ਦੁਕਾਨਦਾਰਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਤੋਂ ਲੋਕ ਪ੍ਰੇਸ਼ਾਨ

12/11/2017 7:31:31 AM

ਬਠਿੰਡਾ, (ਸੁਖਵਿੰਦਰ)- ਦੁਕਾਨਦਾਰਾਂ ਵੱਲੋਂ ਬਾਜ਼ਾਰਾਂ 'ਚ ਕੀਤੇ ਗਏ ਨਾਜਾਇਜ਼ ਕਬਜ਼ੇ ਟ੍ਰੈਫਿਕ ਪੁਲਸ ਅਤੇ ਨਗਰ ਨਿਗਮ ਦੇ ਗਲੇ ਦੀ ਹੱਡੀ ਬਣੇ ਹੋਏ ਹਨ। ਟ੍ਰੈਫਿਕ ਪੁਲਸ ਅਤੇ ਪ੍ਰਸ਼ਾਸਨ ਉਕਤ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਵਿਚ ਬੇਵੱਸ ਨਜ਼ਰ ਆ ਰਿਹਾ ਹੈ। ਕਾਰਵਾਈ ਨਾ ਹੋਣ ਕਾਰਨ ਬਾਜ਼ਾਰਾਂ ਖਾਸਕਰ ਕੋਰਟ ਰੋਡ, ਮਹਿਣਾ ਚੌਕ ਅਤੇ ਬੱਸ ਸਟੈਂਡ 'ਤੇ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਲੱਗੀ ਹੋਈ ਹੈ। ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਬੈਂਚ ਲਾ ਕੇ ਕੱਪੜੇ, ਰਾਸ਼ਨ, ਬੂਟ, ਬਰਤਨ ਆਦਿ ਸਾਮਾਨ ਨੂੰ ਦੂਰ ਤੱਕ ਸਜਾਇਆ ਹੋਇਆ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 
ਜਾਣਕਾਰੀ ਅਨੁਸਾਰ ਬਾਜ਼ਾਰਾਂ ਵਿਚ ਦੁਕਾਨਦਾਰਾਂ ਵੱਲੋਂ ਫੁੱਟਪਾਥਾਂ 'ਤੇ ਕੀਤੇ ਗਏ ਨਾਜਾਇਜ਼ ਕਬਜ਼ੇ ਟ੍ਰੈਫਿਕ ਪੁਲਸ ਅਤੇ ਨਗਰ ਨਿਗਮ ਲਈ ਵੱਡੀ ਸਮੱਸਿਆ ਬਣੇ ਹੋਏ ਹਨ। ਭਾਵੇਂ ਕਿ ਟ੍ਰੈਫਿਕ ਪੁਲਸ ਵੱਲੋਂ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਬਾਜ਼ਾਰਾਂ ਵਿਚ ਪੀਲੀ ਲਾਈਨ ਲਾਈ ਗਈ ਹੈ। ਉਕਤ ਪੀਲੀ ਲਾਈਨ ਤੋਂ ਬਾਹਰ ਪਾਰਕ ਕੀਤੇ ਜਾ ਰਹੇ ਵਾਹਨਾਂ ਦੇ ਚਲਾਨ ਵੀ ਕੱਟੇ ਜਾ ਰਹੇ ਹਨ। ਇਸ ਤੋਂ ਇਲਾਵਾ ਕੁਝ ਬਾਜ਼ਾਰਾਂ ਵਿਚ 'ਟੋ ਵੈਨ' ਰਾਹੀਂ ਵਾਹਨਾਂ ਨੂੰ ਟੋ ਵੀ ਕੀਤਾ ਜਾ ਰਿਹਾ ਹੈ ਪਰ ਕੋਰਟ ਰੋਡ, ਮਹਿਣਾ ਚੌਕ ਆਦਿ ਬਾਜ਼ਾਰਾਂ ਵਿਚ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਲੱਗੀ ਹੋਈ ਹੈ। ਉਕਤ ਬਾਜ਼ਾਰਾਂ ਵਿਚ ਟ੍ਰੈਫਿਕ ਪੁਲਸ ਵੱਲੋਂ ਕਾਰਵਾਈ ਨਾ ਕਰਨ ਕਰ ਕੇ ਦੁਕਾਨਦਾਰਾਂ ਵੱਲੋਂ ਆਪਣੇ ਸਾਮਾਨ ਨੂੰ ਦੂਰ ਤੱਕ ਸੜਕਾਂ 'ਤੇ ਸਜਾਇਆ ਹੋਇਆ ਹੈ। ਸੜਕ 'ਤੇ ਜਗ੍ਹਾ ਨਾ ਹੋਣ ਕਾਰਨ ਹਰ ਸਮੇਂ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ। ਸ਼ਾਮ ਸਮੇਂ ਸਥਿਤੀ ਹੋਰ ਵੀ ਤਣਾਅ ਪੂਰਨ ਹੋ ਜਾਂਦੀ ਹੈ। ਲੰਮਾ ਸਮਾਂ ਬੀਤਣ ਤੋਂ ਬਾਅਦ ਵੀ ਟ੍ਰੈਫਿਕ ਪੁਲਸ ਅਤੇ ਨਿਗਮ ਦੇ ਅਧਿਕਾਰੀਆਂ ਵੱਲੋਂ ਉਕਤ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਜਾ ਰਹੇ । ਲੋਕਾਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਤੁਰੰਤ ਹਟਵਾਇਆ ਜਾਵੇ।
ਪੀਲੀ ਲਾਈਨ 'ਤੇ ਕਬਜ਼ਾ ਹੋਣ ਕਾਰਨ ਲੋਕ ਪ੍ਰੇਸ਼ਾਨ : ਦੁਕਾਨਾਂ ਅੱਗੇ ਸਾਮਾਨ ਰੱਖਿਆ ਹੋਣ ਕਾਰਨ ਲੋਕਾਂ ਨੂੰ ਬਾਜ਼ਾਰ ਵਿਚ ਪੀਲੀ ਲਾਈਨ ਅੰਦਰ ਵਾਹਨ ਰੋਕਣ ਵਿਚ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਵੇਂ ਕਿ ਟ੍ਰੈਫਿਕ ਪੁਲਸ ਵੱਲੋਂ ਬਾਜ਼ਾਰਾਂ ਵਿਚ ਇਕ ਪੀਲੀ ਲਾਈਨ ਲਾਈ ਗਈ ਹੈ ਤਾਂ ਜੋ ਲੋਕ ਆਪਣੇ ਵਾਹਨ ਨੂੰ ਪੀਲੀ ਲਾਈਨ ਦੇ ਅੰਦਰ ਪਾਰਕ ਕਰ ਸਕਣ ਪਰ ਜ਼ਿਆਦਾਤਰ ਦੁਕਾਨਦਾਰਾਂ ਵੱਲੋਂ ਆਪਣੀ ਦੁਕਾਨ ਸਾਹਮਣੇ ਵਾਹਨ ਖੜ੍ਹੇ ਕਰਨ ਤੋਂ ਰੋਕਿਆ ਜਾ ਰਿਹਾ ਹੈ, ਜਿਸ ਕਾਰਨ ਕਈ ਵਾਰ ਆਮ ਲੋਕਾਂ ਅਤੇ ਦੁਕਾਨਦਾਰਾਂ ਵਿਚ ਬਹਿਸ ਵੀ ਹੋ ਚੁੱਕੀ ਹੈ।


Related News