ਪੈਟਰੋਲ ਪੰਪਾਂ ਦੇ ਡਿਫਾਲਟਰ ਬਣੇ ਡੀ. ਸੀ. ਦਫਤਰ ਦੀ ਸਪਲਾਈ ਹੋਈ ਬਹਾਲ

08/18/2017 10:17:14 AM

ਜਲੰਧਰ (ਅਮਿਤ)-ਪੂਰੇ ਜ਼ਿਲੇ ਨੂੰ ਚਲਾਉਣ ਵਾਲੇ ਡੀ. ਸੀ. ਦਫਤਰ ਦੀ ਰੁਕੀ ਰਫਤਾਰ ਇਕ ਵਾਰ ਫਿਰ ਸ਼ੁਰੂ ਹੋ ਗਈ ਹੈ ਕਿਉਂਕਿ ਉਧਾਰ ਦੇ ਤੇਲ ਨਾਲ ਚੱਲਣ ਵਾਲੀਆਂ ਗੱਡੀਆਂ ਨੂੰ ਪੈਟਰੋਲ ਪੰਪਾਂ ਵਲੋਂ ਤੇਲ ਦੀ ਸਪਲਾਈ ਦੁਬਾਰਾ ਸ਼ੁਰੂ ਕਰ ਦਿੱਤੀ ਗਈ ਹੈ। ਪੈਟਰੋਲ ਪੰਪਾਂ ਦੇ ਡਿਫਾਲਟਰ ਬਣ ਚੁੱਕੇ ਡੀ. ਸੀ. ਦਫਤਰ ਵਲੋਂ ਲੱਗਭਗ 4.5 ਲੱਖ ਦੀ ਰਕਮ ਦਾ ਭੁਗਤਾਨ ਕਰ ਦੇਣ ਤੋਂ ਬਾਅਦ ਗੱਡੀਆਂ ਵਿਚ ਤੇਲ ਪੈਣਾ ਸ਼ੁਰੂ ਹੋ ਗਿਆ ਹੈ ਪਰ ਬਚੀ ਹੋਈ ਪੇਮੈਂਟ ਨੂੰ ਲੈ ਕੇ ਤੇ ਨਾਲ ਹੀ ਨਵੇਂ ਉਧਾਰ ਨੂੰ ਲੈ ਕੇ ਸ਼ਸ਼ੋਪੰਜ ਦੀ ਸਥਿਤੀ ਹੈ ਤੇ ਬਾਕੀ ਦੀ ਰਕਮ ਦਾ ਭੁਗਤਾਨ ਕਦੋਂ ਹੋਵੇਗਾ, ਇਸ ਬਾਰੇ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਕੁਝ ਕਹਿਣ ਨੂੰ ਤਿਆਰ ਨਹੀਂ।
ਦੱਸਣਯੋਗ ਹੈ ਕਿ ਡੀ. ਸੀ. ਦਫਤਰ ਵਲੋਂ ਪਿਛਲੇ 6 ਮਹੀਨਿਆਂ ਤੋਂ ਪੈਟਰੋਲ ਪੰਪਾਂ ਦੀ ਲੱਖਾਂ ਰੁਪਏ ਦੀ ਦੇਣਦਾਰੀ ਨਹੀਂ ਚੁਕਾਈ ਗਈ ਸੀ, ਜਿਸ ਕਾਰਨ ਡਿਫਾਲਟਰਾਂ 'ਤੇ ਸ਼ਿਕੰਜਾ ਕੱਸਣ ਤੇ ਕਾਰਵਾਈ ਕਰਨ ਵਾਲਾ ਡੀ. ਸੀ. ਦਫਤਰ ਕੁਝ ਲਾਪ੍ਰਵਾਹ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਬਦੌਲਤ ਖੁਦ ਡਿਫਾਲਟਰਾਂ ਦੀ ਲਾਈਨ ਵਿਚ ਖੜ੍ਹਾ ਹੋ ਗਿਆ ਸੀ। ਪੰਪਾਂ ਵਲੋਂ ਵਾਰ-ਵਾਰ ਮੰਗਣ 'ਤੇ ਵੀ ਬਕਾਇਆ ਰਾਸ਼ੀ ਅਦਾ ਨਹੀਂ ਕੀਤੀ ਜਾ ਰਹੀ ਸੀ, ਜਿਸ ਕਾਰਨ ਪੰਪਾਂ ਨੇ ਵੀ ਉਧਾਰ ਤੇਲ ਪਾਉਣ ਤੋਂ ਸਾਫ ਤੌਰ 'ਤੇ ਮਨ੍ਹਾ ਕਰ ਦਿੱਤਾ। ਇਸ ਮਾਮਲੇ ਨੂੰ ਜਗ ਬਾਣੀ ਨੇ ਬੜੀ ਪ੍ਰਮੁੱਖਤਾ ਨਾਲ ਛਾਪਿਆ ਸੀ, ਜਿਸ ਤੋਂ ਬਾਅਦ ਡੀ. ਸੀ. ਦਫਤਰ ਦੀ ਜ਼ਿਲਾ ਨਾਜਰ ਸ਼ਾਖਾ ਵਲੋਂ ਕੁਲ 9 ਲੱਖ ਦੀ ਪੈਂਡਿੰਗ ਰਾਸ਼ੀ ਵਿਚੋਂ ਇਕ ਪੰਪ ਨੂੰ ਲੱਗਭਗ 4 ਲੱਖ 22 ਹਜ਼ਾਰ ਤੇ ਡਵੀਜ਼ਨਲ ਕਮਿਸ਼ਨਰ ਦਫਤਰ ਤੋਂ 24 ਹਜ਼ਾਰ ਰੁਪਏ ਦੀ ਰਾਸ਼ੀ ਦਾ ਭੁਗਤਾਨ ਕਰਕੇ ਕਿਸੇ ਤਰ੍ਹਾਂ ਆਪਣੀ ਇੱਜ਼ਤ ਬਚਾਈ ਗਈ। ਦੋਵਾਂ ਦਫਤਰਾਂ ਵਲੋਂ ਪੈਟਰੋਲ ਪੰਪਾਂ ਨੂੰ ਭਰੋਸਾ ਦਿੱਤਾ ਗਿਆ ਕਿ ਜਲਦੀ ਹੀ ਉਨ੍ਹਾਂ ਦੀ ਬਕਾਇਆ ਰਾਸ਼ੀ ਦਾ ਭੁਗਤਾਨ ਵੀ ਕਰ ਦਿੱਤਾ ਜਾਵੇਗਾ ਤੇ ਇਸ ਗੱਲ ਦਾ ਭਰੋਸਾ ਦੇ ਕੇ ਦੋਵਾਂ ਦਫਤਰਾਂ ਨੇ ਸੁਤੰਤਤਾ ਦਿਵਸ ਸਮਾਰੋਹ ਦੌਰਾਨ ਵਰਤੀਆਂ ਜਾਣ ਵਾਲੀਆਂ ਗੱਡੀਆਂ ਵਿਚ ਉਧਾਰ ਦਾ ਤੇਲ ਪੁਆਇਆ।
ਮਿਲੀ ਜਾਣਕਾਰੀ ਅਨੁਸਾਰ ਡੀ. ਸੀ. ਦਫਤਰ ਦਾ ਲਾਜਪਤ ਨਗਰ ਸਥਿਤ ਯੂਨਾਈਟਿਡ ਸਰਵਿਸ ਸਟੇਸ਼ਨ ਨਾਮਕ ਇਕ ਪੰਪ ਵਲ 6.5 ਲੱਖ ਤੇ ਡਿਜੀਟਲ ਕਮਿਸ਼ਨਰ ਦਫਤਰ ਦਾ 1.50 ਲੱਖ ਰੁਪਏ ਬਕਾਇਆ ਸੀ, ਇਸੇ ਤਰ੍ਹਾਂ ਪਿੱਜ਼ਾ ਹਟ ਨੇੜੇ ਇਕ ਹੋਰ ਪੈਟਰੋਲ ਪੰਪ ਕੇਸਰ ਸਰਵਿਸ ਸਟੇਸ਼ਨ ਦਾ ਡੀ. ਸੀ. ਦਫਤਰ ਵਲ ਲੱਗਭਗ 70 ਹਜ਼ਾਰ ਰੁਪਏ ਦਾ ਬਕਾਇਆ ਸੀ। ਜ਼ਿਲਾ ਪ੍ਰਸ਼ਾਸਨ ਵਲੋਂ 9 ਲੱਖ ਦੀ ਪੁਰਾਣੀ ਦੇਣਦਾਰੀ ਵਿਚੋਂ ਲੱਗਭਗ 4.5 ਲੱਖ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ ਤੇ ਬਾਕੀ ਰਹਿੰਦੀ ਰਕਮ ਨੂੰ ਜਲਦੀ ਹੀ ਦੇਣ ਦਾ ਵਾਅਦਾ ਕੀਤਾ ਗਿਆ।


Related News