ਸ਼ੈਲਰਾਂ ਤੋਂ ਆੜ੍ਹਤੀਆਂ ਦਾ 600 ਕਰੋੜ ਲੈ ਕੇ ਛੱਡਾਂਗੇ

08/14/2017 6:01:37 AM

ਬਾਘਾਪੁਰਾਣਾ/ਨਿਹਾਲ ਸਿੰਘ ਵਾਲਾ  (ਰਾਕੇਸ਼/ ਚਟਾਨੀ/ ਮੁਨੀਸ਼, ਗੁਪਤਾ) - ਫੈੱਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੀ ਇਕ ਮੀਟਿੰਗ ਸੂਬੇ ਦੇ ਉਪ ਪ੍ਰਧਾਨ ਅਮਰਜੀਤ ਸਿੰਘ ਬਰਾੜ ਰਾਜੇਆਣਾ ਦੀ ਅਗਵਾਈ ਹੇਠ ਹੋਈ, ਜਿਸ 'ਚ ਸੂਬਾ ਪ੍ਰਧਾਨ ਵਿਜੇ ਕਾਲੜਾ ਆੜ੍ਹਤੀਆਂ ਦੀਆਂ ਸਮੱਸਿਆਵਾਂ, ਸ਼ਿਕਾਇਤਾਂ ਅਤੇ ਦੁੱਖ-ਤਕਲੀਫਾਂ ਸੁਣਨ ਲਈ ਪਹੁੰਚੇ ਹੋਏ ਸਨ। ਮੀਟਿੰਗ ਨੂੰ ਸੂਬਾ ਆਗੂਆਂ ਮਹਾਵੀਰ ਸਿੰਘ ਤਰਨਤਾਰਨ, ਅੰਮ੍ਰਿਤ ਲਾਲ ਛਾਬੜਾ ਫਿਰੋਜ਼ਪੁਰ, ਰੂਪ ਲਾਲ ਤਲਵੰਡੀ ਭਾਈ, ਕੇ. ਕੇ. ਗੋਇਲ ਕੋਟਕਪੂਰਾ, ਭੋਲਾ ਬਰਾੜ, ਜਗਸੀਰ ਸਿੰਘ ਲੰਗੇਆਣਾ ਨੇ ਆੜ੍ਹਤੀਆਂ ਦੀਆਂ ਸਮੱਸਿਆਵਾਂ 'ਤੇ ਜਿੱਥੇ ਚਾਨਣਾ ਪਾਇਆ, ਉੱਥੇ ਹੀ ਅਮਰਜੀਤ ਸਿੰਘ ਰਾਜੇਆਣਾ ਦੀ ਕਾਰਜਸ਼ੈਲੀ ਦੀ ਪ੍ਰਸ਼ੰਸਾ ਕੀਤੀ।
ਇਸ ਦੌਰਾਨ ਮੈਪੇਲ ਰਿਜ਼ੋਰਟਸ ਵਿਖੇ ਆੜ੍ਹਤੀਆਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਜੇ ਕਾਲੜਾ ਨੇ ਕਿਹਾ ਕਿ ਸਾਰੇ ਪੰਜਾਬ ਦੀਆਂ ਮੰਡੀਆਂ ਵਿਚ ਜਾ ਰਹੇ ਹਾਂ, ਜਿੱਥੇ ਆੜ੍ਹਤੀਆਂ ਦੇ ਵੱਡੇ ਇਕੱਠ ਹੋ ਰਹੇ ਹਨ ਅਤੇ ਆੜ੍ਹਤੀ ਜੋ ਸਮੱਸਿਆ ਦੱਸ ਰਹੇ ਹਨ, ਉਨ੍ਹਾਂ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਅਸੀਂ ਸਭ ਤੋਂ ਪਹਿਲਾਂ ਕਦਮ ਇਹ ਚੁੱਕਿਆ ਹੈ ਕਿ ਜੋ 600 ਕਰੋੜ ਰੁਪਏ ਦੀ ਸ਼ੈਲਰ ਮਾਲਕਾਂ ਨੇ ਆੜ੍ਹਤੀਆਂ ਨਾਲ ਠੱਗੀ ਮਾਰੀ ਹੈ, ਉਹ ਰਕਮ ਅਸੀਂ ਹਰ ਹੀਲੇ ਵਸੂਲਣੀ ਹੈ। 