ਝੋਨੇ ਦੀ ਖਰੀਦ ਨਾ ਹੋਣ ਕਾਰਨ ਆੜ੍ਹਤੀਆਂ ਤੇ ਕਿਸਾਨਾਂ ਵੱਲੋਂ ਚੱਕਾ ਜਾਮ

10/19/2017 7:28:54 AM

ਭੁਲੱਥ, (ਰਜਿੰਦਰ)- ਮਾਰਕੀਟ ਕਮੇਟੀ ਭੁਲੱਥ ਅਧੀਨ ਪੈਂਦੀ ਮੰਡੀ ਚੌਕ ਬਜਾਜ ਵਿਖੇ ਖਰੀਦ ਏਜੰਸੀਆਂ ਵੱਲੋਂ ਬੀਤੇ ਦਿਨਾਂ ਤੋਂ ਝੋਨੇ ਦੀ ਖਰੀਦ ਨਾ ਕਰਨ ਤੇ ਬਾਰਦਾਨਾ ਮੁਹੱਈਆ ਨਾ ਕਰਵਾਉਣ ਕਰ ਕੇ ਇੱਥੋਂ ਦੇ ਆੜ੍ਹਤੀਆਂ ਤੇ ਕਿਸਾਨਾਂ ਵੱਲੋਂ ਭੁਲੱਥ-ਭੋਗਪੁਰ ਮੁੱਖ ਮਾਰਗ 'ਤੇ ਧਰਨਾ ਲਾ ਕੇ ਚੱਕਾ ਜਾਮ ਕੀਤਾ ਗਿਆ।
ਧਰਨੇ ਦੌਰਾਨ ਆੜ੍ਹਤੀਆਂ ਬਲਦੇਵ ਸਿੰਘ ਘੋਤੜਾ, ਬਲਵੀਰ ਸਿੰਘ, ਗੁਰਦੀਪ ਸਿੰਘ ਟਾਂਡੀ, ਜਸਵੰਤ ਸਿੰਘ ਮੱਲ੍ਹੀ, ਸੁਖਜਿੰਦਰ ਸਿੰਘ, ਕਰਨੈਲ ਸਿੰਘ, ਪ੍ਰੀਤਮ ਸਿੰਘ ਨਡਾਲੀ, ਕੁਲਦੀਪ ਸਿੰਘ ਭਟਨੂਰਾ ਖੁਰਦ ਤੋਂ ਇਲਾਵਾ ਵੱਡੀ ਗਿਣਤੀ 'ਚ ਕਿਸਾਨ ਮੌਜੂਦ ਸਨ। 
ਇਸ ਮੌਕੇ ਆੜ੍ਹਤੀਆਂ ਨੇ ਦੱਸਿਆ ਕਿ ਪਿਛਲੇ ਚਾਰ ਦਿਨਾਂ ਤੋਂ ਚੌਕ ਬਜਾਜ ਮੰਡੀ ਵਿਚ ਖਰੀਦ ਏਜੰਸੀ ਐੱਫ. ਸੀ. ਆਈ. ਤੇ ਪੰਜਾਬ ਐਗਰੋ ਵੱਲੋਂ ਨਾ ਤਾਂ ਬਾਰਦਾਨਾ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਨਾ ਹੀ ਇੱਥੇ ਖਰੀਦ ਕੀਤੀ ਜਾ ਰਹੀ ਹੈ, ਜਿਸ ਕਾਰਨ ਆਪਣੀ ਫਸਲ ਮੰਡੀ ਵਿਚ ਲੈ ਕੇ ਬੈਠੇ ਕਿਸਾਨ ਪ੍ਰੇਸ਼ਾਨੀ ਦੇ ਆਲਮ ਵਿਚ ਹਨ। ਇਸ ਸਬੰਧੀ ਸਾਰਾ ਮਾਮਲਾ ਬੀਤੇ ਦਿਨੀਂ ਐੱਸ. ਡੀ. ਐੱਮ. ਭੁਲੱਥ ਡਾ. ਸੰਜੀਵ ਸ਼ਰਮਾ ਦੇ ਧਿਆਨ ਵਿਚ ਲਿਆਂਦਾ ਗਿਆ ਸੀ, ਜਿਨ੍ਹਾਂ ਐੱਫ. ਸੀ. ਆਈ. ਅਧਿਕਾਰੀਆਂ ਨਾਲ ਮੰਡੀ ਦਾ ਜਾਇਜ਼ਾ ਵੀ ਲਿਆ ਸੀ ਤੇ ਇਸ ਦੌਰਾਨ ਐੱਫ. ਸੀ. ਆਈ. ਅਧਿਕਾਰੀਆਂ ਨੇ ਭਰੋਸਾ ਦਿਵਾਇਆ ਕਿ ਮੰਗਲਵਾਰ ਸ਼ਾਮ ਤੱਕ ਬਾਰਦਾਨਾ ਆ ਜਾਵੇਗਾ ਅਤੇ ਖਰੀਦ ਸ਼ੁਰੂ ਕਰਵਾ ਦਿੱਤੀ ਜਾਵੇਗੀ ਪਰ ਮੰਗਲਵਾਰ ਤੋਂ ਅੱਜ ਬੁੱਧਵਾਰ ਹੋ ਗਿਆ ਹੈ ਅਤੇ ਨਾ ਤਾਂ ਐੱਫ. ਸੀ. ਆਈ. ਅਤੇ ਨਾ ਹੀ ਪੰਜਾਬ ਐਗਰੋ ਦਾ ਬਾਰਦਾਨਾ ਆ ਰਿਹਾ ਹੈ। ਇੱਥੋਂ ਤੱਕ ਕਿ ਹੁਣ ਤਾਂ ਪਨਸਪ ਦੇ ਬੀ ਗ੍ਰੇਡ ਬਾਰਦਾਨੇ ਨੂੰ ਲੈ ਕੇ ਮੁਸ਼ਕਲਾਂ ਆ ਰਹੀਆਂ ਹਨ। ਇਹ ਧਰਨਾ ਤੇ ਚੱਕਾ ਜਾਮ ਸਵੇਰੇ ਕਰੀਬ ਸਾਢੇ 11 ਵਜੇ ਸ਼ੁਰੂ ਹੋਇਆ, ਜੋ ਕਰੀਬ ਦੋ ਘੰਟੇ ਤੱਕ ਚੱਲਿਆ, ਜਿਸ ਦੌਰਾਨ ਭੁਲੱਥ, ਭੋਗਪੁਰ, ਬੇਗੋਵਾਲ ਤੇ ਨੇੜਲੇ ਪਿੰਡਾਂ ਵੱਲ ਜਾਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਦੂਜੇ ਪਾਸੇ ਧਰਨੇ ਦਾ ਪਤਾ ਲੱਗਣ 'ਤੇ ਸਬ-ਡਵੀਜ਼ਨ ਭੁਲੱਥ ਦੇ ਤਹਿਸੀਲਦਾਰ ਮਨਜੀਤ ਸਿੰਘ ਰਾਜਲਾ, ਨਾਇਬ ਤਹਿਸੀਲਦਾਰ ਗੁਰਸੇਵਕ ਰਾਮ ਤੇ ਮਾਰਕੀਟ ਕਮੇਟੀ ਭੁਲੱਥ ਦੇ ਸੈਕਟਰੀ ਰਵਿੰਦਰ ਕੁਮਾਰ ਕਾਲੀਆ ਮੌਕੇ 'ਤੇ ਪੁੱਜੇ, ਜਿਨ੍ਹਾਂ ਧਰਨਾਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਸ਼ਾਮ ਤੱਕ ਪੰਜਾਬ ਐਗਰੋ ਖਰੀਦ ਏਜੰਸੀ ਵੱਲੋਂ ਬਾਰਦਾਨਾ ਭੇਜਿਆ ਜਾ ਰਿਹਾ ਹੈ, ਜਿਸ ਦੌਰਾਨ ਖਰੀਦ ਵੀ ਸ਼ੁਰੂ ਕਰਵਾ ਦਿੱਤੀ ਜਾਵੇਗੀ। ਉਪਰੰਤ ਆੜ੍ਹਤੀਆਂ ਤੇ ਕਿਸਾਨਾਂ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ। 


Related News