ਕਾਲੋਨੀ ''ਚ ਫੈਲੀ ਗੰਦਗੀ ਕਾਰਨ ਲੋਕ ਪ੍ਰੇਸ਼ਾਨ

12/13/2017 1:12:41 AM

ਬਟਾਲਾ,   (ਮਠਾਰੂ)–  ਨਗਰ ਕੌਂਸਲ ਦੀ ਵਾਰਡ ਨੰਬਰ 26 ਅਧੀਨ ਪੈਂਦੀ ਰੋਸ਼ਨ ਵਿਹਾਰ ਕਾਲੋਨੀ ਦੇ ਰਹਿਣ ਵਾਲੇ ਲੋਕ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ, ਕਿਉਂਕਿ ਇਸ ਕਾਲੋਨੀ ਦੇ ਅੰਦਰ ਜਿਥੇ ਗੰਦਗੀ ਦੀ ਭਰਮਾਰ ਹੈ, ਉਥੇ ਨਾਲ ਹੀ ਸੀਵਰੇਜ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਭਿਆਨਕ ਬੀਮਾਰੀਆਂ ਫੈਲਣ ਦਾ ਡਰ ਵੀ ਬਣਿਆ ਹੋਇਆ ਹੈ। 
ਇਸ ਸਬੰਧੀ ਕਾਲੋਨੀ ਦੇ ਨਿਵਾਸੀ ਧਰਮਪਾਲ, ਸ਼ਤੀਸ਼ ਕੁਮਾਰ, ਵਿਨੋਦ ਕੁਮਾਰ, ਰਿੰਪੀ ਸ਼ਰਮਾ, ਪਵਨ ਕੁਮਾਰ, ਹਰਭਜਨ ਲਾਲ ਸਮੇਤ ਹੋਰ ਮੈਂਬਰਾਂ ਨੇ ਦੱਸਿਆ ਕਿ ਕਾਲੋਨੀ ਦੇ ਵਿਚ ਕੂੜੇ ਦੇ ਢੇਰ ਲੱਗੇ ਹੋਏ ਹਨ। ਜਿਨ੍ਹਾਂ ਨੂੰ ਚੁੱਕਣ ਲਈ ਅੱਜ ਤੱਕ ਕੋਈ ਵੀ ਸਫ਼ਾਈ ਸੇਵਕ ਨਹੀਂ ਆਇਆ ਹੈ, ਜਦ ਕਿ ਕਾਲੋਨੀ ਵਿਚ ਫੈਲੀ ਹੋਈ ਗੰਦਗੀ ਦੀ ਸਾਫ਼-ਸਫ਼ਾਈ ਕਰਨ ਲਈ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਕਰ ਕੇ ਹਰ ਪਾਸੇ ਗੰਦਗੀ ਦੀ ਭਰਮਾਰ ਪਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸੀਵਰੇਜ ਦੇ ਪਾਣੀ ਦਾ ਨਿਕਾਸੀ ਪ੍ਰਬੰਧ ਠੀਕ ਨਾ ਹੋਣ ਕਾਰਨ ਗੰਦਾ ਪਾਣੀ ਗਲੀਆਂ 'ਚ ਇਕੱਠਾ ਹੋ ਰਿਹਾ ਹੈ, ਜਿਸ ਕਰ ਕੇ ਲੋਕਾਂ ਦਾ ਲੰਘਣਾ ਵੀ ਮੁਸ਼ਕਿਲ ਹੋਇਆ ਪਿਆ ਹੈ। ਉਨ੍ਹਾਂ ਦੱਸਿਆ ਕਿ ਕਾਲੋਨੀ ਦੀ ਸੜਕ ਵੀ ਬੁਰੀ ਤਰ੍ਹਾਂ ਨਾਲ ਟੁੱਟੀ ਪਈ ਹੈ ਅਤੇ ਸੀਵਰੇਜ ਦੀ ਮੇਨ ਪਾਈਪ ਲਾਈਨ ਵੀ ਅਜੇ ਤੱਕ ਨਹੀਂ ਪਾਈ ਗਈ। ਕਾਲੋਨੀ ਵਾਸੀਆਂ ਨੇ ਨਗਰ ਕੌਂਸਲ ਦੇ ਪ੍ਰਧਾਨ ਅਤੇ ਕਾਰਜਸਾਧਕ ਅਫ਼ਸਰ ਕੋਲੋਂ ਮੰਗ ਕੀਤੀ ਹੈ ਕਿ ਕਾਲੋਨੀ 'ਚ ਸਾਫ਼-ਸਫ਼ਾਈ ਨੂੰ ਯਕੀਨੀ ਬਣਾਇਆ ਜਾਵੇ। 


Related News