ਸੂਬੇ ਭਰ ''ਚ 100 ਟੀਮਾਂ ਵਲੋਂ ਦੁਕਾਨਾਂ ''ਚ ਛਾਪੇਮਾਰੀ, ਵੱਡੀ ਮਾਤਰਾ ''ਚ ਚਾਈਨਾ ਡੋਰ ਜ਼ਬਤ

01/17/2018 7:43:21 PM

ਪਟਿਆਲਾ/ਰੱਖੜਾ,(ਰਾਣਾ)—ਸੂਬੇ ਭਰ 'ਚ ਚਾਈਨਾ ਡੋਰ ਨਾਲ ਵਾਪਰੀਆਂ ਘਟਨਾਵਾਂ ਦੀ ਭੇਟ ਪੰਛੀ ਅਤੇ ਬੱਚੇ ਚੜ੍ਹ ਚੁੱਕੇ ਹਨ। ਇਨ੍ਹਾਂ ਵਧਦੀਆਂ ਘਟਨਾਵਾਂ ਨੂੰ ਦੇਖਦਿਆਂ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਸਖ਼ਤ ਕਦਮ ਚੁਕਣੇ ਸ਼ੁਰੂ ਕਰ ਦਿੱਤੇ ਹਨ। ਬੋਰਡ ਵੱਲੋਂ ਬਣਾਈਆਂ ਗਈਆਂ 100 ਟੀਮਾਂ ਨੇ ਇਕੋ ਸਮੇਂ ਸੂਬੇ ਭਰ 'ਚ ਦੁਕਾਨਾਂ ਅੰਦਰ ਛਾਪੇਮਾਰੀ ਕੀਤੀ, ਜਿਸ ਵਿਚ ਮਿਊਂਸੀਪਲ ਕਮੇਟੀਆਂ, ਨਗਰ ਨਿਗਮਾਂ ਦੇ ਮੁਲਾਜ਼ਮਾਂ ਦਾ ਵਿਸ਼ੇਸ਼ ਸਹਿਯੋਗ ਰਿਹਾ। ਉਥੇ ਹੀ ਛਾਪੇਮਾਰੀ ਦੌਰਾਨ ਦੁਕਾਨਾਂ 'ਚੋਂ ਮੌਕੇ 'ਤੇ ਮਿਲੀ ਵੱਡੀ ਮਾਤਰਾ ਵਿਚ ਚਾਈਨਾ ਡੋਰ ਨੂੰ ਜ਼ਬਤ ਕੀਤਾ ਗਿਆ। 
ਜ਼ਿਕਰਯੋਗ ਹੈ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਹੁਕਮਾਂ 'ਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਸੂਬੇ ਅੰਦਰ ਚਾਈਨਾ ਡੋਰ ਵੇਚਣ, ਬਣਾਉਣ ਤੇ ਸਟੋਰ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹੋਏ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂੰ ਨੇ ਕਿਹਾ ਕਿ ਹਰ ਜ਼ਿਲੇ ਅਤੇ ਹਲਕੇ ਅੰਦਰ ਜ਼ਿਲਾ ਮੈਜਿਸਟ੍ਰੇਟਾਂ ਵੱਲੋਂ ਇਸ ਡੋਰ ਨੂੰ ਵੇਚਣ ਅਤੇ ਵਰਤਣ 'ਤੇ ਪੂਰੀ ਤਰ੍ਹਾਂ ਤੋਂ ਪਹਿਲਾਂ ਹੀ ਪਾਬੰਦੀ ਲਾਈ ਗਈ ਹੈ, ਜੇਕਰ ਫਿਰ ਵੀ ਕੋਈ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 
