ਸਕੂਲ ਪ੍ਰਬੰਧ ਸਹੀ ਨਾ ਹੋਣ ਕਾਰਨ ਲੋਕਾਂ ''ਚ ਰੋਸ

08/18/2017 6:51:24 AM

ਜੈਂਤੀਪੁਰ,   (ਬਲਜੀਤ)-  ਅਕਾਲੀ-ਭਾਜਪਾ ਸਰਕਾਰ ਸਮੇਂ ਹੋਂਦ 'ਚ ਆਏ ਸੱਤਿਆ ਭਾਰਤੀ ਆਦਰਸ਼ ਸਕੂਲ ਫੱਤੂਭੀਲਾ ਵਿਖੇ ਪ੍ਰਿੰਸੀਪਲ ਦੇ ਅੜੀਅਲ ਵਤੀਰੇ ਕਾਰਨ ਸਕੂਲ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ, ਸਰਪੰਚ ਸਰਦੂਲ ਸਿੰਘ, ਸਾਬਕਾ ਸਰਪੰਚ ਰਤਨ ਸਿੰਘ, ਨਿਰਵੈਲ ਸਿੰਘ, ਗੁਰਮੇਜ ਸਿੰਘ ਆਦਿ ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਸਕੂਲ ਦੀ ਉਸਾਰੀ ਸਮੇਂ ਪੰਚਾਇਤ ਵੱਲੋਂ 10 ਏਕੜ ਦੇ ਕਰੀਬ ਜ਼ਮੀਨ ਸਕੂਲ ਨੂੰ ਦਾਨ ਕੀਤੀ ਗਈ ਸੀ ਤਾਂ ਜੋ ਇਲਾਕੇ ਦੇ ਗਰੀਬ ਅਤੇ ਦਲਿਤ ਵਰਗ ਨਾਲ ਸੰਬੰਧਿਤ ਵਿਦਿਆਰਥੀਆਂ ਨੂੰ ਸਿੱਖਿਆ ਦਿਵਾਈ ਜਾ ਸਕੇ ਪਰ ਸਕੂਲ ਪ੍ਰਿੰਸੀਪਲ ਆਰ. ਕੇ. ਵੱਲੋਂ ਸਕੂਲ ਦਾ ਕਾਰਜ ਪ੍ਰਬੰਧ ਸਹੀ ਢੰਗ ਨਾਲ ਨਾ ਚਲਾਉਣ ਕਾਰਨ ਸਕੂਲ ਵਿਚ ਗੁੰਡਾਗਰਦੀ ਤੇ ਸਿੱਖਿਆ ਦਾ ਮਿਆਰ ਡਿੱਗਣ ਕਾਰਨ ਜਦ ਇਕ ਪੰਚਾਇਤ ਦਾ ਵਫਦ ਪ੍ਰਿੰਸੀਪਲ ਨੂੰ ਮਿਲਣ ਗਿਆ ਤਾਂ ਪ੍ਰਿੰਸੀਪਲ ਨੇ ਉਕਤ ਮੰਗਾਂ ਸਬੰਧੀ ਕੋਈ ਧਿਆਨ ਨਾ ਦਿੱਤਾ ਅਤੇ ਉਲਟਾ ਪੰਚਾਇਤ ਅਤੇ ਵਫਦ ਨੂੰ ਮਿਲਣਾ ਵੀ ਮੁਨਾਸਿਬ ਨਾ ਸਮਝਿਆ, ਜਿਸ ਦੇ ਵਿਰੋਧ ਵਜੋਂ ਸਕੂਲ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਨੇ ਸਕੂਲ ਪ੍ਰਬੰਧਕ ਕਮੇਟੀ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ, ਜਿਸ ਦੀ ਇਨਕੁਆਰੀ ਲਈ ਦਿੱਲੀ ਤੋਂ ਬੀਨੂੰ ਨਈਅਰ ਦੀ ਟੀਮ ਵੱਲੋਂ ਸਾਰੇ ਦੋਸ਼ਾਂ ਦੀ ਜਾਂਚ ਕੀਤੀ ਗਈ ਪਰ ਕਾਫੀ ਸਮਾਂ ਬੀਤ ਜਾਣ ਤੋਂ ਬਾਅਦ ਵੀ ਪੰਚਾਇਤ ਨੂੰ ਕੋਈ ਢੁੱਕਵਾਂ ਜਵਾਬ ਨਹੀਂ ਦਿੱਤਾ ਗਿਆ।
