ਆਵਾਰਾ ਪਸ਼ੂਆਂ ਦੀ ਵਧੀ ਸਮੱਸਿਆ ਤੋਂ ਲੋਕ ਪ੍ਰੇਸ਼ਾਨ

06/26/2017 1:40:28 AM

ਫਿਰੋਜ਼ਪੁਰ,  (ਸ਼ੈਰੀ, ਪਰਮਜੀਤ)— ਸ਼ਹਿਰ ਅੰਦਰ ਆਵਾਰਾ ਪਸ਼ੂਆਂ ਦੀ ਸਮੱਸਿਆ ਲਗਾਤਾਰ ਗੰਭੀਰ ਰੂਪ ਧਾਰਨ ਕਰ ਰਹੀ ਹੈ। ਇਨ੍ਹਾਂ ਆਵਾਰਾ ਪਸ਼ੂਆਂ ਦੇ ਕਾਰਨ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਅਕਸਰ ਹੀ ਹਾਦਸੇ ਵਾਪਰਦੇ ਰਹਿੰਦੇ ਹਨ। ਬੇਸ਼ੱਕ ਸਹਿਰ ਦੇ ਹਰ ਇਲਾਕੇ ਵਿਚ ਆਵਾਰਾ ਪਸ਼ੂ-ਗਾਵਾਂ ਅਤੇ ਸਾਨ੍ਹ ਦੇਖੇ ਜਾ ਸਕਦੇ ਹਨ ਪਰ ਬੱਸ ਸਟੈਂਡ, ਸਬਜ਼ੀ ਮੰਡੀ ਸ਼ਹਿਰ, ਸਬਜ਼ੀ ਮੰਡੀ ਬਾਹਰਵਾਰ ਜ਼ੀਰਾ ਗੇਟ, ਮੁਲਤਾਨੀ ਗੇਟ, ਮੇਨ ਬਾਜ਼ਾਰ, ਸ੍ਰਿਸਟੀਕਰਤਾ ਵਾਲਮੀਕਿ ਚੌਕ ਤੋਂ ਇਲਾਵਾ ਸਹਿਰ ਦੀਆਂ ਸਾਰੀ ਮੁੱਖ ਸੜਕਾਂ 'ਤੇ ਇਹ ਆਵਾਰਾ ਪਸ਼ੂਆਂ ਦੇ ਝੁੰਡ ਘੁੰਮਦੇ ਰਹਿੰਦੇ ਹਨ। 
ਇਸ ਬਾਰੇ ਜਾਣਕਾਰੀ ਦਿੰਦਿਆਂ ਸਮਾਜ-ਸੇਵੀ ਜਨੇਦਰ ਗੋਇਨ ਜੁੰਗਨੂੰ, ਵਿਕੀ ਧਵਨ ਜ਼ਿਲਾ ਪ੍ਰਧਾਨ ਸਾਇਨ ਸੋਸ਼ਲ ਵੈੱਲਫੇਅਰ ਸੁਸਾਇਟੀ, ਗਗਨ ਕੱਕੜ ਨੇ ਕਿਹਾ ਕਿ ਇਸ ਸਮੱਸਿਆ ਬਾਰੇ ਨਗਰ ਕੌਂਸਲ ਫਿਰੋਜ਼ਪੁਰ ਦੇ ਅਧਿਕਾਰੀ ਸਭ ਕੁਝ ਵੇਖਦਿਆਂ ਵੀ ਅੱਖਾਂ 'ਤੇ ਪੱਟੀ ਬੰਨ੍ਹੀ ਬੈਠੇ ਹਨ। ਇਨ੍ਹਾਂ ਆਵਾਰਾਂ ਪਸ਼ੂਆਂ ਦੀ ਆਪਸੀ ਲੜਾਈ ਕਾਰਨ ਕਈ ਵਾਰ ਹਾਦਸੇ ਵਾਪਰੇ ਹਨ ਤੇ ਕਈ ਵਾਰ ਇਹ ਰਾਹਗੀਰਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹੋਏ ਜਾਨਲੇਵਾ ਹਮਲਾ ਕਰਦੇ ਹਨ, ਜਿਸ ਤੋਂ ਸ਼ਹਿਰ ਵਾਸੀਆਂ ਵਿਚ ਡਰ ਵੀ ਬਣਿਆ ਰਹਿੰਦਾ ਹੈ। ਲੋਕਾਂ ਨੇ ਜ਼ਿਲਾ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਰਾਮਵੀਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਸ਼ਹਿਰ ਵਿਚ ਫਿਰਦੇ ਆਵਾਰਾ ਪਸ਼ੂਆਂ ਦੀ ਸਮੱਸਿਆ ਦਾ ਹੱਲ ਕਰਨ ਲਈ ਠੋਸ ਕਦਮ ਚੁੱਕੇ ਜਾਣ, ਤਾਂ ਜੋ ਲੋਕਾਂ ਵਿਚ ਆਵਾਰਾ ਪਸ਼ੂਆਂ ਦਾ ਡਰ ਦੂਰ ਹੋ ਸਕੇ।


Related News