31 ਅਗਸਤ ਤੱਕ ਸ਼ੈਲਰ ਮਿੱਲਰ ਆਪਣੇ-ਆਪ ਆੜ੍ਹਤੀਆਂ ਦੀ ਰਕਮ ਵਾਪਸ ਕਰ ਦੇਣ ਨਹੀਂ ਤਾਂ ਇਸ ਤੋਂ ਬਾਅਦ ਅਜਿਹਾ ਸੰਘਰਸ਼ ਛੇੜਾਂਗਾ, ਜਿਸ ਤਹਿਤ ਸ਼ੈਲਰਾਂ ਦੇ ਬਿਜਲੀ ਕੁਨੈਕਸ਼ਨ ਕਟਵਾਏ ਜਾਣਗੇ ਅਤੇ ਇਨ੍ਹਾਂ ਨੂੰ ਕਿਤੋਂ ਵੀ ਪੈਡੀ ਨਹੀਂ ਲੈਣ ਦੇਵਾਂਗਾ ਤੇ ਇਨ੍ਹਾਂ ਦਾ ਪੂਰੀ ਤਰ੍ਹਾਂ ਨਾਲ ਬਾਈਕਾਟ ਕਰਾਂਗੇ। ਆੜ੍ਹਤੀਆਂ 'ਤੇ ਝੂਠੇ ਦਰਜ ਕੀਤੇ ਪਰਚੇ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ। ਜਲਦ ਹੀ ਸੂਬੇ ਦੇ ਆੜ੍ਹਤੀ ਪੰਜਾਬ ਪੱਧਰੀ ਇਕ ਮਹਾ ਰੈਲੀ ਕਰ ਰਹੇ ਹਨ, ਜਿਸ ਵਿਚ ਹਜ਼ਾਰਾਂ ਦੀ ਗਿਣਤੀ 'ਚ ਆੜ੍ਹਤੀ ਸ਼ਾਮਲ ਹੋਣਗੇ ਅਤੇ ਜੋ ਮੰਗਾਂ ਦੀ ਲਿਸਟ ਬਣਾਈ ਜਾਵੇਗੀ, ਉਹ ਸਾਰੀਆਂ ਸਰਕਾਰ ਤੋਂ ਪੂਰੀਆਂ ਕਰਵਾਈਆਂ ਜਾਣਗੀਆਂ।
ਇਸ ਸਮੇਂ ਉਪ ਪ੍ਰਧਾਨ ਅਮਰਜੀਤ ਸਿੰਘ ਰਾਜੇਆਣਾ ਨੇ ਕਿਹਾ ਕਿ ਸ਼੍ਰੀ ਕਾਲੜਾ ਦੀ ਹਿੰਮਤ ਸਦਕਾ ਪੰਜਾਬ ਦੇ ਆੜ੍ਹਤੀ ਜਾਗੇ ਹਨ, ਨਹੀਂ ਤਾਂ ਆੜ੍ਹਤੀਆਂ ਦਾ ਕੋਈ ਹਾਲ ਨਹੀਂ ਸੀ। ਸ਼੍ਰੀ ਕਾਲੜਾ ਨੇ ਆੜ੍ਹਤੀਆਂ ਦੀਆਂ ਗੰਭੀਰ ਸਮੱਸਿਆਵਾਂ ਪੰਜਾਬ ਦੇ ਮੁੱਖ ਮੰਤਰੀ ਕੋਲ ਰੱਖ ਕੇ ਇਕ ਸ਼ਲਾਘਾਯੋਗ ਕਦਮ ਚੁੱਕਿਆ ਹੈ। ਇਸ ਉਪਰੰਤ ਸ. ਰਾਜੇਆਣਾ ਨੇ ਸ਼੍ਰੀ ਕਾਲੜਾ ਤੇ ਉਨ੍ਹਾਂ ਦੀ ਪਹੁੰਚੀ ਸਮੁੱਚੀ ਟੀਮ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ।


Related News