ਰਿਸ਼ਵਤ ਲੈਣ ਵਾਲੇ ਪਟਵਾਰੀ ਤੇ ਉਸ ਦੇ ਸਹਾਇਕ ਖਿਲਾਫ ਮਾਮਲਾ ਦਰਜ

10/18/2017 5:20:11 PM


ਤਲਵੰਡੀ ਸਾਬੋ (ਮੁਨੀਸ਼) - ਜ਼ਮੀਨੀ ਤਬਾਦਲੇ ਦੇ ਸੰਬੰਧ ਵਿਚ ਢਾਈ ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਬਾਵਜੂਦ ਵੀ ਪਾਰਟੀ ਦਾ ਕੰਮ ਨਾ ਕਰਨ ਵਾਲੇ ਮਾਲ ਵਿਭਾਗ ਦੇ ਇਕ ਪਟਵਾਰੀ ਅਤੇ ਉਸ ਦੇ ਸਹਾਇਕ ਖਿਲਾਫ ਤਲਵੰਡੀ ਸਾਬੋ ਪੁਲਸ ਨੇ ਜਾਂਚ ਤੋਂ ਬਾਅਦ ਮਾਮਲਾ ਦਰਜ ਕੀਤਾ ਹੈ। 
ਦਰਜ ਮਾਮਲੇ ਤੇ ਡੀ. ਐੱਸ. ਪੀ. ਤਲਵੰਡੀ ਸਾਬੋ ਬਰਿੰਦਰ ਸਿੰਘ ਦੇ ਦੱਸਣ ਅਨੁਸਾਰ ਪਰਮਪਾਲ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਪਿੰਡ ਬੰਗੀ ਰੁੱਘੂ ਤੇ ਮਨਿੰਦਰ ਸਿੰਘ ਵਾਸੀ ਜਿਉਂਦ ਆਪਸ 'ਚ ਸਕੇ ਸੰਬੰਧੀ ਹਨ ਅਤੇ ਦੋਵਾਂ ਦੀ ਦੋਵਾਂ ਪਿੰਡਾਂ ਵਿਚ ਸਾਂਝੀ ਜ਼ਮੀਨ ਹੈ। ਸੰਨ 2014 ਵਿਚ ਪਰਮਪਾਲ ਸਿੰਘ ਅਤੇ ਮਨਿੰਦਰ ਸਿੰਘ ਨੇ ਆਪਣੀਆਂ ਜ਼ਮੀਨਾਂ ਦੇ ਤਬਾਦਲੇ ਕਰਵਾਉਣੇ ਸਨ। ਜ਼ਮੀਨੀ ਤਬਾਦਲੇ ਬਦਲੇ ਹਲਕਾ ਪਟਵਾਰੀ ਗੁਰਮੇਲ ਸਿੰਘ ਨੇ ਆਪਣੇ ਦਫਤਰ 'ਚ ਨਿੱਜੀ ਸਹਾਇਕ ਰੱਖੇ ਅਜੈਬ ਸਿੰਘ ਵਾਸੀ ਲਾਲੇਆਣਾ ਰਾਹੀਂ ਸਾਢੇ ਤਿੰਨ ਲੱਖ ਰੁਪਏ ਦੀ ਮੰਗ ਕੀਤੀ ਪਰ ਬਾਅਦ 'ਚ ਸੌਦਾ ਢਾਈ ਲੱਖ ਰੁਪਏ ਵਿਚ ਤੈਅ ਹੋ ਗਿਆ। ਇਹ ਰੁਪਏ ਕਿਸਾਨਾਂ ਨੇ ਦੋ ਵਾਰ 'ਚ ਸਹਾਇਕ ਤੇ ਪਟਵਾਰੀ ਨੂੰ ਦੇ ਦਿੱਤੇ ਪਰ ਪਟਵਾਰੀ ਗੁਰਮੇਲ ਸਿੰਘ ਨੇ ਪੈਸੇ ਲੈ ਕੇ ਵੀ ਉਨ੍ਹਾਂ ਦੀ ਜ਼ਮੀਨ ਦਾ ਤਬਾਦਲਾ ਨਹੀਂ ਕੀਤਾ, ਜਿਸ ਤੋਂ ਬਾਅਦ ਕਿਸਾਨਾਂ ਨੇ ਇਸ ਦੀ ਸ਼ਿਕਾਇਤ ਜ਼ਿਲਾ ਸਿਵਲ ਪ੍ਰਧਾਨ ਕੋਲ ਕੀਤੀ। 
ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਲਈ ਐੱਸ. ਐੱਸ. ਪੀ. ਬਠਿੰਡਾ ਨੂੰ ਅਰਜ਼ੀ ਭੇਜ ਦਿੱਤੀ। ਜ਼ਿਲਾ ਪੁਲਸ ਮੁਖੀ ਨੇ ਡੀ. ਐੱਸ. ਪੀ. ਤਲਵੰਡੀ ਸਾਬੋ ਬਰਿੰਦਰ ਸਿੰਘ ਨੂੰ ਮਾਮਲੇ ਦੀ ਜਾਂਚ ਕਰ ਕੇ ਅਗਲੀ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ। ਡੀ. ਐੱਸ. ਪੀ. ਨੇ ਮਾਮਲੇ ਦੀ ਜਾਂਚ ਕਰ ਕੇ ਰਿਪੋਰਟ ਜ਼ਿਲਾ ਅਧਿਕਾਰੀਆਂ ਨੂੰ ਸੌਂਪ ਦਿੱਤੀ। ਇਨ੍ਹਾਂ ਦੇ ਹੁਕਮਾਂ 'ਤੇ ਤਲਵੰਡੀ ਸਾਬੋ ਪੁਲਸ ਨੇ ਕਿਸਾਨ ਪਰਮਪਾਲ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਰੁੱਘੂ ਬੰਗੀ ਦੇ ਬਿਆਨਾਂ ਦੇ ਆਧਾਰ 'ਤੇ ਪਟਵਾਰੀ ਗੁਰਮੇਲ ਸਿੰਘ ਅਤੇ ਉਸ ਦੇ ਸਹਾਇਕ ਅਜੈਬ ਸਿੰਘ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਸੰਪਰਕ ਕਰਨ 'ਤੇ ਡੀ. ਐੱਸ. ਪੀ. ਬਰਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ 'ਚ ਦੋਸ਼ੀ ਪਾਏ ਗਏ ਪਟਵਾਰੀ ਤੇ ਉਸ ਦੇ ਸਹਾਇਕ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।


Related News