ਪਟਾਕੇ ਵੇਚਣ ਵਾਲਿਆਂ ਵੱਲੋਂ ਲਾਇਸੈਂਸ ਨਾ ਮਿਲਣ ''ਤੇ ਰੋਸ ਦਾ ਪ੍ਰਗਟਾਵਾ

10/18/2017 7:01:57 AM

ਫ਼ਤਿਹਗੜ੍ਹ ਸਾਹਿਬ, (ਜ. ਬ.)- ਫ਼ਤਿਹਗੜ੍ਹ ਸਾਹਿਬ ਵਿਖੇ ਪ੍ਰਸ਼ਾਸਨ ਵੱਲੋਂ ਅੱਜ ਪਟਾਕਾ ਵੇਚਣ ਵਾਲਿਆਂ ਦੇ ਡਰਾਅ ਕੱਢੇ ਜਾਣੇ ਸੀ ਤੇ ਇਸ ਦੌਰਾਨ ਕਈ ਵਿਅਕਤੀਆਂ ਨੂੰ ਲਾਇਸੈਂਸ ਜਾਰੀ ਨਹੀਂ ਹੋ ਸਕੇ, ਜਿਸ ਕਰ ਕੇ ਉਨ੍ਹਾਂ 'ਚ ਭਾਰੀ ਰੋਸ ਪਾਇਆ ਗਿਆ।
ਇਸ ਮੌਕੇ ਜਸਮੀਤ ਸਿੰਘ, ਸੋਨੂੰ, ਜਗਤਪਾਲ ਤੇ ਹੋਰ ਦੁਕਾਨਦਾਰਾਂ ਨੇ ਕਿਹਾ ਕਿ ਉਹ ਉਧਾਰ ਪਟਾਕੇ ਲਿਆਇਆ ਸੀ ਤੇ ਪ੍ਰਸ਼ਾਸਨ ਵੱਲੋਂ ਅੱਜ ਲਾਇਸੈਂਸ ਜਾਰੀ ਹੋਣੇ ਸੀ ਪਰ 167 'ਚੋਂ ਸਿਰਫ਼ 9 ਲਾਇਸੈਂਸ ਹੀ ਸਰਹਿੰਦ ਨੂੰ ਮਿਲੇ ਹਨ ਜਦੋਂਕਿ ਉਸ ਨੂੰ ਲਾਇਸੈਂਸ ਨਹੀਂ ਮਿਲਿਆ। ਉਸ ਨੇ ਕਿਹਾ ਕਿ ਉਹ ਉਧਾਰ ਪੈਸੇ ਕਿੱਥੋਂ ਭਰੇਗਾ ਤੇ ਕਿਸ ਤਰ੍ਹਾਂ ਪਟਾਕੇ ਵੇਚੇਗਾ। ਉਸ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਜੇਕਰ ਅਜਿਹੀ ਕੋਈ ਕਾਰਵਾਈ ਕਰਨੀ ਸੀ ਤਾਂ ਦੋ ਮਹੀਨੇ ਪਹਿਲਾਂ ਦੱਸਣਾ ਬਣਦਾ ਸੀ, ਜਿਸ ਹਿਸਾਬ ਨਾਲ ਉਹ ਪਟਾਕੇ ਖਰੀਦ ਤੇ ਵੇਚ ਸਕਦੇ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਲਾਇਸੈਂਸ ਜਾਰੀ ਕੀਤਾ ਜਾਵੇ ਤਾਂ ਜੋ ਘਾਟੇ ਤੋਂ ਬਚਿਆ ਜਾ ਸਕੇ। ਛੋਟੇ ਦੁਕਾਨਦਾਰਾਂ ਦਾ ਬਹੁਤ ਮਾੜਾ ਹਾਲ ਹੈ। ਉਨ੍ਹਾਂ ਦੀ ਰੋਜ਼ੀ-ਰੋਟੀ ਇਸ ਨਾਲ ਚੱਲਦੀ ਸੀ ਪਰ ਹੁਣ ਉਹ ਬੇਰੁਜ਼ਗਾਰ ਹੋ ਚੁੱਕੇ ਹਨ ਤੇ ਉਹ ਕਰੀਬ 50 ਹਜ਼ਾਰ ਦੇ ਪਟਾਕੇ ਆਪਣੇ ਦੋਸਤ ਨਾਲ ਮਿਲ ਕੇ ਲਿਆਂਦੇ ਸੀ ਤੇ ਉਸ ਦੇ ਦੋਸ਼ ਨੂੰ ਲਾਇਸੈਂਸ ਮਿਲ ਚੁੱਕਾ ਹੈ ਤੇ ਹੁਣ ਦੋਵਾਂ ਨੇ ਕਿਸੇ ਤਰ੍ਹਾਂ ਸੈਟਿੰਗ ਕਰਨੀ ਹੈ। ਲਾਇਸੈਂਸ ਦੇ ਨਾਂ 'ਤੇ ਉਨ੍ਹਾਂ ਨਾਲ ਠੱਗੀ ਕੀਤੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ 20 ਫੀਸਦੀ ਹੀ ਲਾਇਸੈਂਸ ਦਿੱਤੇ ਜਾਣਗੇ।
ਕੀ ਕਹਿਣਾ ਹੈ ਡੀ. ਸੀ. ਦਾ ?
ਜਦੋਂ ਇਸ ਸਬੰਧੀ ਡਿਪਟੀ ਕਮਿਸ਼ਨਰ ਕੰਵਲਪ੍ਰੀਤ ਬਰਾੜ ਨੇ ਕਿਹਾ ਕਿ ਮਾਣਯੋਗ ਹਾਈ ਕੋਰਟ ਦੇ ਹੁਕਮਾਂ 'ਤੇ ਅੱਜ ਡਰਾਅ ਕੱਢੇ ਗਏ ਜਿਸ ਦੌਰਾਨ 390 ਦਰਖਾਸਤਾਂ ਪ੍ਰਾਪਤ ਹੋਈਆਂ ਜਿਨ੍ਹਾਂ 'ਚੋਂ 14 ਥਾਵਾਂ ਨੂੰ ਚੁਣਿਆ ਗਿਆ ਹੈ ਜਿਥੇ ਇਹ ਪਟਕੇ ਵੇਚੇ ਜਾਣਗੇ ਤੇ 26 ਲਾਇਸੈਂਸ ਜਾਰੀ ਹੋਣਗੇ। ਉਨ੍ਹਾਂ ਕਿਹਾ ਕਿ ਇਹ ਸਾਰਾ ਕੰਮ ਪਾਰਦਰਸ਼ੀ ਢੰਗ ਨਾਲ ਮੁਕੰਮਲ ਹੋ ਗਿਆ ਹੈ। 


Related News