ਕਿਥੇ-ਕਿਥੇ ਹੋਈ ਛਾਪੇਮਾਰੀ
ਪਟਿਆਲਾ, ਮਲੋਟ, ਬਠਿੰਡਾ, ਸੰਗਰੂਰ, ਬਰਨਾਲਾ, ਰਾਜਪੁਰਾ ਤੇ ਕਈ ਹੋਰ ਸ਼ਹਿਰਾਂ ਵਿਚ ਇਸ ਛਾਪੇਮਾਰੀ ਦੌਰਾਨ ਚਾਈਨਾ ਡੋਰ ਅਤੇ ਮਾਂਜਾ ਡੋਰ ਜ਼ਬਤ ਕਰ ਕੇ ਮੌਕੇ 'ਤੇ ਚਲਾਨ ਕੱਟੇ ਗਏ ਅਤੇ ਜੁਰਮਾਨੇ ਕੀਤੇ ਗਏ। 
ਸੂਬੇ ਅੰਦਰ ਬਹੁਤੇ ਦੁਕਾਨਦਾਰ ਬੰਦ ਕਰ ਚੁੱਕੇ ਹਨ ਚਾਈਨਾ ਡੋਰ ਦੀ ਵਿਕਰੀ
ਸੂਬੇ ਅੰਦਰ ਪੀ. ਪੀ. ਸੀ. ਬੀ. ਦੀ ਸਖ਼ਤੀ ਨੂੰ ਦੇਖਦਿਆਂ ਵੱਖ-ਵੱਖ ਜ਼ਿਲਿਆਂ ਅੰਦਰ ਬਹੁਤੇ ਦੁਕਾਨਦਾਰ ਚਾਈਨਾ ਅਤੇ ਮਾਂਜਾ ਡੋਰਾਂ ਨੂੰ ਵੇਚਣਾ ਬੰਦ ਕਰ ਚੁੱਕੇ ਹਨ ਪਰ ਜੋ ਦੁਕਾਨਦਾਰ ਇਸ ਡੋਰ ਨੂੰ ਚੋਰੀ ਵੇਚ ਰਹੇ ਹਨ, ਉਹ ਵੀ ਇਸਨੂੰ ਬੰਦ ਕਰਨ ਦੀ ਤਿਆਰੀ ਵਿਚ ਹਨ ਕਿਉਂਕਿ ਦਿਨੋਂ-ਦਿਨ ਬੋਰਡ ਵੱਲੋਂ ਅਜਿਹੀ ਡੋਰ ਵੇਚਣ ਵਾਲਿਆਂ ਖਿਲਾਫ਼ ਸਖ਼ਤੀ ਕੀਤੀ ਜਾ ਰਹੀ ਹੈ। 
ਚਾਈਨਾ ਡੋਰ ਦਾ ਮਨੁੱਖੀ ਜਾਨਾਂ ਤੋਂ ਇਲਾਵਾ ਪੰਛੀ ਤੇ ਜਾਨਵਰ ਵੀ ਹੋ ਚੁੱਕੇ ਹਨ ਸ਼ਿਕਾਰ
ਸੂਬੇ ਅੰਦਰ ਚਾਈਨਾ ਡੋਰ ਕਾਰਨ ਕਈ ਵਿਅਕਤੀ ਜ਼ਖ਼ਮੀ ਅਤੇ ਮੌਤ ਦੇ ਘਾਟ ਉੱਤਰ ਚੁੱਕੇ ਹਨ, ਉਥੇ ਹੀ ਸੈਂਕੜਿਆਂ ਦੀ ਗਿਣਤੀ ਵਿਚ ਜਾਨਵਰ ਅਤੇ ਪੰਛੀ ਵੀ ਇਸਦਾ ਸ਼ਿਕਾਰ ਹੋ ਚੁੱਕੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਇਕ ਸਿੰਥੈਟਿਕ ਅਲਕੋਹਲ ਨਾਲ ਸੂਤੀ ਜਾਂਦੀ ਹੈ, ਜੇਕਰ ਇਹ ਡੋਰ ਬਿਜਲੀ ਦੀਆਂ ਤਾਰਾਂ ਨਾਲ ਲੱਗ ਜਾਵੇ ਤਾਂ ਇਸ ਵਿਚ ਕਰੰਟ ਆ ਜਾਂਦਾ ਹੈ, ਜਿਸ ਕਾਰਨ ਬਹੁਤ ਸਾਰੇ ਵਿਅਕਤੀ ਇਸਦਾ ਸ਼ਿਕਾਰ ਹੋ ਚੁੱਕੇ ਹਨ। ਉਥੇ ਹੀ ਇਸ ਡੋਰ ਦੇ ਨਾਲ ਵਾਤਾਵਰਣ ਵੀ ਗੰਧਲਾ ਹੁੰਦਾ ਜਾ ਰਿਹਾ ਹੈ।


Related News