ਪਾਸਪੋਰਟ ਸੇਵਾਵਾਂ ਦੇਣ ''ਚ ਪੰਜਾਬ ਵਿਚੋਂ ਮੋਹਰੀ ਜ਼ਿਲਾ ਬਣਿਆ ਪਟਿਆਲਾ

07/23/2017 7:36:14 AM

ਪਟਿਆਲਾ  (ਬਲਜਿੰਦਰ) - ਜ਼ਿਲਾ ਪੁਲਸ ਮੁਖੀ ਸ਼੍ਰੀ ਐੱਸ. ਭੂਪਤੀ ਆਈ. ਪੀ. ਐੈੱਸ. ਨੇ ਦੱਸਿਆ ਕਿ ਡੀ. ਆਈ. ਜੀ. ਸੁਰੇਸ਼ ਅਰੋੜਾ ਨੇ ਪਟਿਆਲਾ ਫੇਰੀ ਦੌਰਾਨ ਕਾਨਫਰੰਸ ਹਾਲ ਪੁਲਸ ਲਾਈਨਜ਼ ਵਿਖੇ ਸਕੂਲੀ ਬੱਚਿਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਬੱਚਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਚਾਨਣਾ ਪਾਇਆ ਅਤੇ ਵੱਖ-ਵੱਖ ਖੇਤਰਾਂ ਵਿਚ ਵਧੀਆ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਜ਼ਿਲਾ ਪਟਿਆਲਾ ਦੇ ਸਮੂਹ ਗਜ਼ਟਿਡ ਅਫਸਰਾਂ, ਮੁੱਖ ਥਾਣਾ ਅਫਸਰਾਂ ਅਤੇ ਚੌਕੀ ਇੰਚਾਰਜਾਂ ਨਾਲ ਡਰੱਗ ਅਤੇ ਲਾਅ ਐਂਡ ਆਰਡਰ ਸਬੰਧੀ ਮੀਟਿੰਗ ਕੀਤੀ। ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਅਤੇ ਆਮ ਪਬਲਿਕ ਨਾਲ ਦੋਸਤਾਨਾ ਸਾਂਝ ਵਧਾਉਣ ਲਈ ਵਿਸ਼ੇਸ਼ ਹਦਾਇਤਾਂ ਦੇਣ ਤੋਂ ਇਲਾਵਾ ਮੁਲਾਜ਼ਮਾਂ ਦੀਆਂ ਦੁੱਖ-ਤਕਲੀਫਾਂ ਸੁਣੀਆਂ ਗਈਆਂ। ਪੁਲਸ ਕਰਮਚਾਰੀਆਂ ਦੀ ਭਲਾਈ ਲਈ ਅਤੇ ਥਾਣਿਆਂ ਅਤੇ ਪੁਲਸ ਲਾਈਨਜ਼ ਵਿਚ ਬੁਨਿਆਦੀ ਸਹੂਲਤਾਂ ਸੁਚੱਜੇ ਢੰਗ ਨਾਲ ਮੁਹੱਈਆ ਕਰਵਾਉਣ ਲਈ ਡੀ. ਜੀ. ਪੀ. ਵੱਲੋਂ ਜ਼ਿਲਾ ਪਟਿਆਲਾ ਨੂੰ 50 ਲੱਖ ਰੁਪਏ ਦਿੱਤੇ ਗਏ। ਇਸ ਦੌਰਾਨ ਸੁਖਚੈਨ ਸਿੰਘ ਗਿੱਲ ਆਈ. ਪੀ. ਐੱਸ. (ਡੀ. ਆਈ. ਜੀ) ਵੱਲੋਂ ਮੁੱਖ ਮਹਿਮਾਨ ਨੂੰ 'ਜੀ ਆਇਆਂ ਨੂੰ' ਆਖਿਆ ਗਿਆ। ਸ਼੍ਰੀਮਤੀ ਕੰਵਰਦੀਪ ਕੌਰ ਆਈ. ਪੀ. ਐੈੱਸ. ਕਪਤਾਨ ਪੁਲਸ, ਟ੍ਰੈਫਿਕ ਅਤੇ ਸਕਿਓਰਿਟੀ-ਕਮ-ਜ਼ਿਲਾ ਕਮਿਊਨਿਟੀ ਪੁਲਸ ਅਫਸਰ ਨੇ ਡੀ. ਜੀ. ਪੀ. ਨੂੰ ਪਟਿਆਲਾ ਪੁਲਸ ਵੱਲੋਂ ਟ੍ਰੈਫਿਕ ਸਬੰਧੀ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ।