ਇਸ ਮੌਕੇ ਗੁਰਪ੍ਰੀਤ ਸਿੰਘ ਨੇ ਦੋਸ਼ ਲਾਇਆ ਕਿ ਜਾਂਚ ਅਧਿਕਾਰੀ ਨੇ ਇਨਸਾਫ ਦਿਵਾਉਣ ਦੀ ਬਜਾਏ ਸਕੂਲ ਨੂੰ ਬੰਦ ਕਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਸਬੰਧੀ ਜਾਂਚ ਕਮੇਟੀ ਟੀਮ ਦੇ ਇੰਚਾਰਜ ਬੀਨੂੰ ਨਈਅਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਸਹੀ ਢੰਗ ਨਾਲ ਕੀਤੀ ਜਾ ਰਹੀ ਹੈ ਅਤੇ ਸਕੂਲ ਬੰਦ ਕਰਨ ਬਾਰੇ ਕੋਈ ਵੀ ਗੱਲਬਾਤ ਨਹੀਂ ਹੋਈ। ਇਸ ਮੌਕੇ ਭਾਈ ਜੈਤਾ ਜੀ ਸੇਵਾ ਸੁਸਾਇਟੀ ਦੇ ਪ੍ਰਧਾਨ ਰਣਜੀਤ ਸਿੰਘ ਰਾਜਾ ਕੋਟਲੀ ਨੇ ਕਿਹਾ ਕਿ ਗਰੀਬ ਅਤੇ ਦਲਿਤ ਭਾਈਚਾਰੇ ਦੇ ਬੱਚਿਆਂ ਨੂੰ ਸਕੂਲ ਵਿਚ ਦਾਖਲਾ ਨਹੀਂ ਦਿੱਤਾ ਜਾਂਦਾ ਅਤੇ ਫਰਮਾਇਸ਼ ਕਾਰਨ ਹੀ ਬੱਚਿਆਂ ਨੂੰ ਦਾਖਲਾ ਦਿੱਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾਵੇ ਅਤੇ ਅਖੀਰ ਪਿੰਡ ਵਾਸੀਆਂ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਅਤੇ ਸਿੱਖਿਆ ਵਿਭਾਗ ਪੰਜਾਬ ਦੇ ਡਾਇਰੈਕਟਰ ਪਾਸੋਂ ਮੰਗ ਕੀਤੀ ਕਿ ਇਸ ਸਾਰੇ ਮਾਮਲੇ ਦੀ ਜਾਂਚ ਕਰਵਾਈ ਜਾਵੇ ਤਾਂ ਜੋ ਸਹੀ ਤੱਥ ਸਾਹਮਣੇ ਆ ਸਕਣ। ਇਸ ਸਬੰਧੀ ਸਕੂਲ ਦੇ ਪ੍ਰਿੰਸੀਪਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਮੈਂ ਇਸ ਬਾਰੇ ਕੋਈ ਬਿਆਨ ਨਹੀਂ ਦੇ ਸਕਦਾ, ਇਸ ਬਾਰੇ ਜਾਂਚ ਕਮੇਟੀ ਨਾਲ ਗੱਲ ਕੀਤੀ ਜਾ ਸਕਦੀ ਹੈ। ਇਸ ਸਬੰਧੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਨਾਲ ਸੰਪਰਕ ਨਹੀਂ ਹੋ ਸਕਿਆ। 


Related News