆਈ ਹੈ, ਉਦੋਂ ਤੋਂ ਜੰਮੂ-ਕਸ਼ਮੀਰ 'ਚ ਅੱਤਵਾਦ ਦੀਆਂ ਘਟਨਾਵਾਂ 'ਚ ਬੇਤਹਾਸ਼ਾ ਵਾਧਾ ਹੋਇਆ ਹੈ। 
ਰਾਸ਼ਟਰਪਤੀ ਰਾਜ ਦੀ ਕੀਤੀ ਮੰਗ 
ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਮੰਗ ਕੀਤੀ ਕਿ ਜੰਮੂ-ਕਸ਼ਮੀਰ 'ਚ ਮਹਿਬੂਬਾ ਮੁਫਤੀ ਦੀ ਸਰਕਾਰ ਨੂੰ ਭੰਗ ਕਰ ਕੇ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ। ਇਸ ਸਮੇਂ ਨੀਰਜ ਸ਼ਰਮਾ, ਸੋਨੂੰ ਸ਼ਰਮਾ, ਬਲਦੇਵ ਸਿੰਘ, ਬਲਵੀਰ ਸਿੰਘ, ਕਿਰਪਾਲ ਸਿੰਘ, ਨਰਿੰਦਰ ਕੁਮਾਰ, ਅਮਿਤ ਸੈਣੀ, ਸੁਰੇਸ਼ ਭਾਟੀਆ, ਸੰਤੋਖ ਸਿੰਘ ਆਦਿ ਵੀ ਮੌਜੂਦ ਸਨ। 
ਇਸੇ ਤਰ੍ਹਾਂ ਬਜਰੰਗ ਦਲ ਪੰਜਾਬ ਤੇ ਮਹਾਵੀਰ ਕ੍ਰਾਂਤੀ ਦਲ ਵੱਲੋਂ ਅੱਜ ਇਥੇ ਪ੍ਰਧਾਨ ਪਰਮਜੀਤ ਸਿੰਘ ਫੌਜੀ ਅਤੇ ਅਸ਼ਵਨੀ ਠਾਕੁਰ ਦੀ ਅਗਵਾਈ 'ਚ ਪਾਕਿਸਤਾਨ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਡੀ. ਐੱਸ. ਪੀ. ਮੁਹੰਮਦ ਆਯੂਬ ਪੰਡਿਤ ਦੀ ਬੇਰਹਿਮੀ ਨਾਲ ਕੀਤੀ ਹੱਤਿਆ ਦੀ ਸਖ਼ਤ ਨਿੰਦਾ ਕੀਤੀ ਗਈ। ਆਗੂਆਂ ਨੇ ਕਿਹਾ ਕਿ ਜੰਮੂ-ਕਸ਼ਮੀਰ 'ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਡਗਮਗਾ ਚੁੱਕੀ ਹੈ। ਇਸ ਮੌਕੇ ਸਰਬਜੀਤ ਸਿੰਘ ਸਾਬੀ, ਡਿੰਪਲ, ਸੋਨੂੰ ਨੰਗਲ, ਰਾਜੇਸ਼ ਸੈਣੀ, ਅਭਿਸ਼ੇਕ ਸੈਣੀ ਆਦਿ ਵੀ ਹਾਜ਼ਰ ਸਨ।  
ਇਸ ਤੋਂ ਇਲਾਵਾ ਰਾਸ਼ਟਰੀ ਵਿਕਾਸ ਪਾਰਟੀ ਵੱਲੋਂ ਵੀ ਸ਼ਹੀਦ ਡੀ. ਐੱਸ. ਪੀ. ਆਯੂਬ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਦੋ ਮਿੰਟ ਦਾ ਮੌਨ ਰੱਖ ਕੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਗਈ।


Related News