ਜ਼ਿਲਾ ਸਾਂਝ ਕੇਂਦਰ ਵੱਲੋਂ ਆਰ. ਟੀ. ਐੱਸ. ਐਕਟ ਤਹਿਤ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਬਾਰੇ ਪੇਸ਼ਕਾਰੀ ਦਿੱਤੀ ਗਈ। ਇਸ ਵਿਚ ਪਾਇਆ ਗਿਆ ਹੈ ਕਿ ਪੰਜਾਬ ਵਿਚੋਂ ਜ਼ਿਲਾ ਪਟਿਆਲਾ ਪਾਸਪੋਰਟ ਸੇਵਾਵਾਂ ਦੇਣ ਵਿਚ ਪਹਿਲੇ ਨੰਬਰ 'ਤੇ ਆਇਆ ਹੈ। ਡੀ. ਜੀ. ਪੀ. ਨੇ ਮੌਕੇ 'ਤੇ ਹੀ ਸ਼੍ਰੀਮਤੀ ਕੰਵਰਦੀਪ ਕੌਰ, ਕਪਤਾਨ ਪੁਲਸ, ਟ੍ਰੈਫਿਕ ਅਤੇ ਸਕਿਓਰਿਟੀ-ਕਮ-ਜ਼ਿਲਾ ਕਮਿਊਨਿਟੀ ਪੁਲਸ ਅਫਸਰ ਪਟਿਆਲਾ, ਏ. ਐੈੱਸ. ਆਈ. ਸੁਖਜਿੰਦਰ ਸਿੰਘ ਇੰਚਾਰਜ ਪਾਸਪੋਰਟ ਸ਼ਾਖਾ ਨੂੰ ਡੀ. ਜੀ. ਪੀ. ਕਮਾਂਡੇਸ਼ਨ ਡਿਸਕ ਅਤੇ ਇੰਸਪੈਕਟਰ ਕੁਲਵੰਤ ਸਿੰਘ ਇੰਚਾਰਜ ਜ਼ਿਲਾ ਸਾਂਝ ਕੇਂਦਰ ਪਟਿਆਲਾ ਦੀ ਸਾਂਝ ਮੁਲਾਜ਼ਮਾਂ ਨੂੰ ਪ੍ਰਸ਼ੰਸਾ ਦਰਜਾ ਪਹਿਲਾ ਦੇ ਕੇ ਸਨਮਾਨਿਤ ਕੀਤਾ ਗਿਆ।
ਐੈੱਸ. ਐੈੱਸ. ਪੀ. ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਪਟਿਆਲਾ ਵਿਖੇ ਦੇਸੀ ਬੰਬ ਤਿਆਰ ਕਰ ਕੇ ਪ੍ਰੀਖਣ ਕਰਨ ਵਾਲੇ ਪਿਓ-ਪੁੱਤ ਨੂੰ ਬੇਨਕਾਬ ਕਰ ਕੇ 15 ਦੇਸੀ ਬੰਬ ਅਤੇ ਭਾਰੀ ਮਾਤਰਾ ਵਿਚ ਦੇਸੀ ਬੰਬ ਤਿਆਰ ਕਰਨ ਵਾਲੀ ਧਮਾਕਾਖੇਜ਼ ਸਮੱਗਰੀ ਤੇ ਕਨਟੇਨਰ ਅਤੇ ਅਸਲਾ ਐਮੋਨੀਸ਼ਨ ਬਰਾਮਦ ਕਰ ਕੇ ਕਿਸੇ ਹੋਣ ਵਾਲੀ ਵੱਡੀ ਵਾਰਦਾਤ ਨੂੰ ਟਾਲਣ ਕਾਰਨ ਹਰਵਿੰਦਰ ਸਿੰਘ ਵਿਰਕ, ਐੈੱਸ.ਪੀ., ਇਨਵੈਸਟੀਗੇਸ਼ਨ ਅਤੇ ਸੁਖਮਿੰਦਰ ਸਿੰਘ ਚੌਹਾਨ, ਡੀ. ਐੈੱਸ. ਪੀ., ਇਨਵੈਸਟੀਗੇਸ਼ਨ ਨੂੰ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ।   2 ਕਰਮਚਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ, ਪੰਜ ਹੌਲਦਾਰ ਕਰਮਚਾਰੀਆਂ ਨੂੰ ਸਹਾਇਕ ਥਾਣੇਦਾਰ ਦਾ ਲੋਕਲ ਰੈਂਕ ਦਿੱਤਾ ਗਿਆ, ਤਿੰਨ ਸਿਪਾਹੀ ਕਰਮਚਾਰੀਆਂ ਨੂੰ ਤਰੱਕੀ ਲਿਸਟ ਸੀ-2 ਦਿੱਤੀ ਗਈ ਅਤੇ ਸੱਤ ਕਰਮਚਾਰੀਆਂ ਨੂੰ ਦਰਜਾ ਪਹਿਲਾ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਏ. ਐੈੱਸ. ਰਾਏ ਆਈ. ਪੀ. ਐੈੱਸ., ਇੰਸਪੈਕਟਰ ਜਨਰਲ ਪੁਲਸ, ਜ਼ੋਨਲ-1, ਪੰਜਾਬ, ਪਟਿਆਲਾ, ਸੁਖਚੈਨ ਸਿੰਘ ਗਿੱਲ ਆਈ. ਪੀ. ਐੈੱਸ. ਡਿਪਟੀ ਇੰਸਪੈਕਟਰ ਜਨਰਲ ਪੁਲਸ, ਪਟਿਆਲਾ ਰੇਂਜ ਵੀ ਹਾਜ਼ਰ ਸਨ।


Related News